
ਗਮਾਡਾ ਨੇ 20 ਕਰੋੜ ਦੀ ਮੁਆਵਜ਼ਾ ਰਾਸ਼ੀ ਅਦਾਲਤ ਵਿਚ ਕਰਵਾਈ ਜਮ੍ਹਾਂ
ਐਸ.ਏ.ਐਸ. ਨਗਰ, 10 ਫ਼ਰਵਰੀ (ਪ੍ਰਭਸਿਮਰਨ ਸਿੰਘ ਘੱਗਾ) : ਕਰੀਬ 18 ਸਾਲਾਂ ਤੋਂ ਅਪਣੇ ਮੁਆਵਜ਼ੇ ਦਾ ਇੰਤਜ਼ਾਰ ਕਰ ਰਹੇ ਕਈ ਪਿੰਡਾਂ ਦੇ ਕਿਸਾਨਾਂ ਲਈ ਸਨਿਚਰਵਾਰ ਨੂੰ ਲੱਗੀ ਲੋਕ ਅਦਾਲਤ ਵਰਦਾਨ ਸਾਬਤ ਹੋਈ। ਇਸ ਦੌਰਾਨ ਗਮਾਡਾ ਨੇ ਵੱਖ-ਵੱਖ ਪ੍ਰਾਜੈਕਟਾਂ ਲਈ ਕਿਸਾਨਾਂ ਦੀ ਐਕਵਾਇਰ ਕੀਤੀ ਗਈ ਜ਼ਮੀਨ ਦਾ ਵਧਾਇਆ ਹੋਇਆ ਮੁਆਵਜ਼ਾ ਅਦਾਲਤ ਵਿਚ ਜਮ੍ਹਾਂ ਕਰਵਾਇਆ ਹੈ ਜੋ ਕਰੀਬ 20 ਕਰੋੜ ਰੁਪਏ ਬਣਦਾ ਹੈ। ਕਿਸਾਨਾਂ ਵਲੋਂ ਐਡਵੋਕੇਟ ਸ਼ੇਰ ਸਿੰਘ ਰਾਠੌਰ, ਕੁਲਦੀਪ ਸਿੰਘ ਰਾਠੌਰ ਅਤੇ ਰਨਦੀਪ ਸਿੰਘ ਰਾਠੌਰ ਇਸ ਕੇਸ ਨੂੰ ਦੇਖ ਰਹੇ ਸਨ। ਅੱਜ 500 ਦੇ ਕਰੀਬ ਕਿਸਾਨਾਂ ਨੂੰ ਅਪਣਾ ਹੱਕ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਮੁਆਵਜ਼ੇ ਸਬੰਧੀ 160 ਕੇਸ ਲੱਗੇ ਸਨ ਜਿਨ੍ਹਾਂ ਵਿਚੋਂ 120 ਕੇਸਾਂ ਦਾ ਨਬੇੜਾ ਹੋ ਗਿਆ ਹੈ।ਜਾਣਕਾਰੀ ਮੁਤਾਬਕ ਗਮਾਡਾ ਨੇ 2001 ਤੋਂ 2013 ਤਕ ਅਪਣੇ ਵੱਖ-ਵੱਖ ਪ੍ਰਾਜੈਕਟਾਂ ਲਈ ਕਈ ਪਿੰਡਾਂ ਵਿਚ ਜ਼ਮੀਨ ਐਕਵਾਇਰ ਕੀਤੀ ਸੀ। ਇਨ੍ਹਾਂ ਵਿਚ ਸੜਕਾਂ ਅਤੇ ਹਾਊਸਿੰਗ ਪ੍ਰਾਜੈਕਟਾਂ ਦੀ ਜਗ੍ਹਾ ਸ਼ਾਮਲ ਸੀ। ਜਿਨ੍ਹਾਂ ਪਿੰਡਾਂ ਦੀ ਜ਼ਮੀਨ ਐਕਵਾਇਰ ਹੋਈ ਸੀ ਉਨ੍ਹਾਂ ਵਿਚ ਪਿੰਡ ਲਖਨੌਰ, ਛੱਤ, ਫ਼ਿਰੋਜ਼ਪੁਰ ਬੰਗਰ, ਮੁੱਲਾਂਪੁਰ ਗ਼ਰੀਬਦਾਸ, ਬੱਲੋਮਾਜਰਾ, ਸੋਹਾਣਾ, ਕੁੰਬੜਾ ਸਮੇਤ ਕਈ ਖੇਤਰ ਸ਼ਾਮਲ ਸਨ। ਅੱਜ ਲੋਕ ਅਦਾਲਤ ਦੇ ਮਾਧਿਅਮ ਨਾਲ ਇਸ ਕੇਸਾਂ ਦਾ ਨਬੇੜਾ ਹੋਇਆ ਹੈ। ਕਿਸਾਨਾਂ ਵਿਚ ਸੁਰਿੰਦਰ ਸਿੰਘ, ਬਲਜੀਤ ਸਿੰਘ, ਸਰਦਾਰਾ ਸਿੰਘ, ਸੁਖਦੇਵ ਸਿੰਘ ਆਦਿ ਸ਼ਾਮਲ ਸਨ।
ਮੁੱਲਾਂਪੁਰ ਵਿਚ ਮੁਆਵਜ਼ਾ ਰਾਸ਼ੀ 2.32 ਕਰੋੜ : ਜਾਣਕਾਰੀ ਮੁਤਾਬਕ ਗਮਾਡਾ ਨੇ ਮੁੱਲਾਂਪੁਰ ਵਿਚ ਅਪਣੇ ਈਕੋ ਸਿਟੀ ਅਤੇ ਕੁੱਝ ਹੋਰ ਪ੍ਰਾਜੈਕਟਾਂ ਲਈ 2010 ਵਿਚ ਜ਼ਮੀਨ ਐਕਵਾਇਰ ਕੀਤੀ ਸੀ। ਉਦੋਂ ਗਮਾਡਾ ਨੇ ਜ਼ਮੀਨ ਦਾ ਪ੍ਰਤੀ ਏਕੜ ਮੁਲ 1.36 ਕਰੋੜ ਦਿਤਾ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਮੁਆਵਜ਼ਾ ਰਾਸ਼ੀ ਦਾ ਵਿਰੋਧ ਕਰਦਿਆਂ ਅਦਾਲਤ ਦੀ ਸ਼ਰਨ ਲਈ ਸੀ। ਅਦਾਲਤ ਨੇ ਮੁਆਵਜ਼ਾ ਰਾਸ਼ੀ 2.32 ਕਰੋੜ ਕਰਨ ਦਾ ਫ਼ੈਸਲਾ ਲਿਆ ਸੀ।
ਬੱਲੋਮਾਜ਼ਰਾ ਵਿਚ ਮੁਆਵਜ਼ਾ ਰਾਸ਼ੀ 2.50 ਕਰੋੜ : ਜਾਣਕਾਰੀ ਅਨੁਸਾਰ ਗਮਾਡਾ ਨੇ ਬੱਲੋਮਾਜਰਾ ਵਿਚ ਏਅਰਪੋਰਟ ਰੋਡ ਲਈ 2007 ਵਿਚ ਜ਼ਮੀਨ ਐਕਵਾਇਰ ਕੀਤੀ ਸੀ। ਉਦੋਂ ਗਮਾਡਾ ਨੇ ਜ਼ਮੀਨ ਦਾ ਪ੍ਰਤੀ ਏਕਡ 1.50 ਕਰੋੜ ਦਿਤਾ ਸੀ। ਜੋ ਅਦਾਲਤ ਨੇ ਮੁਆਵਜ਼ਾ ਰਾਸ਼ੀ ਵਧਾ ਕੇ 2.50 ਕਰੋੜ ਕਰ ਦਿਤਾ ਸੀ। ਇਸੇ ਤਰ੍ਹਾਂ ਪਿੰਡ ਚਿਲ੍ਹਾ ਵਿਚ 40 ਲੱਖ ਤੋਂ ਵਧਾ ਕੇ ਅਦਾਲਤ ਨੇ ਮੁਆਵਜ਼ਾ ਰਾਸ਼ੀ 55 ਲੱਖ ਕੀਤੀ ਸੀ।