
ਦੋਹਰੀ ਨੀਤੀ : ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਵਿਰੁਧ ਪਰਚੇ
to
ਬਠਿੰਡਾ, 16 ਸਤੰਬਰ (ਸੁਖਜਿੰਦਰ ਮਾਨ) : ਹਾਲਾਂਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਖੇਤੀ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਇਸਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਪ੍ਰੰਤੂ ਇਸਦੇ ਉਲਟ ਮੋਦੀ ਸਰਕਾਰ ਵਿਰੁਧ ਜੋਰਦਾਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁਧ ਕਾਨੂੰਨ ਦਾ ਡੰਡਾ ਵੀ ਚਲਾਇਆ ਜਾ ਰਿਹਾ। ਬੀਤੇ ਕਲ ਇਨ੍ਹਾਂ ਆਰਡੀਨੈਸਾਂ ਵਿਰੁਧ ਸੜਕਾਂ ਜਾਮ ਕਰਨ ਵਾਲੇ ਸੈਕੜੇ ਕਿਸਾਨਾਂ ਵਿਰੁਧ ਬਠਿੰਡਾ 'ਚ ਪਰਚੇ ਦਰਜ ਕੀਤੇ ਗਏ ਹਨ। ਜਦਕਿ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਪੁਲਿਸ ਵਲੋਂ ਕਰੀਬ 1500 ਕਿਸਾਨਾਂ ਵਿਰੁਧ ਧਾਰਾ 188, 269, 270, 273 ਤੇ ਸੈਕਸ਼ਨ 51 ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕੀਤੇ ਹਨ।
ਫ਼ਿਰੋਜ਼ਪੁਰ, 16 ਸਤੰਬਰ (ਸੁਭਾਸ਼ ਕੱਕੜ) : ਕੋਰੋਨਾ ਮਹਾਂਮਾਰੀ ਦੇ ਚਲਦੇ ਡੀਸੀ ਵਲੋਂ ਇਕੱਠ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਸੈਂਕੜੇ ਕਿਸਾਨਾਂ ਵਲੋਂ ਇਕੱਠ ਕਰ ਕੇ ਧਰਨਾ ਲਗਾਉਣ 'ਤੇ ਉਨ੍ਹਾਂ ਵਿਰੁਧ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਮੱਖੂ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਹੋਏ ਸਬ ਇੰਸਪੈਕਟਰ ਲਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਲਾਅ ਐਂਡ ਆਰਡਰ ਡਿਊਟੀ ਦੇ ਸਬੰਧ ਵਿਚ ਬੰਗਾਲੀ ਵਾਲਾ ਪੁਲ ਦਾਖਲੀ ਤਲਵੰਡੀ ਨਿਪਾਲਾਂ ਵਿਖੇ ਮੌਜੂਦ ਸੀ ਤਾਂ 500-600 ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕਿਸਾਨ ਆਰਡੀਨੈਂਸ ਦੇ ਵਿਰੋਧ ਵਿਚ ਬੰਗਾਲੀ ਵਾਲਾ ਪੁਲ ਐੱਨਐੱਚ 54 ਰੋਡ ਸਾਰੇ ਪਾਸਿਉਂ ਟਰੈਕਟਰ-ਟਰਾਲੀਆਂ ਲਗਾ ਕੇ ਟਰੈਫਿਕ ਜਾਮ ਕੀਤਾ ਹੋਇਆ ਸੀ। ਧਰਨਾਕਾਰੀਆਂ ਨੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਮਾਸਕ ਵੀ ਨਹੀਂ ਪਾਏ ਹੋਏ ਸਨ ਤੇ ਸਮਾਜਕ ਦੂਰੀ ਵੀ ਨਹੀਂ ਬਣਾ ਕੇ ਰੱਖੀ ਹੋਈ ਸੀ ਅਤੇ ਧਰਨਾਕਾਰੀਆਂ ਵਲੋਂ ਬਿਨਾ ਕੋਈ ਮਨਜ਼ੂਰੀ ਲਏ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਭਾਰੀ ਇਕੱਠ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਸੈਂਕੜੇ ਕਿਸਾਨਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।
ਇਸ ਖ਼ਬਰ ਨਾਲ ਸਬੰਧਤ ਫੋਟੋ 16 ਬੀਟੀਆਈ 04 ਨੰਬਰ ਵਿਚ ਭੇਜੀ ਜਾ ਰਹੀ ਹੈ।
ਫ਼ੋਟੋ ਕੈਪਸ਼ਨ: ਬਠਿੰਡਾ 'ਚ ਕਿਸਾਨ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਰਥੀ ਫ਼ੂਕਦੇ ਹੋਏ। ਫ਼ੋਟੋ: ਇਕਬਾਲ ਸਿੰਘ।