ਕੇਂਦਰ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਪੰਜਾਬ ਅਸ਼ਾਂਤ ਹੋਵੇਗਾ: ਜਥੇਦਾਰ ਬ੍ਰਹਮਪੁਰਾ
to
ਅੰਮ੍ਰਿਤਸਰ, 15 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੇਂਦਰੀ ਵਜਾਰਤ ਦੇ ਖੇਤੀਬਾੜੀ ਮੰਤਰੀ ਵਲੋਂ ਕਿਸਾਨਾਂ ਨਾਲ ਬੈਠਕ ਵਿਚ ਸ਼ਾਮਲ ਨਾ ਹੋਣ ਤੇ ਇਸ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਸੈਟਰ ਸਰਕਾਰਾਂ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ। ਬ੍ਰਹਮਪੁਰਾ ਮੁਤਾਬਕ ਕੇਂਦਰ ਸਰਕਾਰ ਖੇਤੀਬਾੜੀ ਨੂੰ ਹਮੇਸ਼ਾ ਲਤਾੜਦੀ ਆਈ ਹੈ । ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਕੇਂਦਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅਸਫ਼ਲ ਰਹਿਣ ਕਾਰਨ ਇਹ ਸਪੱਸ਼ਟ ਹੋ ਗਿਆ ਹੈ ਕਿ ਮੋਦੀ ਹਕੂਮਤ ਕਿਸਾਨੀ ਕਿੱਤੇ ਨੂੰ ਖ਼ਤਮ ਕਰਨ ਉਤੇ ਤੁਲੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਬਾ ਸਮਾ ਭਾਜਪਾ ਨਾਲ ਹਕੂਮਤ ਹੰਢਾਈ ਪਰ ਹੁਣ ਤੋੜ-ਵਿਛੋੜਾ ਕਰ ਕੇ ਇਹ ਦਸਣ ਦੀ ਕੋਸ਼ਿਸ਼ ਵਿਚ ਹੈ ਕਿ ਉਹ ਕਿਸਾਨੀ ਦੇ ਨਾਲ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਗੁਪਤ ਏਜੰਡੇ ਬਾਰੇ ਦਸਦਿਆਂ ਕਿਹਾ ਕਿ ਪਿਛਲੇ 71 ਸਾਲ ਤੋਂ ਪੰਜਾਬ ਨੂੰ ਸਨਅਤ ਤੋਂ ਵਖਰਾ ਰਖਿਆ ਜਾ ਰਿਹਾ ਹੈ ਜਿਸ ਕਾਰਨ ਕਿਸਾਨੀ ਕਰਜ਼ੇ ਦੀ ਮਾਰ ਕਾਰਨ ਖ਼ੁਦਕੁਸ਼ੀਆਂ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬਾਰੇ ਉਨ੍ਹਾਂ ਕਿਹਾ ਕਿ 10 ਸਾਲ ਤਕ ਭਾਜਪਾ ਨਾਲ ਰਹਿਣ ਵਾਲੇ ਸੁਖਬੀਰ ਬਾਦਲ ਜੇਕਰ ਗੰਭੀਰ ਹੁੰਦੇ ਤਾਂ ਉਹ ਕਿਸਾਨੀ ਨੂੰ ਅਪਣੀ ਪੱਧਰ ਉਤੇ ਹੀ ਆਰਥਕ ਪੱਖੋ ਮਜ਼ਬੂਤ ਕਰਨ ਦੇ ਸਮਰੱਥ ਸੀ।
ਉਨ੍ਹਾਂ ਮੰਨਿਆ ਕਿ ਕੇਂਦਰ ਕੋਲ ਅਥਾਹ ਸ਼ਕਤੀਆਂ ਹਨ ਪਰ ਰਾਜ ਵੀ ਅਪਣੇ ਪੱਧਰ ਉਤੇ ਫ਼ੈਸਲਾ ਲੈ ਸਕਦੇ ਹਨ। ਹੁਣ ਵੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸ਼ੈਸ਼ਨ ਸੱਦ ਲਿਆ ਹੈ ਤਾਂ ਜੋ ਕੇਂਦਰ ਦੇ ਖੇਤੀ ਕਾਨੂੰਨ ਵਿਰੁਧ ਮਤਾ ਪਾਇਆ ਜਾ ਸਕੇ।
ਉਨ੍ਹਾਂ ਅਤੀਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਦਰਿਆਈ ਪਾਣੀਆਂ ਦੇ ਗੰਭੀਰ ਮਸਲੇ ਉਤੇ ਸੈਸ਼ਨ ਸੱਦਿਆ ਗਿਆ ਸੀ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਵਿਚ ਤਰਮੀਮਾਂ ਕੀਤੀਆਂ ਗਈਆਂ ਸਨ। ਬ੍ਰਹਮਪੁਰਾ ਨੇ ਕੇਂਦਰ ਨੂੰ ਚੇਤਾਵਨੀ ਭਰੇ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਸਰਹੱਦੀ ਖੇਤਰ ਹੈ ਅਤੇ ਇਸ ਦੇ ਵਾਸੀਆਂ ਨੂੰ ਹਰ ਪੱਖ ਤੋਂ ਜ਼ਬੂਤ ਕਰਨ ਦੀ ਥਾਂ ਕਮਜ਼ੋਰ ਕਰਨਾ ਸਿਆਣਪ ਵਾਲਾ ਕਾਰਜ ਨਹੀਂ, ਇਸ ਨਾਲ ਸੂਬਾ ਅਸ਼ਾਤ ਹੋ ਜਾਣ ਦਾ ਖ਼ਤਰਾ ਹੈ ।
ਕੈਪਸ਼ਨ — ਏ ਐਸ ਆਰ ਬਹੋੜੂ— 15 — 3— ਰਣਜੀਤ ਸਿੰਘ ਬ੍ਰਹਮਪੁਰਾ ।ਬਾਦਲ ਚਾਹੁੰਦੇ ਤਾਂ 10 ਸਾਲਾਂ 'ਚ ਕਿਸਾਨ ਨੂੰ ਆਰਥਕ ਤੌਰ ਉਤੇ ਮਜਬੂਤ ਕਰ ਸਕਦੇ ਸੀ: ਬ੍ਰਹਮਪੁਰਾ