
ਰੇਲਵੇ ਲਾਈਨਾਂ 'ਤੇ ਦੂਜੇ ਦਿਨ ਵੀ ਡਟੇ ਰਹੇ ਕਿਸਾਨ
ਇਕ ਅਕਤੂਬਰ ਤੋਂ ਅਣਮਿਥੇ ਸਮੇਂ ਲਈ ਰੋਕੀਆਂ ਜਾਣਗੀਆਂ ਰੇਲ ਪਟੜੀਆਂ
to
ਚੰਡੀਗੜ੍ਹ, 26 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਅੰਦੋਲਨ ਸਿਖਰ 'ਤੇ ਪਹੁੰਚ ਗਿਆ ਹੈ। ਬੀਤੇ ਕਲ ਕਿਸਾਨ ਅੰਦੋਲਨ ਨੂੰ ਉਸ ਵੇਲੇ ਵੱਡਾ ਹੁਗਾਰਾ ਮਿਲਿਆ ਸੀ ਜਦੋਂ ਸਮਾਜ ਦੇ ਹਰ ਇਕ ਵਰਗ ਨੇ ਕਿਸਾਨ ਅੰਦੋਲਨ ਨੂੰ ਸਮਰਥਨ ਦੇ ਕੇ ਕਿਸਾਨਾਂ ਦਾ ਹੌਂਸਲਾ ਵਧਾਇਆ ਸੀ ਤੇ ਉਸੇ ਹੌਂਸਲੇ ਤੇ ਜੋਸ਼ ਨਾਲ ਅੱਜ ਫਿਰ ਕਿਸਾਨ ਸੜਕਾਂ 'ਤੇ ਉਤਰੇ ਤੇ ਅੱਜ ਉਨ੍ਹਾਂ ਰੇਲਵੇ ਪਟੜੀਆਂ ਵਲ ਮੁਹਾਣ ਕੀਤਾ ਤੇ ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਰੇਲਵੇ ਪਟੜੀਆਂ 'ਤੇ ਧਰਨੇ ਲਾ ਦਿਤੇ। ਉਧਰ ਅੱਜ ਦੇ ਧਰਨਿਆਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਹੁਣ ਰੇਲਵੇ ਪਟੜੀਆਂ 'ਤੇ ਧਰਨੇ 1 ਅਕਤੂਬਰ ਤਕ ਨਹੀਂ ਲਗਣਗੇ ਬਲਕਿ 1 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਰੇਲਵੇ ਪਟੜੀਆਂ ਜਾਮ ਕੀਤੀਆਂ ਜਾਣਗੀਆਂ।
ਫ਼ਿਰੋਜ਼ਪੁਰ (ਸੁਭਾਸ਼ ਕੱਕੜ): ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨੇ ਆਰਡੀਨੈਂਸ ਤੇ ਹੰਕਾਰੀ ਰਵਈਏ ਦੇ ਵਿਰੋਧ ਵਿਚ ਪੰਜਾਬ ਬੰਦ ਨੂੰ ਪੰਜਾਬ ਦੇ ਸਾਰੇ ਵਰਗਾਂ ਵੱਲੋਂ ਦੇਸ਼ ਭਰ ਵਿੱਚ ਮਿਲੇ ਭਰਪੂਰ ਹੁੰਗਾਰੇ ਦਾ ਧਨਵਾਦ ਕਰਦਿਆਂ ਅੱਜ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵਲੋਂ ਰੇਲਵੇ ਟਰੈਕ ਬਸਤੀ ਟੈਂਕਾਂ ਵਾਲੀ 'ਤੇ ਲੱਗੇ ਪੱਕੇ ਮੋਰਚੇ ਦੇ ਤੀਜੇ ਦਿਨ ਭਰਵੀਂ ਸ਼ਮੂਲੀਅਤ ਕੀਤੀ ਤੇ ਮੋਦੀ ਸਰਕਾਰ ਖਰਾਬ ਜੋਰਦਾਰ ਨਾਹਰੇਬਾਜ਼ੀ ਕੀਤੀ। ਧਰਨਾਕਾਰੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਠੱਠਾ, ਮੰਗਲ ਸਿੰਘ ਗੁੰਦੜਢੰਡੀ, ਗੁਰਬਖਸ਼ ਸਿੰਘ ਪੰਜ ਗਰਾਈ ਤੇ ਸੁਰਿੰਦਰ ਸਿੰਘ ਫਾਜ਼ਿਲਕਾ ਨੇ ਪੰਜਾਬ ਦੇ 13 ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਦੇ ਤੁਰਤ ਅਸਤੀਫ਼ੇ ਦੇਣ ਦੀ ਮੰਗ ਕਰਦਿਆਂ ਭਾਜਪਾ ਦੇ ਸੰਸਦ ਮੈਂਬਰਾਂ ਤੇ ਆਗੂਆਂ ਨੂੰ ਪਿੰਡਾਂ ਵਿਚ ਨਾ ਵੜਨ ਦੇਣ ਦਾ ਐਲਾਨ ਕੀਤਾ।
ਬਠਿੰਡਾ (ਸੁਖਜਿੰਦਰ ਮਾਨ): ਖੇਤੀ ਬਿਲਾਂ ਵਿਰੁਧ ਬੀਤੇ ਦਿਨ ਪੰਜਾਬ ਬੰਦ ਦੇ ਸਫ਼ਲ ਸੱਦੇ ਤੋਂ ਬਾਅਦ ਕਿਸਾਨਾਂ ਵਲੋਂ ਅੱਜ ਦੂਜੇ ਦਿਨ ਵੀ ਰੇਲਵੇ ਲਾਈਨਾਂ 'ਤੇ ਧਰਨੇ ਜਾਰੀ ਰਹੇ। ਬਠਿੰਡਾ ਜ਼ਿਲ੍ਹੇ ਅੰਦਰ ਵੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਹੋਰਨਾਂ ਜਥੇਬੰਦੀਆਂ ਦੀ ਅਗਵਾਈ ਹੇਠ ਬਠਿੰਡਾ 'ਚ ਭਾਈ ਬਖਤੌਰ, ਸੰਗਤ, ਗੋਨਿਆਣਾ ਅਤੇ ਰਾਮਪੁਰਾ ਵਿਖੇ 10 ਵਜੇ ਤੋਂ 4 ਵਜੇ ਤਕ ਰੇਲਵੇ ਲਾਈਨਾਂ ਤੇ ਬੈਠ ਕੇ ਰੇਲਵੇ ਆਵਾਜਾਈ ਠੱਪ ਕਰੀ ਰੱਖੀ। ਕਿਸਾਨਾਂ ਵਲੋਂ ਟੈਂਟ ਆਦਿ ਲਗਾ ਕੇ ਇਨ੍ਹਾਂ ਰੇਲਵੇ ਲਾਈਨਾਂ ਨੂੰ ਪੂਰੀ ਤਰ੍ਹਾਂ ਬੰਦ ਰਖਿਆ ਹੋਇਆ ਹੈ। ਕਿਸਾਨ ਧਰਨਿਆਂ ਨੂੰ ਸੰਬੋਧਨ ਕਰਦਿਆਂ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ, ਰਾਜਵਿੰਦਰ ਸਿੰਘ ਰਾਮ ਨਗਰ, ਬਸੰਤ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੁੰਬਾ, ਕਲਵੰਤ ਸ਼ਰਮਾ ਅਤੇ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਵਿਰੋਧੀ ਕਾਨੂੰਨ, ਬਿਜਲੀ ਸੋਧ ਕਾਨੂੰਨ 2020 ਅਤੇ ਜ਼ਮੀਨ ਗ੍ਰਹਿਣ ਪ੍ਰਾਪਤੀ ਸੋਧ ਕਾਨੂੰਨ 2020 ਲਾਗੂ ਹੋਣ ਨਾਲ ਕਿਸਾਨਾਂ ਦੀਆਂ ਫ਼ਸਲਾਂ ਵਪਾਰੀਆਂ ਅਤੇ ਵੱਡੇ ਵਪਾਰਕ ਘਰਾਣਿਆਂ ਦੇ ਰਹਿਮੋ-ਕਰਮ ਤੇ ਰਹਿ ਜਾਣਗੀਆਂ। ਬਿਜਲੀ ਸੋਧ ਕਨੂੰਨ ਨਾਲ ਖੇਤੀ ਮੋਟਰਾਂ ਦੇ ਵੱਡੇ-ਵੱਡੇ ਬਿਲ ਆਉਣਗੇ ਅਤੇ ਖੇਤ ਮਜ਼ਦੂਰਾਂ ਨੂੰ ਮਿਲਦੀ ਘਰੇਲੂ ਬਿਜਲੀ ਬਿਲਾਂ ਤੇ ਸਬਸਿਡੀ ਖ਼ਤਮ ਹੋ ਜਾਵੇਗੀ।
ਮਾਨਸਾ(ਸਿੱਧੂ): ਕੇਂਦਰ ਵਲੋਂ ਲਿਆਂਦੇ ਕਿਸਾਨ ਵਿਰੋਧੀ ਕਾਨੂੰਨਾਂ ਵਿਰੁਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਾਨਸਾ ਵਿਚ ਦਿੱਲੀ, ਫ਼ਿਰੋਜ਼ਪੁਰ ਰੇਲਵੇ ਲਾਈਨ ਤੇ 24 ਸਤੰਬਰ ਤੋਂ ਲਾਇਆ ਧਰਨਾ ਅੱਜ ਤੀਜੇ ਦਿਨ ਚੁਕ ਲਿਆ ਹੈ। 31 ਕਿਸਾਨ ਜਥੇਬੰਦੀਆਂ ਵਲੋਂ ਦਿਤੇ ਸੱਦੇ ਤਹਿਤ 1 ਅਕਤੂਬਰ ਤੋਂ ਦੁਬਾਰਾ ਅਣਮਿੱਥੇ ਸਮੇਂ ਲਈ ਮਾਨਸਾ ਵਿਚ ਇਸੇ ਥਾਂ 'ਤੇ ਮੋਰਚਾ ਲਾਇਆ ਜਾਵੇਗਾ। ਅੱਜ ਧਰਨਾ ਚੁਕਣ ਤੋਂ ਪਹਿਲਾਂ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿਸਾਨ ਸੰਘਰਸ਼ ਕੇਂਦਰ ਸਰਕਾਰ ਦੀ ਗੋਡਨੀ ਲਵਾ ਦੇਵੇਗਾ। ਸਰਕਾਰ ਨੂੰ ਅਪਣੇ ਫ਼ੈਸਲੇ ਬਦਲਣ ਲਈ ਮਜਬੂਰ ਹੋਣਾ ਪਵੇਗਾ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਦੇ ਇਸ ਕਿਸਾਨ ਮਾਰੂ ਫ਼ੈਸਲੇ ਵਿਰੁਧ ਕਿਸਾਨ ਪ੍ਰਵਾਰਾਂ ਸਮੇਤ ਕਾਫ਼ਲੇ ਬੰਨ੍ਹ ਕੇ ਇਨ੍ਹਾਂ ਸੰਘਰਸ਼ਾਂ ਵਿਚ ਸ਼ਾਮਲ ਹੋਣ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਜੁਗਿੰਦਰ ਦਿਆਲਪੁਰਾ, ਜਗਦੇਵ ਸਿੰਘ ਭੈਣੀ ਬਾਘਾ, ਉੱਤਮ ਸਿੰਘ ਰਾਮਾਂਨੰਦੀ, ਜੱਗਾ ਸਿੰਘ ਆਦਿ ਹਾਜ਼ਰ ਸਨ।
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜਨ ਅੰਦੋਲਨ ਵਿਚ ਉਭਰੇ ਰੇਲ ਰੋਕੋ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਹੋਇਆਂ ਅੱਜ ਪੰਜਾਬ ਭਰ ਵਿਚ ਖੋਲ੍ਹਿਆ ਗਿਆ। ਗੁਰਦਾਸਪੁਰ, ਟਾਂਡਾ ਹੁਸ਼ਿਆਰਪੁਰ, ਜਲੰਧਰ, ਤਰਨਤਾਰਨ ਸ਼ਹਿਰ, ਫ਼ਾਜ਼ਿਲਕਾ ਵਿਚ ਵੀ ਅੱਜ ਰੇਲ ਲਾਈਨਾਂ ਜਾਮ ਕੀਤੀਆਂ ਗਈਆਂ। ਅੱਜ ਦੇ ਅੰਦੋਲਨ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਬਿਆਨ ਦੇ ਰਹੇ ਹਨ ਕਿ ਕਿਸਾਨਾਂ ਮਜ਼ਦੂਰਾਂ ਨੂੰ ਵਿਰੋਧੀ ਧਿਰਾਂ ਨੇ ਗੁਮਰਾਹ ਕੀਤਾ ਹੈ ਇਹ ਤੱਥ ਤੋਂ ਪਰੇ ਹੈ। ਸਾਨੂੰ ਲੱਗਦਾ ਹੈ ਪ੍ਰਧਾਨ ਮੰਤਰੀ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੀ ਅਵਾਜ਼ ਸੁਣਨ ਦੀ ਬਜਾਏ ਵਿਸ਼ਵ ਵਪਾਰ ਸੰਸਥਾ ਤੇ ਕਾਰਪੋਰੇਟ ਦੇ ਦਬਾਅ ਹੇਠ ਦੇਸ਼ ਦੇ ਕਿਸਾਨਾਂ ਵਿਰੁਧ ਫ਼ੈਸਲਾ ਕਰ ਰਹੇ ਹਨ। ਅੱਜ ਦੇਵੀਦਾਸਪੁਰ ਰੇਲਵੇ ਲਾਈਨ 'ਤੇ ਕਿਸਾਨਾਂ ਵਲੋਂ ਨੰਗੇ ਧੜ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ 27 ਸਤੰਬਰ ਨੂੰ ਬੀਬੀਆਂ ਦਾ ਵੱਡਾ ਇਕੱਠ ਕੀਤਾ ਜਾਵੇਗਾ। ਪੂਰੇ ਦੇਸ਼ ਵਾਸੀਆਂ ਨੂੰ ਬੇਨਤੀ ਹੈ ਕਿ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਚਲਾਉਣ, ਕਾਂਗਰਸ ਪਾਰਟੀ ਰਾਜਸਥਾਨ,ਛੱਤੀਸਗੜ੍ਹ ਸਟੇਟਾਂ ਵਿਚ ਖੇਤੀ ਕਾਨੂੰਨਾਂ ਵਿਰੁਧ ਮਤੇ ਪਾਸ ਕਰੇ, ਕਲ ਦੇ ਪੰਜਾਬ ਤੇ ਦੇਸ਼ ਬੰਦ ਨੂੰ ਸਫ਼ਲ ਕਰਨ ਲਈ ਧਨਵਾਦ ਕੀਤਾ ਗਿਆ।