
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਹੁਣ ਜਦੋਂ ਇਹ ਸਪੱਸ਼ਟ ਹੋ ਗਿਆ ਹੈ ਕਿ 1000 ਕਰੋੜ ਦੇ ਸਿੰਜਾਈ ਘੁਟਾਲੇ ਦੇ ਮੁੱਖ ਦੋਸ਼ੀ ਨੇ ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨੇੜਲੇ ਸਹਿਯੋਗੀਆਂ ਅਤੇ ਸਾਂਝੀਦਾਰ ਵਲੋਂ ਦਿਤੀ ਰੇਤ ਖੱਡਾਂ ਦੀ ਬੋਲੀ ਵਾਸਤੇ ਪੈਸਾ ਲਾਇਆ ਸੀ ਤਾਂ ਉਸ ਵਿਰੁਧ ਬਿਨਾਂ ਦੇਰੀ ਤੋਂ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਜਾਂਚ ਹੋਣੀ ਚਾਹੀਦੀ ਹੈ।
ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂਆਂ ਅਤੇ ਸਾਂਸਦਾਂ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਨੂੰ ਰਾਣਾ ਗੁਰਜੀਤ ਸਿੰਘ ਦੇ ਮੰਤਰਾਲੇ ਵਲੋਂ ਸਿੰਜਾਈ ਘੁਟਾਲੇ ਦੇ ਮੁੱਖ ਦੋਸ਼ੀ ਠੇਕੇਦਾਰ ਗੁਰਿੰਦਰ ਸਿੰਘ ਨੂੰ ਜਾਰੀ ਕੀਤੇ 4 ਕਰੋੜ ਰੁਪਏ ਦੀ ਵੀ ਜਾਂਚ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਿੰਜਾਈ ਮੰਤਰਾਲਾ ਇਕ ਅਜਿਹੇ ਠੇਕੇਦਾਰ ਨੂੰ ਪੈਸੇ ਕਿਵੇਂ ਜਾਰੀ ਕਰ ਸਕਦਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜਾ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਿਆ ਹੈ? ਇਸ ਠੇਕੇਦਾਰ ਦੀ ਰਾਣਾ ਗੁਰਜੀਤ ਦੇ ਸਹਿਯੋਗੀਆਂ ਨੂੰ ਅਲਾਟ ਕੀਤੀਆਂ ਰੇਤ ਖੱਡਾਂ ਵਿਚ ਸਿੱਧੀ ਸ਼ਮੂਲੀਅਤ ਕਰਕੇ ਹੀ ਸਿੰਜਾਈ ਮੰਤਰਾਲੇ ਨੇ ਉਸ ਉੱਤੇ ਦਿਆਲ ਰਿਹਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਇਨ੍ਹਾਂ ਦੋਵੇ ਕੇਸਾਂ ਵਿਚ ਮੰਤਰੀ ਅਪਰਾਧਿਕ ਕਾਰਵਾਈ ਲਈ ਦੋਸ਼ੀ ਹੈ, ਕਿਉਂਕਿ ਤੱਥਾਂ ਤੋਂ ਇਸ ਗੱਲ ਦਾ ਪ੍ਰਗਟਾਵਾ ਹੋਇਆ ਹੈ ਕਿ ਸਿੰਜਾਈ ਘੁਟਾਲੇ ਦਾ ਪੈਸਾ ਰਾਣਾ ਗੁਰਜੀਤ ਦੇ ਨੇੜਲੇ ਸਹਿਯੋਗੀਆਂ ਅਤੇ ਸਾਂਝੀਦਾਰ ਕੈਪਟਨ ਜੇ ਐਸ ਰੰਧਾਵਾ ਦੇ ਨਿੱਜੀ ਕਾਰੋਬਾਰਾਂ ਲਈ ਵਰਤਿਆ ਗਿਆ ਸੀ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਹੁਣ ਮੰਤਰੀ ਦੇ ਅਹੁਦੇ ਉੱਤੇ ਨਹੀਂ ਰਹਿ ਸਕਦਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ।
ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਦਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਰੇਤ ਦੀਆਂ ਖੱਡਾਂ ਦੀ ਨੀਲਾਮੀ ਵਿਚ ਹੋਈਆਂ ਬੇਨਿਯਮੀਆਂ ਪ੍ਰਤੀ ਅੱਖਾਂ ਕਿਉਂ ਬੰਦ ਕਰ ਲਈਆਂ ਸਨ ਅਤੇ ਰਾਣਾ ਗੁਰਜੀਤ ਦੇ ਮੰਤਰਾਲੇ ਵਲੋਂ ਇਕ ਦਾਗੀ ਠੇਕੇਦਾਰ ਨੂੰ ਪੈਸੇ ਜਾਰੀ ਕਰ ਕੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਿਉਂ ਕਰਵਾਈ? ਉਨ੍ਹਾਂ ਕਿਹਾ ਕਿ ਜੇ ਹੁਣ ਵੀ ਦੋਸ਼ੀ ਮੰਤਰੀ ਵਿਰੁਧ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬੀ ਇਸ ਦਾ ਇਹ ਅਰਥ ਕੱਢਣਗੇ ਕਿ ਸਮੁੱਚੀ ਸਰਕਾਰ ਹੀ ਇਨ੍ਹਾਂ ਗ਼ੈਰ ਕਾਨੂੰਨੀ ਗਤੀਵਿਧੀਆਂ ਵਿਚ ਗਲਤਾਨ ਹੈ।