
ਹਰਸਿਮਰਤ ਬਾਦਲ ਵਲੋਂ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਕੈਬਨਿਟ ਤੋਂ ਅਸਤੀਫ਼ਾ
ਪਰ ਕਿਸਾਨਾਂ ਨੂੰ ਰੋਲਣ ਵਾਲਿਆਂ ਨਾਲ ਗਠਜੋੜ ਜਾਰੀ ਰਹੇਗਾ!
ਚੰਡੀਗੜ੍ਹ, 17 ਸਤੰਬਰ (ਨੀਲ ਭਾਲਿੰਦਰ ਸਿੰਘ): ਕੇਂਦਰ ਦੇ ਕਿਸਾਨ ਵਿਰੋਧੀ ਮੰਨੇ ਜਾਂਦੇ ਵਿਵਾਦਤ ਖੇਤੀ ਆਰਡੀਨੈਂਸਾਂ ਦੇ ਮੁੱਦੇ ਉਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅੱਜ ਆਰ ਪਾਰ ਦੀ ਲੜਾਈ ਦਾ ਇਕ ਤਰ੍ਹਾਂ ਨਾਲ ਐਲਾਨ ਕਰ ਦਿਤਾ ਹੈ ਜਿਸ ਤਹਿਤ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿਤਾ ਹੈ।
ਬੀਬਾ ਬਾਦਲ ਦੇ ਇਸ ਸਿਆਸੀ ਕਦਮ ਦੀ ਸੂਚਨਾ 'ਰੋਜ਼ਾਨਾ ਸਪੋਕਸਮੈਨ' ਨੇ ਹੀ ਮੀਡੀਆ ਜਗਤ ਵਿਚ ਸਭ ਤੋਂ ਪਹਿਲਾਂ ਅਪਣੇ 'ਭਰੋਸੇਯੋਗ ਸੂਤਰਾਂ' ਦੇ ਹਵਾਲੇ ਨਾਲ ਕਰ ਦਿਤੀ ਸੀ। ਪਰ ਅੱਜ ਜਿਉਂ ਹੀ ਇਸ ਗੱਲ ਦੀ ਪੁਸ਼ਟੀ ਹੋਈ ਤਾਂ ਇਸ ਤੋਂ ਪੰਜਾਬ ਦੀ ਸਿਆਸਤ ਵਿਚ ਵੱਖ ਵੱਖ ਤਰ੍ਹਾਂ ਦੇ ਪ੍ਰਭਾਵ ਮਿਲਣੇ ਸ਼ੁਰੂ ਹੋ ਗਏ ਹਨ। ਹਾਸ਼ੀਏ ਤੇ ਲੱਗੇ ਬਾਦਲ ਦਲ ਦੇ ਲੋਕ ਜਿਥੇ ਇਸ ਨੂੰ ਇਕ ਸਿਆਸੀ ਆਕਸੀਜਨ ਮੰਨ ਰਹੇ ਹਨ ਵਿਰੋਧੀ ਖ਼ੇਮੇ ਨਾਲ ਸਬੰਧਤ ਲਗਭਗ ਹਰ ਸਿਆਸੀ ਧਿਰ ਇਸ ਉੱਤੇ ਅਪਣਾ ਪ੍ਰਤੀਕਰਮ ਦੇ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਡਰੇ ਹੋਏ ਅਕਾਲੀਆਂ ਦਾ ਇਕ ਡਰਾਮਾ ਹੈ ਤੇ ਉਹ ਧੱਕਾ ਕਰਨ ਵਾਲਿਆਂ ਦੇ ਭਾਈਵਾਲ ਪਹਿਲਾਂ ਵਾਂਗ ਬਣੇ ਰਹਿਣਗੇ। ਅੱਜ ਦੀ ਇਸ ਖ਼ਬਰ ਦੀ ਅਸਲ ਤਫ਼ਸੀਲ ਮੁਤਾਬਕ ਖੇਤੀਬਾੜੀ ਨਾਲ ਜੁੜੇ ਬਿਲ ਦਾ ਵਿਰੋਧ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀਬਾੜੀ ਨਾਲ ਸਬੰਧਤ ਬਿਲਾਂ ਦੇ ਵਿਰੋਧ ਵਿਚ ਸਰਕਾਰ ਤੋਂ ਅਸਤੀਫ਼ਾ ਦੇ ਦਿਤਾ ਹੈ। ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਵਿਚ ਅਕਾਲੀ ਦਲ ਦੀ ਇਕਲੌਤੀ ਨੁਮਾਇੰਦਾ ਸੀ। ਸੁਖਬੀਰ ਬਾਦਲ ਨੇ ਅੱਜ ਕੈਬਨਿਟ ਵਿਚ ਕਿਹਾ, “ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਇਹ ਖੇਤੀਬਾੜੀ ਨਾਲ ਸਬੰਧਤ ਇਨ੍ਹਾਂ ਬਿਲਾਂ ਦਾ ਵਿਰੋਧ ਕਰਦੀ ਹੈ”। ਅਕਾਲੀ ਦਲ ਨੇ ਕਦੇ ਯੂ-ਟਰਨ ਵੀ ਨਹੀਂ ਲਿਆ। ਬਾਦਲ ਨੇ ਕਿਹਾ, 'ਅਸੀਂ ਐਨਡੀਏ ਦੇ ਭਾਈਵਾਲ ਹਾਂ। ਅਸੀਂ ਸਰਕਾਰ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਬਾਰੇ ਦਸਿਆ। ਅਸੀਂ ਇਸ ਮੁੱਦੇ ਨੂੰ ਹਰ ਪਲੇਟਫ਼ਾਰਮ 'ਤੇ ਉਠਾਇਆ। ਅਸੀਂ ਕਿਸਾਨਾਂ ਦੇ ਡਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋਇਆ।''”ਇਸ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਅੰਨ ਦੇ ਮਾਮਲੇ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
All Images
image