ਕਿਹਾ, ਸੁਖਬੀਰ ਬਾਦਲ ਦੀਆਂ ਰੈਲੀਆਂ 'ਤੇ ਹੋਣ ਵਾਲਾ ਇਕੱਠ ਬਸਾਂ ਰਾਹੀਂ ਢੋਇਆ ਇੱਕਠ ਹੁੰਦੈ
ਬੁਢਲਾਡਾ (ਦਰਸ਼ਨ ਹਾਕਮਵਾਲਾ): ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਵਲੋਂ ਪੰਜਾਬ ਮਹਾਂਵੀਰ ਦਲ ਧਰਮਸ਼ਾਲਾ ਵਿਖੇ ਵਰਕਰ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਤੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ (ਪੁਨਰ ਸੁਰਜੀਤੀ) ਧਰਮ ਦੀ ਮਰਿਆਦਾ ਨੂੰ ਬਹਾਲ ਰੱਖਣ ਦੀ ਲੜਾਈ ਲੜ ਰਿਹਾ ਹੈ, ਇਸ ਲਈ ਇਸ ਮਰਿਆਦਾ ਨੂੰ ਤੋੜਣ ਵਾਲੇ ਲੋਕਾਂ ਨਾਲ ਉਦੋਂ ਤਕ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਜਦੋਂ ਤਕ ਉਹ ਧਰਮ ਦੇ ਰਾਹ ’ਤੇ ਵਾਪਸ ਨਹੀਂ ਪਰਤ ਆਉਂਦੇ ।
ਉਨ੍ਹਾਂ ਕਿਹਾ ਕਿ ਜਿਸ ਮੁਕਤਸਰ ਸਾਹਿਬ ਦੀ ਧਰਤੀ ’ਤੇ ਚਾਲੀ ਮੁਕਤਿਆਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿਤਾ ਬੇ-ਦਾਵਾ ਪਾੜਿਆ ਸੀ, ਉਸੇ ਧਰਤੀ ਤੇ ਸ੍ਰੀ ਅਕਾਲ ਤਖ਼ਤ ਤੋਂ ਭਗੌੜੇ ਹੋਏ ਸੁਖਬੀਰ ਬਾਦਲ ਇਹ ਕਹਿ ਕੇ ਸ੍ਰੀ ਅਕਾਲ ਤਖ਼ਤ ਨੂੰ ਬੇਦਾਵਾ ਦਿਤਾ ਹੈ ਕਿ ਉਨ੍ਹਾਂ ਅਕਾਲ ਤਖ਼ਤ ਦੀ ਫ਼ਸੀਲ ਸਾਹਮਣੇ ਕਬੂਲ ਕੀਤੇ ਗੁਨਾਹ ਅਸਲ ਵਿਚ ਕੀਤੇ ਹੀ ਨਹੀਂ ਹਨ।
ਉਨ੍ਹਾਂ ਕਿਹਾ ਕਿ ਭਗੌੜਾ ਦਲ ਦਾ ਪ੍ਰਧਾਨ ਨਿੱਤ ਨਵੇਂ ਬੇਦਾਵੇ ਦੇਣ ਦਾ ਰਿਕਾਰਡ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀਆਂ ‘ਪੰਜਾਬ ਬਚਾਉ ਰੈਲੀਆਂ’ ’ਤੇ ਹੋਣ ਵਾਲਾ ਇਕੱਠ ਬਸਾਂ ਰਾਹੀਂ ਢੋਇਆ ਇੱਕਠ ਹੁੰਦਾ ਹੈ ਜਦੋਂ ਕਿ ਅੱਜ ਦਾ ਇੱਕਠ ਅਸਲ ਰੂਪ ਵਿਚ ਹੋਇਆ ਇੱਕਠ ਹੈ। ਉਨ੍ਹਾਂ ਕਿਹਾ ਕਿ ਵੱਡੀਆ ਰੈਲੀਆਂ ਕਰਨ ਵਾਲੇ ਦਲ ਕੋਲ ਰੇਤ ਮਾਫ਼ੀਆ ਤੇ ਲੋਕਾਂ ਦੀ ਲੁੱਟ ਰਾਹੀਂ ਕਮਾਇਆ ਪੈਸਾ ਹੈ, ਪਰ ਅਸੀਂ ਹੱਕ ਸੱਚ ਦੀ ਕਮਾਈ ਰਾਹੀਂ ਰੈਲੀਆਂ ਦਾ ਪ੍ਰਬੰਧ ਕਰਨਾ ਹੈ।
ਉਨ੍ਹਾਂ ਕਿਹਾ ਉਨ੍ਹਾਂ ਦਾ ਅਕਾਲੀ ਦਲ ਸਿੱਖ ਮਰਿਆਦਾ ਤੇ ਸਿੱਖ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਤੇ ਅਪਣੇ ਮਕਸਦ ਦੀ ਪੂਰਤੀ ਤਕ ਅਪਣੀ ਲੜਾਈ ਜਾਰੀ ਰੱਖੇਗਾ। ਪੰਜਾਬ ਦੀ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੰਗਲ ਦੇ ਰਾਜ ਵਰਗੇ ਹਾਲਾਤ ਪੈਦਾ ਹੋ ਗਏ ਹਨ ਤੇ ਸਥਿਤੀ ਦਿਨ-ਬ-ਦਿਨ ਬੱਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਇਸ ਮੀਟਿੰਗ ਦੇ ਪ੍ਰਬੰਧ ਲਈ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਮਲਕੀਤ ਸਿੰਘ ਸਮਾਉ ਦੀ ਸ਼ਲਾਘਾ ਕੀਤੀ। ਇਸ ਮੀਟਿੰਗ ਨੂੰ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਪੀਆਣਾ, ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ, ਬਲਾਕ ਬੁਢਲਾਡਾ ਦੇ ਪ੍ਰਧਾਨ ਰਜਿੰਦਰ ਸਿੰਘ ਰਿਉਂਦ ਕਲਾ, ਬਲਾਕ ਬੁਢਲਾਡਾ (ਦਿਹਾਤੀ) ਦੇ ਪ੍ਰਧਾਨ ਭੀਮ ਸਿੰਘ ਕਣਕਵਾਲ, ਹਰਜੀਤ ਸਿੰਘ ਜੰਡੂ ਤੇ ਗੁਰਜੰਟ ਸਿੰਘ ਫਫੜੇ ਭਾਈ ਨੇ ਵੀ ਸੰਬੋਧਨ ਕੀਤਾ।
