
ਜਾਣੋ ਮਨਪ੍ਰੀਤ ਬਾਦਲ ਕਿਉਂ ਛਡਣਾ ਚਾਹੁੰਦੇ ਹਨ ਵਿੱਤ ਮੰਤਰਾਲਾ
ਬਠਿੰਡਾ, (ਸਪੋਕਸਮੈਨ ਸਮਾਚਾਰ ਸੇਵਾ) : 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦਾ ਚੋਣ ਅਖਾੜਾ ਭਖਿਆ ਹੋਇਆ ਹੈ। ਹਰ ਕੋਈ ਅਪਣੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਿਹਾ ਹੈ ਤੇ ਸੱਭ ਨੇ ਚੋਣਾਂ ਨੂੰ ਲੈ ਕੇ ਕਮਰ ਕੱਸੀ ਹੋਈ ਹੈ। ਉੱਥੇ ਹੀ ਇਨ੍ਹਾਂ ਚੋਣਾਂ ਨੂੰ ਲੈ ਕੇ ‘ਰੋਜ਼ਾਨਾ ਸਪੋਕਸਮੈਨ’ ਨੇ ਬਠਿੰਡਾ ਸ਼ਹਿਰੀ ਤੋਂ ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਖ਼ਾਸ ਗੱਲਬਾਤ ਕੀਤੀ ਤੇ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਬਣੇ ਮੌਜੂਦਾ ਹਾਲਾਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ।
Manpreet Badal
ਸਵਾਲ : ਨਵਜੋਤ ਸਿੱਧੂ ਪੰਜਾਬ ਮਾਡਲ ਪੇਸ਼ ਕਰ ਰਹੇ ਨੇ ਤੇ ਕੇਜਰੀਵਾਲ ਵੀ ਪੰਜਾਬ ਮਾਡਲ ਪੇਸ਼ ਕਰ ਰਹੇ ਨੇ ਕੀ ਲਗਦਾ ਹੈ ਕਿ ਪੰਜਾਬ ਨੂੰ ਕਿਸ ਤਰ੍ਹਾਂ ਦਾ ਮਾਡਲ ਚਾਹੀਦਾ ਹੈ?
ਜਵਾਬ - ‘ਬਹੁਤ ਕਰਨਾ ਪੜਤਾ ਹੈ ਖ਼ੂਨ ਪਸੀਨਾ ਅਪਣਾ, ਕਿਸਮਤਾਂ ਉਦਾਂ ਹੀ ਨਹੀਂ ਚਮਕ ਜਾਂਦੀਆਂ’ ਖ਼ੂਨ ਪਸੀਨਾ ਕਰ ਕੇ ਕਿਸੇ ਦੀਆਂ ਕਿਸਮਤਾਂ ਚਮਕ ਜਾਂਦੀਆਂ ਨੇ ਤੇ ਕਿਸੇ ਕੋਲ ਜਾਦੂ ਹੁੰਦਾ ਹੈ ਪਰ ਮੈਂ ਅੱਜ ਕੈਮਰੇ ਅੱਗੇ ਕਹਿੰਦਾ ਹਾਂ ਪੰਜਾਬੀਆਂ ਨੂੰ ਕਿ ਸਿਵਾਏ ਮਿਹਨਤ ਤੇ ਖ਼ੂਨ ਪਸੀਨਾ ਕੀਤੇ ਬਿਨ੍ਹਾਂ ਤਕਦੀਰਾਂ ਨਹੀਂ ਚਮਕਦੀਆਂ। ਸਿਰ ਨਾਲ ਸਿਰ ਜੋੜੀਏ ਤੇ ਹੱਥ ਨਾਲ ਹੱਥ ਜੋੜੀਏ, ਇਹ ਕੋਈ 4 ਪੰਜ ਸਾਲਾਂ ਦਾ ਮਨਸੂਬਾ ਨਹੀਂ, ਇਹ ਇਕ ਦੋ ਜੋ ਨਸਲਾਂ ਹਨ ਉਹ ਗਰਕ ਹੁੰਦੀਆਂ ਹਨ। ਫਿਰ ਕਿਤੇ ਜਾ ਕੇ ਕੌਮਾਂ ਉਪਰ ਆਉਂਦੀਆਂ ਨੇ, ਇਹ ਦੁਨੀਆਂ ਦੀ ਤਵਾਰੀਕ ਹੈ। ਮੈਂ ਪੂਰੀ ਦੁਨੀਆਂ ਘੁੰਮ ਕੇ ਦੇਖੀ ਹੈ ਪਰ ਇਹ ਬਹੁਤ ਥੋੜ੍ਹੀਆਂ ਕੌਮਾਂ ਹਨ ਜੋ ਪੰਜਾਬੀਆਂ ਦੇ ਸਾਹਮਣੇ ਟਿਕ ਸਕਦੀਆਂ ਹਨ। ਪਰ ਜੋ ਮਾਡਲ ਹੈ ਉਹ ਮਿਹਨਤ ਤੇ ਖ਼ੂਨ ਪਸੀਨੇ ਵਾਲਾ ਹੀ ਹੋਣਾ ਚਾਹੀਦਾ ਹੈ।
Manpreet Badal
ਸਵਾਲ : ਬਠਿੰਡਾ ਦੀ ਗੱਲ ਕਰਦੇ ਹਾਂ, ਇਸ ਵਾਰ ਮਨਪ੍ਰੀਤ ਬਾਦਲ ਦੀ ਕੀ ਤਿਆਰੀ ਹੈ ਬਠਿੰਡਾ ਸ਼ਹਿਰੀ ਤੋਂ?
ਜਵਾਬ : ਦੇਖੋ ਇੱਦਾਂ ਹੈ ਕਿ ਇਹ ਚੋਣਾਂ ਵੀ ਇਕ ਇਮਤਿਹਾਨ ਹੁੰਦਾ ਹੈ ਤੇ ਤੁਹਾਨੂੰ ਕਲਾਸ ਵਿਚ ਵੀ ਦੋ ਤਰ੍ਹਾਂ ਦੇ ਵਿਦਿਆਰਥੀ ਮਿਲਦੇ ਹਨ ਇਹ ਜੋ ਸਾਰਾ ਸਾਲ ਪੜ੍ਹਦੇ ਹਨ ਤੇ ਦੂਜੇ ਉਹ ਜੋ ਅਖ਼ੀਰਲੇ 15 ਦਿਨਾਂ ਵਿਚ ਹੀ ਕਿਤਾਬ ਚੁਕਦੇ ਹਨ। ਸੋ, ਜੇ 5 ਸਾਲ ਤਿਆਰੀ ਕੀਤੀ ਹੋਵੇ ਤਾਂ ਇਮਤਿਹਾਨ ਵੀ ਸੌਖੇ ਲਗਦੇ ਹਨ ਤੇ ਜੇ ਗਾਈਡ ਵਾਲਾ ਹੀ ਹਿਸਾਬ ਹੋਵੇ ਤਾਂ ਫਿਰ ਇਮਤਿਹਾਨ ਵਿਚ ਵੀ ਨਮੋਸ਼ੀ ਆ ਜਾਂਦੀ ਹੈ। ਵੈਸੇ ਤਾਂ ਕਹਿੰਦੇ ਨੇ ਕਿ ਪਰਮਾਤਮਾ ਤੇ ਹੰਕਾਰ ਦਾ ਵੈਰ ਪੈ ਜਾਂਦਾ ਹੈ ਤੇ ਜੇ ਪਰਮਾਤਮਾ ਇਕ ਚੀਜ਼ ਇਨਸਾਨ ਵਿਚ ਨਾਪਸੰਦ ਕਰਦਾ ਹੈ ਤਾਂ ਹੰਕਾਰ ਕਰਦਾ ਹੈ। ਮੈਂ 5 ਵਾਰ ਪੰਜਾਬ ਵਿਚ ਵਿਧਾਨ ਸਭਾ ਤੋਂ ਐਮਐਲਏ ਬਣਿਆ ਹਾਂ ਤੇ ਜਦੋਂ ਪਹਿਲੀ ਵਾਰ ਜਿਤਿਆ ਸੀ ਤਾਂ 2200 ਵੋਟਾਂ ਨਾਲ ਜਿਤਿਆ ਸੀ, ਦੂਜੀ ਵਾਰ 12 ਹਜ਼ਾਰ ਤੇ ਤੀਜੀ ਵਾਰ 15 ਹਜ਼ਾਰ ਤੇ ਚੌਥੀ ਵਾਰ 17 ਹਜ਼ਾਰ ਤੇ ਅਤੇ ਪੰਜਵੀਂ ਵਾਰ ਸਾਢੇ 18 ਹਜ਼ਾਰ ’ਤੇ ਮੈਂ ਜਿਤਿਆ ਸੀ। ਅਸੀਂ ਇੱਜ਼ਤ ਦੇ ਭਾਈਵਾਲ ਹਾਂ, ਦੁਖ-ਸੁੱਖ ਦੇ ਸਾਥੀ ਹਾਂ ਤੇ ਅੱਗੇ ਦਾ ਸਫ਼ਰ ਤਾਂ ਕੋਈ ਜੋਤਸ਼ੀ ਹੀ ਦੱਸ ਸਕਦਾ ਹੈ ਪਰ ਮੈਨੂੰ ਵਿਸ਼ਵਾਸ ਹੈ ਕਿ ਮੈਂ ਆਪਣਾ ਪਰਚਾ ਕਲੀਅਰ ਕਰ ਲਵਾਂਗਾ।
Manpreet Badal
ਸਵਾਲ : ਪਰ ਕਿਸ ਤਰ੍ਹਾਂ? ਕਿਉਂਕਿ ਤੁਸੀਂ ਆਪ ਹੀ ਗੱਲ ਕੀਤੀ ਹੈ ਕਿ ਜਾਂ ਤਾਂ ਅਖ਼ੀਰਲੇ 15 ਦਿਨ ਤੇ ਜਾਂ ਫਿਰ ਪੂਰੇ ਸਾਲ ਤੁਹਾਡੀ ਟਰਮ ਵਿਚ ਦੋ ਸਰਕਾਰਾਂ ਰਹੀਆਂ ਨੇ, ਕੈਪਟਨ ਅਮਰਿੰਦਰ ਦੀ ਸਰਕਾਰ ਤੇ ਦੂਜੀ ਸੀਐਮ ਚੰਨੀ ਦੀ 111 ਦਿਨ ਦੀ ਸਰਕਾਰ ਤੇ ਤੁਸੀਂ ਫਿਰ 111 ਦਿਨਾਂ ਵਾਲੇ ਹੋ ਜਾਂ ਸਾਢੇ ਚਾਰ ਸਾਲ ਵਾਲੇ ਹੋ?
ਜਵਾਬ : ਨਹੀਂ, ਦਰਅਸਲ ਜੋ ਇਲੈਕਸ਼ਨ ਦੇ ਮੁੱਦੇ ਹੁੰਦੇ ਨੇ, ਉਹ ਕਈ ਵਾਰ ਪ੍ਰਚੂਨ ਦੇ ਮੁੱਦੇ ਹੁੰਦੇ ਹਨ। ਗਲੀ, ਨਾਲੀ, ਬਲਬ, ਖੰਬਾ, ਨਾਲਾ ਆਦਿ ਇਹ ਚੀਜ਼ਾਂ ਬੰਦੇ ਦੀ ਜ਼ਿੰਦਗੀ ਵਿਚ ਬਹੁਤ ਅਹਿਮ ਹੁੰਦੀਆਂ ਨੇ ਤੇ ਜੇ ਕੋਈ ਕਹੇ ਕਿ ਮੈਂ ਮਾਈਕ੍ਰੋ, ਮੈਂ ਬਿਜਲੀ ਦੇ ਬਿੱਲ ਮੁਆਫ਼ ਕਰ ਦਿਤੇ ਨੇ ਤੇ ਜੇ ਮੈਂ ਕਿਸੇ ਬੀਬੀ ਨੂੰ ਇਹ ਕਹਾਂ ਕਿ ਮੈਂ ਪੰਜਾਬ ਦੀ ਆਮਦਨ ਵਧਾ ਦਿਤੀ ਤੇ ਖ਼ਰਚਾ ਘਟਾ ਦਿਤਾ ਤਾਂ ਉਹ ਮੈਨੂੰ ਕਹੇਗੀ ਕਿ ਦਫ਼ਾ ਹੋ, ਮੇਰੀ ਗਲੀ ਦਾ ਕੀ ਬਣਿਆ? ਸੋ ਚੋਣਾਂ, ਰਾਜਨੀਤੀ ਦੇ ਤਿੰਨ ਪਹਿਲੂ ਹੁੰਦੇ ਹਨ, ਪਾਰਟੀ ਚਲਾਉਣਾ, ਸਰਕਾਰ ਚਲਾਉਣਾ ਤੇ ਚੋਣਾਂ ਲੜਨੀਆਂ। ਇਹ ਵੱਖ-ਵੱਖ ਨੇ, ਤੁਸੀਂ ਚੰਗੀ ਸਰਕਾਰ ਚਲਾਈ ਹੋ ਸਕਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਤੁਸੀਂ ਚੋਣਾਂ ਜਿੱਤੋਗੇ। ਚੋਣਾਂ ਜਿੱਤਣ ਦੇ ਹਥਕੰਡੇ ਹੋਰ ਹੁੰਦੇ ਨੇ। ਤੁਹਾਨੂੰ ਲੋਕਾਂ ਨਾਲ ਪਿਆਰ ਦੀਆਂ ਪੀਘਾਂ ਪਾਉਣੀਆਂ ਪੈਂਦੀਆਂ ਨੇ, ਲੋਕਾਂ ਨਾਲ ਰਾਬਤਾ ਕਾਇਮ ਕਰਨਾ ਪਵੇਗਾ ਤੇ ਜੇ ਤੁਹਾਡਾ ਰਾਬਤਾ ਨਾ ਹੋਵੇ ਫਿਰ ਤੁਸੀਂ ਜਿੰਨੇ ਮਰਜ਼ੀ ਨੇਕ ਕਿਉਂ ਨਾ ਹੋਵੋ, ਸਾਫ਼ ਦਿਲ ਕਿਉਂ ਨਾ ਹੋਵੇ ਪਰ ਤੁਸੀਂ ਇਲੈਕਸ਼ਨ ਸ਼ਾਇਦ ਹੀ ਜਿੱਤ ਪਾਵੋਗੇ।
Manpreet Badal
ਸਵਾਲ : ਪਰ ਲੋਕ ਕਹਿੰਦੇ ਨੇ ਕਿ ਜਿੰਨੇ ਵੀ ਵਾਅਦੇ ਮਨਪ੍ਰੀਤ ਬਾਦਲ ਨੇ ਬਠਿੰਡਾ ਦੇ ਲੋਕਾਂ ਨਾਲ ਕੀਤੇ ਨੇ ਫਿਰ ਚਾਹੇ ਉਹ ਕਾਰਖ਼ਾਨੇ ਦਾ ਹੋਵੇ ਜਾਂ ਫਿਰ ਥਰਮਲ ਪਲਾਂਟ ਦਾ ਹੋਵੇ, ਰੁਜ਼ਗਾਰ ਨੂੰ ਲੈ ਕੇ ਹੋਵੇ, ਉਹ ਪੂਰੇ ਨਹੀਂ ਕਰ ਪਾਏ?
ਜਵਾਬ : ਦੇਖੋ, ਗੱਲ ਇਹ ਹੈ ਕਿ ਜੋ ਥਰਮਲ ਸਟੇਸ਼ਨ ਸੀ, ਅਸੀਂ ਸਾਰੇ ਚਾਹੁੰਦੇ ਸੀ ਕਿ ਇਹ ਚਲੇ ਪਰ ਮੁਸ਼ਕਲ ਇਹ ਸੀ ਕਿ ਇਹ ਥਰਮਲ ਪਲਾਂਟ ਸਾਲ ਦੇ ਵਿਚ 18 ਤੋਂ 20 ਦਿਨ ਚਲਦਾ ਸੀ ਤੇ ਜੋ ਇਸ ਵਿਚ ਇਕ ਤੈਅ ਕੀਤੀ ਕੀਮਤ ਹੁੰਦੀ ਹੈ ਕਿਉਂਕਿ ਇਸ ਵਿਚ ਐਨੇ ਚੀਫ਼ ਇੰਜੀਨੀਅਰ, ਐਸਸੀ, ਜਿਹੜਾ ਪਲਾਂਟ 330 ਦਿਨ ਬੰਦ ਹੋਵੇ ਤੇ ਇਹ ਪਲਾਂਟ ਜੇ ਚਲਦਾ ਵੀ ਸੀ ਤਾਂ ਇਸ ਦੀ ਬਿਜਲੀ 14 ਤੋਂ 15 ਰੁਪਏ ਯੂਨਿਟ ਸੀ ਜੋ ਸਾਨੂੰ ਬਾਹਰਲੀ ਮੰਡੀ ਤੋਂ 250 ਦੀ ਮਿਲ ਸਕਦੀ ਹੈ ਤੇ ਇਸ ਦੀ ਤੈਅ ਕੀਤੀ ਕੀਮਤ 110 ਤੋਂ ਲੈ ਕੇ 150 ਕਰੋੜ ਰੁਪਏ ਸੀ।
ਸੋ ਇਸ ਪਲਾਂਟ ਦੇ ਚੱਲਣ ਦਾ ਕੋਈ ਕਾਰਨ ਤਾਂ ਹੈ ਨਹੀਂ ਸੀ ਤੇ ਵਿਰੋਧੀ ਤਾਂ ਕਹਿੰਦੇ ਹੀ ਹੁੰਦੇ ਨੇ ਪਰ ਇਕ ਵੀ ਬੰਦਾ ਜੋ ਥਰਮਲ ਵਿਚ ਕੰਮ ਕਰਦਾ ਸੀ, ਉਸ ਨੂੰ ਨੌਕਰੀ ਤੋਂ ਨਹੀਂ ਕਢਿਆ। ਪੱਕਿਆਂ ਨੂੰ ਤਾਂ ਕਢਣਾ ਹੀ ਕੀ ਸੀ ਤੇ ਜੋ ਕੱਢੇ ਸੀ ਉਹ ਵੀ ਕੰਮ ਕਰ ਰਹੇ ਸਨ, ਕਿਉਂਕਿ ਉਨ੍ਹਾਂ ਨੂੰ ਨਾਲ ਵਾਲੇ ਪਲਾਂਟ ਵਿਚ ਨੌਕਰੀ ਦਿਲਵਾ ਦਿਤੀ ਸੀ। ਇਥੋਂ ਤਕ ਕਿ ਜੋ ਬਾਹਰੋਂ ਆਏ ਲੋਕ ਕੰਮ ਕਰ ਰਹੇ ਸਨ ਉਨ੍ਹਾਂ ਨੂੰ ਵੀ ਨਹੀਂ ਕਢਿਆ ਗਿਆ। ਸੋ ਇਸ ਪਲਾਂਟ ਨੂੰ ਚਲਾਉਣ ਲਈ ਸਰਕਾਰ ਨੇ ਵੀ ਤਾਂ ਪੈਸੇ ਦੇਖਣੇ ਨੇ, ਇਕ ਜਦੋਂ ਕੋਈ ਵੀ ਮੰਤਰੀ ਸੱਤਾ ਵਿਚ ਕੋਈ ਵੀ ਆਉਂਦਾ ਹੈ ਤਾਂ ਉਹ ਵਫ਼ਾਦਾਰੀ ਦੀ ਹਲਫ਼ ਲੈਂਦੇ ਨੇ ਕਿ ਮੈਂ ਅਪਣੇ ਦੇਸ਼ ਪ੍ਰਤੀ ਵਫ਼ਾਦਾਰ ਰਹਾਂਗੇ ਤੇ ਸਸਤੀ ਸ਼ੌਹਰਤ ਲਈ, ਪਾਰਟੀ ਦੀ ਸ਼ੁਹਰਤ ਲਈ ਦੇਸ਼ ਦਾ ਨੁਕਸਾਨ ਨਹੀਂ ਕਰਾਂਗਾ ਤੇ ਜੇ ਤੁਸੀਂ ਚਾਹੁੰਦੇ ਹੋ ਕਿ 5-6 ਕਰੋੜ ਰੁਪਏ ਲਗਾ ਕੇ ਵਿਰੋਧੀ ਖ਼ੁਸ਼ ਹੁੰਦੇ ਨੇ ਤਾਂ ਮੈਂ ਸਮਝਦਾ ਹਾਂ ਕਿ ਇਹ ਮੁਨਾਸਿਬ ਨਹੀਂ ਹੈ।
Manpreet Badal
ਸਵਾਲ : ਵਿਰੋਧੀਆਂ ਦੀ ਗੱਲ ਕਰ ਰਹੇ ਹੋ, ਤੁਹਾਡੇ ਸਾਬਕਾ ਮੁੱਖ ਮੰਤਰੀ ਕਹਿੰਦੇ ਕਿ ਮੇਰੇ ਵਾਰੀ ਤਾਂ ਮਨਪ੍ਰੀਤ ਬਾਦਲ ਕਹਿੰਦੇ ਕਿ ਖ਼ਜ਼ਾਨਾ ਖ਼ਾਲੀ ਹੈ ਤੇ ਚੰਨੀ ਨੂੰ 33 ਹਜ਼ਾਰ ਕਰੋੜ ਜਾਰੀ ਕਰ ਦਿਤਾ ਸਿਰਫ 111 ਦਿਨਾਂ ਲਈ?
ਜਵਾਬ : ਦੇਖੋ, ਜੋ ਵਿੱਤ ਮੰਤਰੀ ਲੱਗੇ ਹੁੰਦੇ ਹਨ, ਉਹ ਮੁੱਖ ਮੰਤਰੀ ਦੇ ਹੀ ਹੁੰਦੇ ਹਨ ਤੇ ਹਰ 3 ਮਹੀਨੇ ਬਾਅਦ ਜੋ ਸਟੇਟ ਦੀ ਕੰਟਰੋਲਰ ਜਨਰਲ ਦੀ ਆਡਿਟ ਰਿਪੋਰਟ ਆਉਂਦੀ ਹੈ ਤੇ ਉਹ ਮੁੱਖ ਮੰਤਰੀ ਤਕ ਜਾਂਦੀ ਹੈ ਤੇ ਮੈਂ ਸਮਝਦਾ ਕਿ ਇੰਨੀ ਮਾਸੂਮੀਅਤ ਚੰਗੀ ਨਹੀਂ ਉਨ੍ਹਾਂ ਨੇ ਮਾਸੂਮ ਜਿਹੇ ਹੋ ਕੇ ਕਹਿ ਦਿਤਾ ਕਿ ਮੈਨੂੰ ਨਹੀਂ ਦਿਤੇ ਜਦੋਂ ਸਰਕਾਰ ਤੁਹਾਡੀ ਹੈ, ਵਿੱਤ ਮੰਤਰੀ ਤੁਹਾਡਾ ਹੈ ਤੇ ਖ਼ਜ਼ਾਨੇ ਦੀ ਸਟੇਟਮੈਂਟ ਮੁੱਖ ਮੰਤਰੀ ਦੇਖਦਾ ਹੈ। ਜਾਂ ਤਾਂ ਇਹ ਹੋਵੇ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਤੇ ਉਹ ਦੇਖਦੇ ਹੀ ਨਹੀਂ ਸੀ। ਚਲੋ ਇਹ ਗੱਲ ਤਾਂ ਤਸਲੀਮ ਹੋਈ ਕਿ ਜੋ ਖ਼ਜ਼ਾਨੇ ਵਿਚ 33 ਹਜ਼ਾਰ ਕਰੋੜ ਸੀ ਉਹ ਜੋ ਦਿਤਾ ਹੈ। ਉਨ੍ਹਾਂ ਨੇ ਕਦੇ ਮੰਗਿਆ ਹੀ ਨਹੀਂ ਸੀ ਤਾਂ ਫਿਰ ਦਿੰਦੇ ਕਿਵੇਂ?
Manpreet badal
ਸਵਾਲ : ਬਹੁਤ ਸਧਾਰਨ ਜਿਹਾ ਸਵਾਲ ਹੈ ਕਿ ਵਿਰੋਧੀ ਕਹਿੰਦੇ ਨੇ ਜਾਂ ਭਗਵੰਤ ਮਾਨ ਖ਼ਾਸ ਤੌਰ ’ਤੇ ਕਹਿੰਦੇ ਨੇ ਕਿ ਖ਼ਜ਼ਾਨਾ ਖ਼ਾਲੀ ਹੈ, ਇਸ ਨੂੰ ਖ਼ਜ਼ਾਨਾ ਨਹੀਂ, ਇਸ ਨੂੰ ਪੀਪਾ ਕਹੋ, ਤੁਸੀਂ ਵਿੱਤ ਮੰਤਰੀ ਰਹੇ ਹੋ। ਕੀ ਕਦੇ ਖ਼ਜ਼ਾਨਾ ਖ਼ਾਲੀ ਹੋ ਸਕਦਾ ਹੈ?
ਜਵਾਬ : ਦੇਖੋ ਗੱਲ ਇਹ ਹੈ ਕਿ ਜੋ ਵਿੱਤ ਦੇ ਸਵਾਲ ਹੁੰਦੇ ਹਨ ਉਨ੍ਹਾਂ ਨੂੰ ਕਦੇ ਕੋਈ ਸਮਝਦਾ ਹੀ ਨਹੀਂ। ਗੱਲ ਖ਼ਜ਼ਾਨੇ ਦੀ ਨਹੀਂ ਹੁੰਦੀ, ਗੱਲ ਹੁੰਦੀ ਹੈ ਸਟੇਟ ਦੀ ਜੀਡੀਪੀ ਹੈ, ਉਹ ਕਿਸ ਪੱਧਰ ’ਤੇ ਹੈ। ਪਿਛਲੇ 20-25 ਸਾਲਾਂ ਤੋਂ ਸਟੇਟ ਦੀ ਜੀਡੀਪੀ ਵਿਚ ਡਰੌਪ ਆਇਆ ਹੈ ਤੇ ਇਕ ਹੁੰਦਾ ਹੈ ਸਟੇਟ ਦੀ ਵਿੱਤੀ ਤੇ ਇਕ ਪੰਜਾਬ ਸਰਕਾਰ ਦੀ ਵਿੱਤੀ ਕੀ ਹੈ ਤੇ ਇਕ ਸਟੇਟ ਦੇ ਲੋਕਾਂ ਦੀ ਵਿੱਤੀ ਕੀ ਹੈ। ਇਹ ਸੱਭ ਵੱਖ-ਵੱਖ ਹੈ ਤੇ ਪਿਛਲੇ ਕੁੱਝ ਸਾਲਾਂ ਵਿਚ ਅਸੀਂ ਅਪਣੀ ਸਟੇਟ ਦੀ ਵਿੱਤੀ ਨੂੰ ਕਾਬੂ ਵਿਚ ਕੀਤਾ ਹੈ। ਇਹ ਸਿਰਫ਼ ਮੇਰੇ ਕਹਿਣ ਦੀਆਂ ਗੱਲਾਂ ਨਹੀਂ ਪਿਛਲੇ ਸਾਲਾਂ ਵਿਚ ਜਦੋਂ ਅਸੀਂ ਅਕਾਲੀਆਂ ਤੋਂ ਬਾਅਦ ਸੱਤਾ ਵਿਚ ਆਏ ਹਾਂ ਤਾਂ ਪਿਛਲੇ 70 ਸਾਲਾਂ ਵਿਚ ਕਿਸੇ ਦੀ ਸਟੇਟ ਦੀ ਆਰਬੀਆਈ ਨੇ ਟਰੈਜਡੀ ਬੰਦ ਕਰ ਦਿਤੀ ਤੇ ਜੋ ਪਿਛਲੇ 3 ਸਾਲ ਸੀ ਤੇ ਹਰ 2 ਦਿਨ ਬਾਅਦ ਪੰਜਾਬ ਉਵਰ ਡਰਾਫ਼ਟ ਚਲਾ ਜਾਂਦਾ ਸੀ।
ਓਵਰ ਡਰਾਫ਼ਟ ਦਾ ਮਤਲਬ ਕਿ ਤੁਹਾਡੇ ਪੈਸੇ ਮੁੱਕ ਗਏ ਤੇ ਤੁਸੀਂ ਆਰਬੀਆਈ ਨੂੰ ਕਹੋ ਕਿ ਸਾਡੇ ਪੈਸੇ ਮੁੱਕ ਗਏ ਤੇ ਸਾਨੂੰ ਪੈਸੇ ਚਾਹੀਦੇ ਨੇ। ਦੇਖੋ 2 ਸਾਲ ਲਗੇ ਪਰ ਅਗਲੇ 3 ਸਾਲਾਂ ਵਿਚ ਪੰਜਾਬ ਕਦੇ ਵੀ ਓਵਰ ਡਰਾਫ਼ਟ ਨਹੀਂ ਗਿਆ। ਉਸ ਤੋਂ ਬਾਅਦ ਜਿਹੜੀ ਟੈਕਸ ਰੀਵਿਊ ਹੈ ਸਾਡੀ ਸਟੇਟ ਦੀ ਆਮਦਨ ਹੈ। ਮੈਂ ਇਹ ਕੋਈ ਸਿਆਸੀ ਸ਼ੋਸੇਬਾਜ਼ੀ ਨਾਲ ਨਹੀਂ ਕਹਿ ਰਿਹਾ, ਇਹ ਆਡਿਟ ਜਨਰਲ ਦੀ ਰਿਪੋਰਟ ਮੁਤਾਬਕ ਹੈ ਕਿ ਪੰਜਾਬ ਨੇ 5 ਸਾਲਾਂ ਵਿਚ ਅਪਣੀ ਆਮਦਨ ਦੁਗਣੀ ਕਰ ਲਈ ਹੈ। ਅਸੀਂ ਅਪਣੇ ਖ਼ਰਚਿਆਂ ’ਤੇ ਲਗਾਮ ਲਗਾ ਕੇ ਰਖੀ ਤੇ ਸਾਡੇ ਖ਼ਰਚੇ 8 ਫ਼ੀ ਸਦੀ ਵਧੇ, ਸਾਡੀ ਆਮਦਨ 14 ਫ਼ੀ ਸਦੀ ਵਧੀ ਤੇ ਸਾਡਾ ਪੰਜਾਬ ਅਪਣੇ ਪੈਰਾਂ ’ਤੇ ਹੋ ਗਿਆ ਤੇ ਇਥੋਂ ਤਕ ਕਿ ਪੰਜਾਬ ਨੇ ਅਪਣਾ ਇਕ ਸਿਕਿੰਗ ਫ਼ੰਡ ਵੀ ਤਿਆਰ ਕੀਤਾ ਹੈ ਆਰਬੀਆਈ ਕੋਲ। ਸਿੰਕਿੰਗ ਫ਼ੰਡ ਦਾ ਮਤਲਬ ਹੈ ਕਿ ਜੇ ਮੇਰੇ ਕੋਲ ਪੈਸੇ ਬਚ ਵੀ ਜਾਂਦੇ ਨੇ ਤਾਂ ਮੈਂ ਉਹ ਸਿਕਿੰਗ ਫ਼ੰਡ ਵਿਚ ਪਾਉਣੇ ਸ਼ੁਰੂ ਕਰ ਦਿਤੇ।
Manpreet Badal
ਮੈਂ ਪਿਛਲੇ ਤਿੰਨ ਸਾਲਾਂ ਤੋਂ ਇਸ ਸਿਕਿੰਗ ਫ਼ੰਡ ਵਿਚ ਪੈਸੇ ਪਾ ਰਿਹਾ ਹਾਂ ਤੇ ਅੱਜ ਆਰਬੀਆਈ ਕੋਲ ਸਾਡੇ ਸਿਕਿੰਗ ਫ਼ੰਡ ਦਾ 2500 ਕਰੋੜ ਰੁਪਏ ਦਾ ਫ਼ੰਡ ਜਮ੍ਹਾਂ ਹੈ। ਅਸੀਂ ਕੋਈ ਓਵਰ ਡਰਾਫ਼ਟ ਨਹੀਂ ਲੈਣਾ ਬਲਕਿ ਸਾਡੇ ਪੈਸੇ ਪਹਿਲਾਂ ਤੋਂ ਹੀ ਜਮ੍ਹਾਂ ਹਨ। ਹੁਣ ਤੁਸੀਂ ਪੁਛੋਗੇ ਕਿ ਇਸ ਦਾ ਕੀ ਫ਼ਾਇਦਾ ਹੋਣਾ ਹੈ? ਇਸ ਦਾ ਫ਼ਾਇਦਾ ਇਹ ਹੈ ਕਿ 25 ਹਜ਼ਾਰ ਕਰੋੜ ਤੇ ਜੋ ਕਿਤੇ ਮੈਨੂੰ ਪੈਸੇ ਦੀ ਲੋੜ ਪੈ ਜਾਵੇ ਤਾਂ ਮੈਂ ਬਿਨ੍ਹਾਂ ਵਿਆਜ਼ ਤੋਂ 3 ਗੁਣਾ ਤੋਂ ਜ਼ਿਆਦਾ ਪੈਸੇ ਵਰਤ ਸਕਦਾ ਹਾਂ ਤੇ ਜੇ ਰੱਬ ਨੇ ਚਾਹਿਆ ਤਾਂ ਸਿੰਕਿੰਗ ਫ਼ੰਡ ਵਿਚ 30 ਹਜ਼ਾਰ ਕਰੋੜ ਵੀ ਹੋਣ ਤਾਂ ਜੇ ਕਿਤੇ ਸਾਡੇ ਪੰਜਾਬ ਲਈ ਸਾਨੂੰ ਕਦੇ ਲੋੜ ਵੀ ਪੈ ਜਾਵੇ ਅਚਾਨਕ ਤਾਂ ਅਸੀਂ ਇਕ ਮਿੰਟ ਨਾ ਲਗਾਈਏ ਦੇਣ ਵਿਚ, ਪੰਜਾਬ ਦੀ ਤਰੱਕੀ ਕਰਨ ਵਿਚ।
ਸੋ, ਮੁਕਦੀ ਗੱਲ ਇਹ ਹੈ ਕਿ ਅਸੀਂ ਪੰਜਾਬ ਦੀ ਆਰਥਿਕ ਹਾਲਤ ਠੀਕ ਕਰ ਲਈ ਹੈ ਪਰ ਵਿਰੋਧੀ ਤਾਂ ਕਹਿੰਦੇ ਹੀ ਰਹਿਣਗੇ। ਇਕ ਮਾਂ-ਬਾਪ ਵੀ ਅਪਣੀ ਔਲਾਦ ਨੂੰ ਖ਼ੁਸ਼ ਨਹੀਂ ਕਰ ਸਕਦਾ ਹੈ ਤੇ ਵਿੱਤ ਮੰਤਰੀ ਦੀ ਜੋ ਨੌਕਰੀ ਹੈ ਉਸ ਦਾ ਕੰਮ ਅਜਿਹਾ ਹੈ ਕਿ ਹਰ ਕੋਈ ਨਿੱਜੀ ਦੁਸ਼ਮਣੀ ਬਣਾ ਲੈਂਦਾ ਹੈ। ਕੋਈ ਕਹਿੰਦਾ ਮੈਨੂੰ ਗੱਡੀ ਦੇ ਦਿਉ, ਕੋਈ ਚਪੜਾਸੀ ਮੰਗਦਾ, ਕੋਈ ਕੁੱਝ ਤੇ ਕੋਈ ਕੁੱਝ। ਜੋ ਮੈਂ ਕਿਹਾ ਕਿ ਸੱਭ ਨੇ ਵਫ਼ਾਦਾਰੀ ਦੀ ਹਲਫ਼ ਲਈ ਹੁੰਦੀ ਹੈ ਤੇ ਪੰਜਾਬ ਦੇ ਵਿੱਤ ਲਈ ਨਿਯਮ ਬਣੇ ਹੋਏ ਹੁੰਦੇ ਨੇ ਤੇ ਸਾਨੂੰ ਉਸ ਨਿਯਮਾਂ ਮੁਤਾਬਕ ਚਲਣਾ ਪੈਂਦਾ ਹੈ ਤੇ ਕੋਈ ਵੀ ਦੇਸ਼ ਨਿਯਮਾਂ ਤੇ ਕਾਨੂੰਨ ਤੋਂ ਬਿਨਾਂ ਨਹੀਂ ਚੱਲ ਸਕਦਾ। ਸੋ, ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਵਫ਼ਾਦਾਰੀ ਨਾਲ ਕੰਮ ਕਰਨ ਦੀ ਤੇ ਜੋ ਕੁੱਝ ਵਾਜ਼ਬ ਨਹੀਂ ਸੀ ਉਹ ਵੀ ਅਪਣੇ ਹੀ ਸਿਰ ਲਿਆ ਹੈ।
Manpreet Badal
ਸਵਾਲ : ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਜੇ ਸਰਕਾਰਾਂ ਇਮਾਨਦਾਰੀ ਨਾਲ ਕੰਮ ਕਰਨ ਉਹ ਪੰਜਾਬ ਦੀ ਗੱਲ ਕਰ ਰਹੇ ਨੇ ਤੇ ਉਨ੍ਹਾਂ ਨੇ 20 ਹਜ਼ਾਰ ਰੁਪਏ ਕਿਤੋਂ ਕਢਿਆ ਤੇ ਕੁੱਝ ਕਿਤੋਂ। ਉਨ੍ਹਾਂ ਕਿਹਾ ਕਿ ਇਹ ਸੱਭ ਕੁੱਝ ਭਿ੍ਰਸ਼ਟਾਚਾਰ ਵਿਚ ਜਾਂਦਾ ਹੈ, ਮਾਫ਼ੀਆ ਵਿਚ ਜਾਂਦਾ ਹੈ ਤੇ ਜੇ ਮਾਫ਼ੀਆ ਬੰਦ ਹੋ ਜਾਵੇ ਤੇ ਇਸ ਤਰੀਕੇ ਦਾ ਬਜਟ ਕਢਾਂਗੇ ਕਿ ਜਿਹੜੀ ਸੋਸ਼ਲ ਸਕਿਊਰਟੀ ਦੀ ਉਹ ਗੱਲ ਕਰਦੇ ਨੇ ਉਹ ਲੋਕਾਂ ਤਕ ਪਹੁੰਚਾਵਾਂਗੇ, ਸਰਕਾਰ ਤੇ ਵਿੱਤ ਮੰਤਰੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ?
ਜਵਾਬ : ਦੇਖੋ, ਸੁਪਨੇ ਲੈਣ ਤੋਂ ਤਾਂ ਕੋਈ ਰੋਕ ਨਹੀਂ ਸਕਦਾ। ਇਹ ਬੇਬੁਨਿਆਦ ਗੱਲਾਂ ਨੇ ਤੇ ਪੰਜਾਬ ਨੂੰ ਅਪਣੀ ਜੀਡੀਪੀ ਵਧਾਉਣੀ ਪੈਣੀ ਹੈ। ਪੰਜਾਬ ਵਿਚ ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚਲਾਉਣਾ ਪੈਣਾ ਹੈ ਤੇ ਜਦੋਂ ਤਕ ਉਹ ਨਹੀਂ ਚਲਦਾ ਤੇ ਇਹ 20 ਹਜ਼ਾਰ, 30 ਹਜ਼ਾਰ ਬਹੁਤ ਵੱਡੀਆਂ ਰਕਮਾਂ ਨੇ। ਇਸ ਮਾਫ਼ੀਆ ਕੋਲ ਏਨੀਆਂ ਰਕਮਾਂ ਨਹੀਂ ਜਿੰਨੀਆਂ ਇਹ ਕਹਿ ਰਹੇ ਨੇ ਤੇ ਇਸ ਸਮੇਂ ਜੋ ਸਰਾਬ ਦੇ ਟੈਕਸ ਰੈਵਿਨਿਊ ਹਨ ਉਹ ਤਕਰੀਬਨ 6 ਹਜ਼ਾਰ ਕਰੋੜ ਹੈ ਤੇ ਸਾਡੀ ਅਬਾਦੀ ਪੌਣੇ 3 ਕਰੋੜ ਹੈ ਤੇ ਜੇ ਪੌਣੇ 3 ਕਰੋੜ ਬੰਦੇ ਜੇ ਤੁਸੀਂ 6 ਹਜ਼ਾਰ ਕਰੋੜ ਦੀ ਸ਼ਰਾਬ ਪੀ ਰਹੇ ਹੋ ਜਾਂ 8 ਦੀ ਪੀਲੋਗੇ ਜਾਂ ਉਸ ਤੋਂ ਵੱਧ ਦੀ। ਗੁੰਜਾਇਜ਼ ਹੋਰ ਹੋ ਸਕਦੀ ਹੈ ਪਰ ਜੇ ਰੇਤ ਮਾਫ਼ੀਆ ਦੀ ਗੱਲ ਕਰਦੇ ਨੇ ਤੇ ਰੇਤੇ ਦੀ ਖਪਤ ਵੀ ਹੋਵੇ ਨਾ, ਪੰਜਾਬ ਵਿਚ ਬਹੁਤ ਕੰਮ ਕਾਰ ਚੱਲ ਰਹੇ ਹੋਣ, ਫਿਰ ਤਾਂ ਮੈਂ ਮੰਨ ਲੈਂਦਾ ਹਾਂ ਏਨਾ ਰੇਤਾ ਵੇਚਾਂਗੇ ਕਿਥੇ। 20 ਹਜ਼ਾਰ ਕਰੋੜ ਦਾ ਤਾਂ ਸੀਮਿੰਟ ਨਹੀਂ ਵਿਕਦਾ, ਲੋਹਾ ਜਾਂ ਸਰੀਆ ਨਹੀਂ ਵਿਕਦਾ ਫਿਰ ਰੇਤਾ ਕਿਥੇ ਵੇਚਾਂਗੇ।
ਇਹ ਗੱਲਾਂ ਸਿਆਸੀ ਰੈਲੀਆਂ ਵਿਚ ਚੰਗੀਆਂ ਲਗਦੀਆਂ ਨੇ ਜੇ ਕੋਈ ਕਹੇ ਕਿ 20 ਹਜ਼ਾਰ ਦਾ ਰੇਤਾ ਮੈਂ ਹੈਰਾਨ ਹਾਂ ਇਹ ਸਿਰਫ਼ ਖ਼ਿਆਲੀ ਪੁਲਾਉ ਹੁੰਦੇ ਨੇ। ਕੇਜਰੀਵਾਲ ਸਾਹਿਬ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਕੋਲ ਦਿੱਲੀ ਦੀ ਪੁਲਿਸ ਹੈ ਨਹੀਂ। ਪੁਲਿਸ ਦਾ ਸੱਭ ਤੋਂ ਵੱਡਾ ਖ਼ਰਚਾ ਪੁਲਿਸ ਦੀਆਂ ਤਨਖ਼ਾਹਾਂ 18 ਤੋਂ 20 ਹਜ਼ਾਰ ਕਰੋੜ ਦਾ ਖ਼ਰਚਾ ਉਹ ਤਾਂ ਕੁਦਰਤੀ ਕੇਂਦਰ ਕੋਲ ਹੈ। ਕੇਜਰੀਵਾਲ ਕੋਲ ਬਿਜਲੀ ਦੀ ਸਬਸਿਡੀ ਨਹੀਂ ਹੈ ਜੋ ਪੰਜਾਬ ਦੀ 8 ਹਜ਼ਾਰ ਕਰੋੜ ਖੇਤੀ ਸਬਸਿਡੀ ਹੈ। ਦਿੱਲੀ ਵਿਚ ਤਾਂ ਖੇਤੀ ਨਹੀਂ ਹੁੰਦੀ, ਦਿੱਲੀ ਵਿਚ ਤਾਂ 1800 ਸਕੂਲ ਹੋਣੇ ਹਨ ਪਰ ਪੰਜਾਬ ਵਿਚ 18 ਹਜ਼ਾਰ ਸਕੂਲ ਨੇ ਤੇ ਉਨ੍ਹਾਂ ਨੂੰ ਤਾਂ ਸਿਰਫ ਗੱਲਾਂ ਹੀ ਆਉਂਦੀਆਂ ਨੇ। ਅੱਧਾ ਦਿੱਲੀ ਸੈਂਟਰ ਕੋਲ ਹੈ ਤੇ ਕੁੱਲ ਜੋ ਕਾਰਪੋਰੇਟ ਦਫ਼ਤਰ ਹਨ ਹਿੰਦੁਸਤਾਨ ਦੇ, ਉਹ ਜ਼ਰੂਰ ਦਿੱਲੀ ਵਿਚ ਹਨ ਤੇ 7 ਸਟਾਰ ਹੋਟਲ ਉੱਥੇ ਹਨ, ਇੰਟਰਨੈਸ਼ਨਲ ਏਅਰਪੋਰਟ ਉੱਥੇ ਹੈ। ਉਨ੍ਹਾਂ ਕੋਲ ਤਾਂ ਟੈਕਸ ਰੈਵਿਨਿਊ ਬਹੁਤ ਹੈ। ਸਾਡੇ ਤਾਂ ਅੱਧਾ ਪੰਜਾਬ ਪਾਕਿਸਤਾਨ ਦੇ ਬਾਰਡਰ ਨਾਲ ਲਗਦਾ ਹੈ ਤੇ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਪਰ ਨੇਪ ਰੇ ਚੜ੍ਹਾਉਣੀਆਂ ਬਹੁਤ ਔਖੀਆਂ ਨੇ।
Manpreet Badal
ਸਵਾਲ : ਪਰ ਜਿਹੜੀਆਂ ਗੱਲਾਂ ਤੁਹਾਡੇ ਪ੍ਰਧਾਨ ਸਾਹਿਬ ਕਰਦੇ ਨੇ ਤੇ ਉਨ੍ਹਾਂ ਕਿਹਾ ਕਿ ਔਰਤਾਂ ਨੂੰ ਇਸ ਤਰੀਕੇ ਨਾਲ ਪੈਸੇ ਦੇਵਾਂਗੇ, ਸਕੂਟੀ ਦੇਵਾਂਗੇ। ਉਨ੍ਹਾਂ ਵੀ ਬਹੁਤ ਵੱਡੇ ਐਲਾਨ ਕੀਤੇ ਹਨ, ਉਹ ਪੰਜਾਬ ਮਾਡਲ ਕਿਤੇ ਮਨਪ੍ਰੀਤ ਬਾਦਲ ਨਾਲ ਬੈਠ ਕੇ ਕਦੇ ਵਿਚਾਰਿਆ ਹੈ ਉਨ੍ਹਾਂ ਨੇ?
ਜਵਾਬ : ਦੇਖੋ, 5 ਸਾਲ ਮੇਰਾ ਫ਼ਰਜ਼ ਸੀ, ਜ਼ਿੰਮੇਵਾਰੀ ਸੀ, ਮੇਰਾ ਧਰਮ ਸੀ ਅਤੇ ਮੈਂ ਇਹ ਪੰਜ ਸਾਲ ਪੰਜਾਬ ਦੇ ਵਧੀਆ ਟਪਾ ਦਿਤੇ ਨੇ, ਕਦੇ ਤਨਖ਼ਾਹਾਂ ਵਿਚ ਕਮੀ ਨਹੀਂ ਆਉਣ ਦਿਤੀ। ਤੁਸੀਂ ਕਿਤੇ ਵੀ ਜਾ ਕੇ ਪੁੱਛ ਲਉ ਕਿ ਅਸੀਂ ਬੇਮਿਸਾਲ ਹਲਕਿਆਂ ਵਿਚ ਪੈਸੇ ਵੰਡੇ, ਜਿਥੋਂ ਤਕ ਮੇਰੀ ਡਿਊਟੀ ਸੀ ਮੈਂ ਨਿਭਾ ਚਲਿਆਂ ਹਾਂ, ਮੇਰੇ ਨਾਲ ਕਦੇ ਕੋਈ ਮਾਡਲ ਨਹੀਂ ਵਿਚਾਰਿਆ। ਨਵਜੋਤ ਸਿੱਧੂ ਨੇ ਉਹ ਉਨ੍ਹਾਂ ਦਾ ਅਪਣਾ ਮਾਡਲ ਹੈ ਤੇ ਮੈਂ ਉਸ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਉਹ ਮੇਰੇ ਪ੍ਰਧਾਨ ਹਨ ਤੇ ਜੋ ਉਹ ਕਹਿਣਗੇ, ਉਹ ਮੈਂ ਕਰਾਂਗਾ।
Manpreet Badal
ਸਵਾਲ : ਚਲੋ ਕਮੈਂਟ ਦੀ ਗੱਲ ਕਰ ਲਈਏ ਜਦੋਂ ਤੁਹਾਡੇ ਤੋਂ ਸੁਝਾਅ ਮੰਗਿਆ ਗਿਆ ਸੀ, ਜਦੋਂ ਸੀਐਮ ਬਣਾਉਣਾ ਸੀ ਤੇ ਮਨਪ੍ਰੀਤ ਬਾਦਲ ਨੇ ਜੋ ਨਾਮ ਸੁਝਾਇਆ ਸੀ, ਉਹ 111 ਦਿਨਾਂ ਵਿਚ ਕਿੰਨਾ ਕੁ ਸਹੀ ਸਾਬਤ ਹੋਇਆ?
ਜਵਾਬ : ਇਹ ਫ਼ੈਸਲਾ ਕਾਂਗਰਸ ਦੀ ਹਾਈਕਮਾਨ ਨੇ ਕੀਤਾ ਹੈ ਮਨਪ੍ਰੀਤ ਬਾਦਲ ਨੇ ਨਹੀਂ ਕੀਤਾ ਤੇ ਮੈਂ ਇਸ ’ਤੇ ਕੋਈ ਹੋਰ ਕਮੈਂਟ ਨਹੀਂ ਕਰਨਾ ਚਾਹੁੰਦਾ ਤੇ ਜੋ ਸੁਝਾਅ ਹੁੰਦੇ ਨੇ ਉਹ ਨਿੱਜੀ ਰੱਖੇ ਜਾਂਦੇ ਨੇ ਉਨ੍ਹਾਂ ਨੂੰ ਪਬਲਿਕ ਨਹੀਂ ਕਰੀਦਾ। ਇਹ ਸਾਰੇ ਫ਼ੈਸਲੇ ਹਾਈ ਕਮਾਨ ਦੇ ਨੇ ਤੇ ਚੰਨੀ ਜੀ ਦੇ ਜੋ 111 ਦਿਨ ਨੇ ਉਨ੍ਹਾਂ ਦੀ ਪਿੱਠ ਸੁਣਦੀ ਹੈ ਤੇ ਉਸ ਦਾ ਮੈਂ ਗਵਾਹ ਹਾਂ ਕਿ ਉਨ੍ਹਾਂ ਨੇ ਰਾਤ ਦੇ 2 ਵਜੇ ਤਕ ਜਾਗ ਕੇ ਕੰਮ ਕੀਤਾ ਹੈ।
ਸਵਾਲ : ਅਜੇ ਵੀ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਘਮਸਾਣ ਚੱਲ ਰਿਹਾ ਹੈ?
ਜਵਾਬ : ਇਹ ਹਾਈਕਮਾਨ ਦਾ ਫ਼ੈਸਲਾ ਹੈ, ਉਹ ਤੈਅ ਕਰਨਗੇ।
ਸਵਾਲ : ਚੰਨੀ ਦੇ ਭਤੀਜੇ ’ਤੇ ਹੋਈ ਈਡੀ ਦੀ ਰੇਡ ਨੂੰ ਕਿਵੇਂ ਦੇਖਦੇ ਹੋ?
ਜਵਾਬ - ਮੈਨੂੰ ਇਸ ਦਾ ਕੋਈ ਇਲਮ ਨਹੀਂ, ਮੈਂ ਕੋਈ ਕਮੈਂਟ ਨਹੀਂ ਕਰਾਂਗਾ।
ਸਵਾਲ : ਕਹਿੰਦੇ ਨੇ ਕਿ ਮਨਪ੍ਰੀਤ ਬਾਦਲ ਦੇ ਹਾਸੇ ਵਿਚ ਚਿੰਤਾ ਝਲਕਦੀ ਹੈ, ਕੀ ਪੰਜਾਬ ਦੀ ਜ਼ਿਆਦਾ ਚਿੰਤਾ ਸਤਾ ਰਹੀ ਹੈ, ਮਨਪ੍ਰੀਤ ਬਾਦਲ ਨੂੰ, ਕਿਉਂਕਿ ਤੁਸੀਂ ਖੁਲ੍ਹ ਕੇ ਨਹੀਂ ਹੱਸੇ?
ਜਵਾਬ : ਨਹੀਂ, ਇਹ ਆਦਤ ਤੇ ਫ਼ਿਤਰਤ ਹੀ ਹੁੰਦੀ ਹੈ, ਮੈਂ ਜ਼ਿਆਦਾ ਸੰਜੀਦਾ ਰਹਿੰਦਾ ਹਾਂ। ਜਦੋਂ ਮੈਂ 5 ਸਾਲ ਦਾ ਸੀ ਉਦੋਂ ਵੀ ਇਦਾਂ ਦਾ ਹੀ ਸੀ ਪਰ ਪੰਜਾਬ ਦੀ ਚਿੰਤਾ ਤਾਂ ਹੈ ਜਦੋਂ ਸੱਤਾ ਵਿਚ ਆਏ ਸੀ ਤਾਂ ਇਹ ਸੋਚ ਕੇ ਆਏ ਸੀ ਕਿ ਪੰਜਾਬ ਦੀ ਕਿਸਮਤ ਨੂੰ ਬਦਲਣਾ ਹੈ, ਤਕਦੀਰ ਨੂੰ ਬਦਲਣਾ ਹੈ ਤੇ ਜਦੋਂ ਕੋਈ ਗੱਲ ਸੋਚੀ ਹੋਵੇ ਤੇ ਉਹ ਪੂਰੀ ਨਾ ਹੋਵੇ ਤਾਂ ਫ਼ਿਕਰ ਤਾਂ ਹੁੰਦੀ ਹੀ ਹੈ। ਇਸ ਧਰਤੀ ਮਾਂ ਦਾ ਸਾਡੇ ’ਤੇ ਬਹੁਤ ਵੱਡਾ ਕਰਜ਼ਾ ਹੈ ਕਿਉਂਕਿ ਇਸ ਨੇ ਸਾਨੂੰ ਪੜ੍ਹਾ ਦਿਤਾ, ਲਿਖਾ ਦਿਤਾ ਤੇ ਸਾਨੂੰ ਜਾਣ ਤੋਂ ਪਹਿਲਾਂ ਇਸ ਦਾ ਕੁੱਝ ਕਰਜ਼ ਤਾਂ ਚੁਕਾ ਕੇ ਜਾਣਾ ਚਾਹੀਦਾ ਹੈ।
Manpreet Badal
ਸਵਾਲ - ਜੇ ਦੁਬਾਰਾ ਸਰਕਾਰ ਬਣਦੀ ਹੈ ਤਾਂ ਦੁਬਾਰਾ ਵਿੱਤ ਮੰਤਰੀ ਬਣੋਗੇ?
ਜਵਾਬ - ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਨਾ ਬਣਾ ਕਿਉਂਕਿ ਇਹ 16 ਟਾਇਰਾਂ ਵਾਲਾ ਟਰੱਕ ਮੋੜਨਾਂ ਬਹੁਤ ਔਖਾ ਹੈ ਕਿ ਮੱਲੋਂ ਮੱਲੀ ਲੋਕ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ ਕੋਈ ਖੇਡਾਂ ਦਾ ਮੰਤਰੀ ਜਾਂ ਜੇਲ੍ਹ ਮੰਤਰੀ ਬਣ ਜਾਈਏ ਤਾਂ ਚੰਗਾ ਹੈ।