
ਚੰਡੀਗੜ੍ਹ, 3 ਜਨਵਰੀ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਿਤੀ ਸਾਧਨਾਂ ਪੱਖੋਂ ਕੰਗਾਲੀ ਦੇ ਰਾਹ ਪੈ ਗਈ ਹੈ ਕਿ ਨਗਰ ਨਿਗਮ ਇਸ ਵਾਰ ਨਵੇਂ ਵਰ੍ਹੇ ਦੇ ਕੈਲੰਡਰ ਤੇ ਡਾਇਰੀਆਂ ਦੇ ਪ੍ਰਕਾਸ਼ਨ 'ਤੇ ਰੋਕ ਲਾ ਕੇ ਪੈਸੇ ਬਚਾਉਣ ਦੀਆਂ ਵਿਉਂਤਾਂ ਬਣਾ ਰਹੀ ਹੈ। ਨਗਰ ਨਿਗਮ ਦੇ ਸੂਤਰਾਂ ਅਨੁਸਾਰ ਆਡਿਟ ਵਿਭਾਗ ਇਸ ਵਾਰ ਨਿਗਮ ਦੇ ਸਟਾਫ਼ ਅਤੇ ਮੀਡੀਆ ਕਰਮਚਾਰੀਆਂ ਨੂੰ ਮੁਫ਼ਤ ਦਿਤੇ ਜਾਣ ਵਾਲੇ ਕੈਲੰਡਰ ਤੇ ਡਾਇਰੀਆਂ 'ਤੇ ਵੀ ਪੂਰੀ ਤਰ੍ਹਾਂ ਰੋਕ ਲਾਉਣ ਜਾ ਰਿਹਾ ਹੈ, ਕਿਉਂਕਿ ਨਿਗਮ ਕੋਲ ਅਗਲੇ ਚਾਰ ਮਹੀਨਿਆਂ ਮਗਰੋਂ ਸਟਾਫ਼ ਨੂੰ ਤਨਖਾਹਾਂ ਦੇਣ ਲਈ ਫ਼ੰਡ ਨਹੀਂ ਬਚਣੇ।
ਚੰਡੀਗੜ੍ਹ ਪ੍ਰਸ਼ਾਸਨ ਦਾ ਇਸ਼ਤਿਹਾਰਾਂ ਉਪਰ ਲੱਖਾਂ ਰੁਪਏ ਖ਼ਰਚ
ਚੰਡੀਗੜ੍ਹ ਪ੍ਰਸ਼ਾਸਨ ਦਾ 26 ਜਨਵਰੀ ਤੇ 15 ਅਗੱਸਤ ਲਈ ਅਖ਼ਬਾਰਾਂ ਨੂੰ ਇਸ਼ਤਿਹਾਰ ਦੇਣ ਲਈ 18 ਲੱਖ ਰੁਪਏ ਦੇ ਲਗਭਗ ਬਜਟ ਖ਼ਰਚ ਹੁੰਦਾ ਹੈ ਪਰੰਤੂ ਨਗਰ ਨਿਗਮ 7.8 ਲੱਖ ਤੋਂ ਹੀ ਭੱਜ ਗਈ ਹੈ, ਜਿਸ ਸਬੰਧੀ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ।ਜ਼ਿਕਰਯੋਗ ਹੈ ਕਿ 1995 ਤੋਂ ਬਣੀ ਨਗਰ ਨਿਗਮ ਚੰਡੀਗੜ੍ਹ ਦੇ ਇਤਿਹਾਸ 'ਚ ਭਾਜਪਾ ਦੇ ਕਬਜ਼ਾ ਵਾਲੀ ਸੰਸਥਾ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਕਿ ਨਗਰ ਨਿਗਮ ਛੋਟੇ-ਛੋਟੇ ਖ਼ਰਚ ਬਚਾ ਕੇ ਰਵਾਇਤਾਂ ਨੂੰ ਛਿੱਕੇ ਟੰਗਣ ਲੱਗੀ ਹੈ।