
ਚੰਡੀਗੜ੍ਹ, 20 ਜਨਵਰੀ (ਸਰਬਜੀਤ ਢਿੱਲੋਂ): ਚੰਡੀਗੜ੍ਹ ਹਾਊਸਿੰਗ ਬੋਰਡ ਦੇ ਪ੍ਰਬੰਧਕਾਂ ਵਲੋਂ ਵਿਰਾਨ ਪਏ ਰਾਜੀਵ ਗਾਂਧੀ ਆਈ.ਟੀ. ਪਾਰਕ ਨੂੰ 12 ਸਾਲ ਬਾਅਦ ਮੁੜ ਵਿਕਸਤ ਦੀ ਯੋਜਨਾ ਬਣਾਈ ਹੈ। ਹਾਊਸਿੰਗ ਬੋਰਡ ਦੇ ਇਕ ਪ੍ਰਸ਼ਾਸਕੀ ਤੇ ਸੀਨੀਅਰ ਅਧਿਕਾਰੀ ਅਨੁਸਾਰ ਬੋਰਡ ਵਲੋਂ 123 ਏਕੜ ਖ਼ਾਲੀ ਪਈ ਜ਼ਮੀਨ ਵਿਚੋਂ 17 ਏਕੜ ਦੇ ਕਰੀਬ ਜ਼ਮੀਨ ਵਿਚ ਨਵੇਂ ਫ਼ਲੈਟ ਦੀ ਉਸਾਰੀ ਕਰਨ ਸਬੰਧੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਬੋਰਡ ਦੇ ਬੁਲਾਰੇ ਅਨੁਸਾਰ ਸੁਖਨਾ ਝੀਲ ਤੋਂ 500 ਮੀਟਰ ਦੀ ਦੂਰੀ 'ਤੇ ਇਹ ਫ਼ਲੈਟ ਬਣਾਏ ਜਾਣਗੇ, ਜਿਸ ਲਈ ਬੋਰਡ ਵਲੋਂ ਆਧੁਨਿਕ ਨਕਸ਼ੇ ਆਦਿ ਬਣਾਉਣ ਲਈ ਨਿਜੀ ਕੰਪਨੀ ਨੂੰ ਠੇਕਾ ਦਿਤਾ ਜਾਵੇਗਾ ਜਦਕਿ ਇਸ ਤੋਂ ਪਹਿਲਾਂ ਯੂ.ਟੀ. ਪ੍ਰਸ਼ਾਸਨ ਦਾ ਹੀ ਆਰਕੀਟੈਕਟ ਵਿਭਾਗ ਸਰਕਾਰੀ ਫ਼ਲੈਟਾਂ 'ਤੇ ਇਮਾਰਤਾਂ ਦੇ ਨਕਸ਼ੇ ਤਿਆਰ ਕਰਦਾ ਰਿਹਾ ਹੈ। ਇਹ ਮਕਾਨ 6 ਮੰਜ਼ਲਾ ਹੋਣਗੇ ਜਿਸ ਵਿਚ ਗ਼ਰੀਬੀ ਰੇਖਾ ਤੋਂ ਥੱਲੇ ਰਹਿੰਦੇ ਲੋਕਾਂ ਲਈ ਵੀ ਇਕ ਕਮਰੇ ਦੇ ਕੁੱਝ ਫ਼ਲੈਟ ਸ਼ਾਮਲ ਹੋਣਗੇ ਜਦਕਿ ਬਾਕੀ ਤਿੰਨ ਬੈਡਰੂਮ ਜਾਂ 4 ਕਮਰਿਆਂ ਵਾਲੇ ਫ਼ਲੈਟ ਵੀ ਹੋਣਗੇ ਜਿਹੜੇ ਆਧੁਨਿਕ ਸਹੂਲਤਾਂ ਨਾਲ ਲੈਸ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਲੰਮੀ ਤੇ ਕਾਨੂੰਨੀ ਲੜਾਈ ਲੜਨ ਮਗਰੋਂ ਆਈ.ਟੀ. ਪਾਰਕ 'ਚ 123 ਏਕੜ ਜ਼ਮੀਨ ਪਾਰਸ਼ਵਨਾਥ ਡਿਵੈਲਪਰਜ਼ ਲਿਮ: ਕੋਲੋਂ ਖ਼ਾਲੀ ਕਰਵਾਈ ਗਈ ਸੀ। ਹਾਊਸਿੰਗ ਬੋਰਡ ਦੇ ਚੇਅਰਮੈਨ ਮਨਿੰਦਰ ਸਿੰਘ ਬੈਂਸ ਦੇ ਹਵਾਲੇ ਨਾਲ ਇਕ ਭਰੋਸੇਯੋਗ ਅਧਿਕਾਰੀ ਦਾ ਕਹਿਣਾ ਸੀ ਕਿ ਹਾਊਸਿੰਗ ਬੋਰਡ ਇਹ ਫ਼ਲੈਟ ਬੜੇ ਆਧੁਨਿਕ ਤਕਨਾਲੋਜੀ ਮੁਤਾਬਕ ਤਿਆਰ ਕਰੇਗਾ। ਇਸ ਲਈ ਪ੍ਰਸਿਧ ਆਰਕੀਟੈਕਟ ਕੰਪਨੀ ਨੂੰ ਛੇਤੀ ਕੰਮ ਸੌਂਪਿਆ ਜਾਵੇਗਾ।
ਹਾਊਸਿੰਗ ਬੋਰਡ ਵਲੋਂ ਚੰਡੀਗੜ੍ਹ ਦੇ ਕੁਲੈਕਟਰ ਰੇਟਾਂ ਨੂੰ ਆਧਾਰ ਬਣਾ ਕੇ ਫ਼ਲੈਟਾਂ ਦੇ ਰੇਟ ਤਹਿ ਕੀਤੇ ਜਾਣਗੇ। ਸੂਤਰਾਂ ਅਨੁਸਾਰ ਦੋ ਬੈੱਡਰੂਮ ਵਾਲੇ ਫ਼ਲੈਟਾਂ ਦੇ ਰੇਟ 60 ਲੱਖ ਦੇ ਆਸ-ਪਾਸ ਹੋਣਗੇ ਜਦਕਿ 3 ਬੈੱਡਰੂਮ ਵਾਲੇ ਫ਼ਲੈਟਾਂ ਦੇ ਰੇਟ 80-90 ਲੱਖ ਰੁਪਏ ਤਕ ਪੁੱਜ ਜਾਣਗੇ। ਬੋਰਡ ਦੇ ਸੂਤਰਾਂ ਅਨੁਸਾਰ ਇਨ੍ਹਾਂ ਫ਼ਲੈਟਾਂ ਦੀ ਉਸਾਰੀ ਮਗਰੋਂ ਇਥੇ ਸੀ.ਐਨ.ਜੀ. ਗੈਸ ਦੀ ਵਿਕਰੀ ਲਈ ਪਟਰੌਲ ਪੰਪ, ਆਧੁਨਿਕ ਹਸਪਤਾਲ, ਸਕੂਲ, ਪਾਰਕ, ਕਮਰਸ਼ੀਅਲ ਸੈਂਟਰ, ਪੰਜ ਤਾਰਾ ਹੋਟਲ ਅਤੇ ਵਿਆਹ-ਸ਼ਾਦੀਆਂ ਲਈ ਵਿਸ਼ਾਲ ਮੈਰਿਜ ਪੈਲੇਸ ਆਦਿ ਵੀ ਉਸਾਰੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ।ਜ਼ਿਕਰਯੋਗ ਹੈ ਕਿ 2006 ਵਿਚ ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਆਈ.ਟੀ. ਪਾਰਕ ਨੂੰ ਵਿਕਸਤ ਕਰਨ ਲਈ ਪਾਰਸ਼ਵਨਾਕ ਪ੍ਰਾ. ਲਿਮ. ਕੰਪਨੀ ਨੂੰ 123 ਏਕੜ ਜ਼ਮੀਨ ਕਰੋੜਾਂ ਰੁਪਏ ਦਾ ਅਲਾਟ ਕੀਤੀ ਸੀ ਪਰ ਕਦੇ ਪ੍ਰਸ਼ਾਸਨ ਤੇ ਕਦੇ ਹਾਊਸਿੰਗ ਬੋਰਡ ਦੇ ਉੱਚ ਅਧਿਕਾਰੀਆਂ ਨੇ ਕੰਪਨੀ ਨੂੰ ਨਾ ਨਕਸ਼ੇ ਬਣਾ ਕੇ ਦਿਤੇ ਅਤੇ ਨਾ ਹੀ ਹੋਰ ਤਕਨੀਕੀ ਸਹਿਯੋਗ ਦੇਣ ਲਈ ਵਿਸ਼ੇਸ਼ ਯਤਨ ਕੀਤੇ।