
ਸਿੱਖ ਕੈਦੀਆਂ ਦੀ ਰਿਹਾਈ ’ਤੇ ਸਿਆਸਤ ਬੰਦ ਕਰਨ ਰਾਜਨੀਤਕ ਪਾਰਟੀਆਂ : ਧਰਮੀ ਫ਼ੌਜੀ
ਸਾਰੇ ਸਿੱਖ ਕੈਦੀ ਤੁਰਤ ਰਿਹਾਅ ਕੀਤੇ ਜਾਣ : ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ
ਧਾਰੀਵਾਲ, 7 ਫ਼ਰਵਰੀ (ਇੰਦਰ ਜੀਤ) : ਹਰ ਇਨਸਾਨ ਨੂੰ ਅਪਣਾ ਧਰਮ ਅਤੇ ਪੁੱਤਰ ਪਿਆਰਾ ਹੁੰਦਾ ਹੈ, ਪਰ ਗੰਦਲੀ ਰਾਜਨੀਤੀ ਕਾਰਨ ਨਸ਼ੇ ਦੀ ਗ਼ਲਤਾਨ ਵਿਚ ਫਸ ਕੇ ਜਿਥੇ ਪੁੱਤਰਾਂ ਤੋਂ ਹੱਥ ਧੋਣਾ ਪੈ ਰਿਹਾ ਹੈ , ਉਥੇ ਹੀ ਟੈਂਕਾਂ- ਤੋਪਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ-ਢੇਰੀ ਕਰ ਕੇ ਧਰਮ ਦਾ ਵੱਡਾ ਨੁਕਸਾਨ ਕੀਤਾ ਗਿਆ ਹੈ।
ਇਹ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪ੍ਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਬਣਦਾ ਇਨਸਾਫ਼ ਲੈਣ ਲਈ ਪੁਲਿਸ ਥਾਣਾ ਅਤੇ ਮਾਨਯੋਗ ਅਦਾਲਤਾਂ ਮੁਖ ਸਰੋਤ ਹਨ ਪਰ ਦੁਖ ਦੀ ਗੱਲ ਇਹ ਹੈ ਕਿ ਦੋਵੇਂ ਹੀ ਅਦਾਰਿਆਂ ਉਪਰ ਕਿਸੇ ਢੰਗ ਤਰੀਕਿਆਂ ਨਾਲ ਰਾਜਨੀਤਕ ਲੋਕਾਂ ਦਾ ਦਬਦਬਾ ਹੈ ਜਿਸ ਕਾਰਨ ਲੋਕਾਂ ਨੂੰ ਸਹੀ ਇਨਸਾਫ਼ ਨਹੀਂ ਮਿਲਦਾ।
ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਕਿਹਾ ਕਿ ਜੂਨ 1984 ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਹੋਏ ਫ਼ੌਜੀ ਹਮਲੇ ਦਾ ਇਨਸਾਫ਼ ਲੈਣ ਲਈ ਧਰਮੀ ਫ਼ੌਜੀਆਂ ਵਲੋਂ ਲਗਾਤਾਰ 37 ਸਾਲਾਂ ਤੋਂ ਜੱਦੋ-ਜਹਿਦ ਕੀਤੀ ਜਾ ਰਹੀ ਹੈ ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਪਣੇ ਇਕ ਸਾਲ ਦੇ ਅਰਸੇ ਦੌਰਾਨ ਵਧੇਰੇ ਵਿਅਕਤੀਆਂ ਨੂੰ ਸ਼੍ਰੋਮਣੀ ਕਮੇਟੀ ’ਚ ਨੌਕਰੀਆਂ ਦਿਤੀਆਂ ਪਰ ਸਿੱਖ ਧਰਮੀ ਫ਼ੌਜੀਆਂ ਦੇ ਕਿਸੇ ਵੀ ਪਰਵਾਰ ਦੇ ਮੈਂਬਰ ਨੂੰ ਨੌਕਰੀ ਨਹੀਂ ਦਿਤੀ ਪਰ 23 ਅਗੱਸਤ 2021 ਨੂੰ ਅੰਤ੍ਰਿਮ ਕਮੇਟੀ ਦੀ ਮੀਟਿੰਗ ਦੌਰਾਨ ਫ਼ੈਸਲਾ ਕਰ ਕੇ ਮਤਾ ਪਾਸ ਕਰ ਕੇ ਸ਼ਹੀਦ ਧਰਮੀ ਫ਼ੌਜੀ, ਜੀ.ਸੀ.ਐਮ. ਵਾਲੇ ਧਰਮੀ ਫ਼ੌਜੀ ਦੀ ਕੈਟਾਗਿਰੀ ਬਣਾ ਕੇ ਬੈਰਕਾਂ ਛੱਡ ਕੇ ਸ੍ਰੀ ਅਮਿ੍ਰੰਤਸਰ ਵਲ ਕੂਚ ਕਰਨ ਵਾਲੇ ਸਿੱਖ ਧਰਮੀ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਠੇਸ ਪਹੁੰਚਾਈ ਹੈ।
ਇਕ ਸਵਾਲ ਦੇ ਜਵਾਬ ਸਬੰਧੀ ਬਲਦੇਵ ਸਿੰਘ ਨੇ ਕਿਹਾ ਕਿ ਧਰਮ ’ਤੇ ਹੋਏ ਹਮਲੇ ਦੀ ਲੱਗੀ ਚੋਟ ਕਾਰਨ ਅਣਖੀ ਸਿੱਖਾਂ ਵਲੋਂ ਵੱਖ-ਵੱਖ ਪ੍ਰਕਾਰ ਦੇ ਰੋਸ ਪ੍ਰਗਟ ਕੀਤੇ ਗਏ ਪਰ ਸਰਕਾਰਾਂ ਨੇ ਇਨ੍ਹਾਂ ਰੋਸ ਪ੍ਰਗਟਾਵਿਆਂ ਨੂੰ ਅਤਿਵਾਦ ਤੇ ਵੱਖਵਾਦ ਨਾਲ ਜੋੜ ਕੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਜਹੇ ਅਣਖੀ ਸਿੱਖਾਂ ਨੂੰ ਨਾਜਾਇਜ਼ ਜੇਲਾਂ ਅੰਦਰ ਬੰਦ ਕਰ ਦਿਤਾ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਕੈਦੀ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋਣੀ ਚਾਹੀਦੀ ਹੈ ਜਦਕਿ ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਇਸ ’ਤੇ ਸਿਆਸਤ ਕਰ ਕੇ ਦਿਸ਼ਾਹੀਣ ਮੁੱਦਾ ਬਣਾ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਹੀ ਰਾਜਨੀਤਕ ਪਾਰਟੀਆਂ ਸਿੱਖ ਕੌਮ ਦੀਆਂ ਧਾਰਮਕ ਭਾਵਨਾਵਾਂ ਵਿਚ ਉਲਝ ਕੇ ਅਜਿਹੇ ਮੁੱਦੇ ਚੁਕਦੀਆਂ ਹਨ ਪਰ ਹੱਲ ਨਹੀ ਕਰਦੀਆਂ, ਨਾ ਕਰਨਾ ਚਾਹੁੰਦੀਆਂ ਹੀ ਹਨ।