
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਲੋਕਾਂ ਅਤੇ ਦੇਸ਼ ਵਿਦੇਸ਼ ਵੱਸਦੇ ਸਮੂਹ ਪੰਜਾਬੀਆਂ ਨੂੰ ਨਵੇਂ ਸਾਲ 2018 ਦੀ ਖ਼ੁਸ਼-ਆਮਦੀਦ ਉੱਪਰ ਸ਼ੁੱਭਕਾਮਨਾਵਾਂ ਦਿਤੀਆਂ ਹਨ।
'ਆਪ' ਵਲੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ, ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂਕੇ, ਸੂਬਾ ਸਕੱਤਰ ਗੁਲਸ਼ਨ ਛਾਬੜਾ, ਖ਼ਜ਼ਾਨਚੀ ਸੁਖਵਿੰਦਰ ਸੁੱਖੀ ਅਤੇ ਸੰਗਠਨਾਤਮਕ ਸਕੱਤਰ ਗੈਰੀ ਵੜਿੰਗ ਨੇ ਕਾਮਨਾ ਕੀਤੀ ਕਿ ਨਵਾਂ ਸਾਲ ਪੰਜਾਬ ਪੰਜਾਬੀਅਤ ਅਤੇ ਪੰਜਾਬੀਆਂ ਲਈ ਮੁਸ਼ਕਲਾਂ-ਮੰਦ ਹਾਲ਼ੀਆਂ ਤੋਂ ਮੁਕਤ ਅਤੇ ਖ਼ੁਸ਼ੀਆਂ-ਖੁਸ਼ਹਾਲੀਆਂ ਨਾਲ ਭਰਪੂਰ ਹੋਵੇ।
ਅਪਣੇ ਸਮੁੱਚੇ ਵਿਧਾਇਕਾਂ ਅਤੇ ਸਥਾਨਕ ਆਗੂਆਂ ਦੀ ਤਰਫ਼ੋਂ ਆਪ ਲੀਡਰਸ਼ਿਪ ਨੇ ਜਿਥੇ ਅਪਣੇ ਵਰਕਰਾਂ ਅਤੇ ਸਮਰੱਥਕਾਂ ਨੂੰ ਹੌਸਲੇ ਬੁਲੰਦ ਅਤੇ ਚੜ੍ਹਦੀਕਲਾ 'ਚ ਰਹਿਣ ਦਾ ਸੱਦਾ ਦਿਤਾ, ਉਥੇ ਇਹ ਵੀ ਅਹਿਦ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬੀਆਂ ਦੀ ਬਿਹਤਰੀ ਅਤੇ ਹੱਕਾਂ ਦੀ ਬਹਾਲੀ ਲਈ ਸੜਕ ਤੋਂ ਲੈ ਕੇ ਵਿਧਾਨ ਸਭਾ ਅਤੇ ਸੰਸਦ ਭਵਨ ਤਕ ਅਪਣੀ ਲੜਾਈ ਜਾਰੀ ਰੱਖੇਗੀ।
'ਆਪ' ਆਗੂਆਂ ਨੇ ਇਹ ਵੀ ਕਾਮਨਾ ਕੀਤੀ ਕਿ ਨਵੇਂ ਸਾਲ 'ਚ ਪ੍ਰਮਾਤਮਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੁਮੱਤ ਬਖ਼ਸ਼ੇ ਕਿ ਉਹ ਨਿੱਜੀ ਅਤੇ ਸੌੜੇ ਸਿਆਸੀ ਹਿਤਾਂ ਦੀ ਥਾਂ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਦੀ ਪੂਰਤੀ ਲਈ ਸਮਰਪਿਤ ਹੋਣ। ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਮੌਕੇ ਕਿਸਾਨਾਂ-ਖੇਤ -ਮਜ਼ਦੂਰਾਂ, ਦਲਿਤਾਂ, ਗ਼ਰੀਬਾਂ, ਬਜ਼ੁਰਗਾਂ, ਵਿਧਵਾਵਾਂ, ਅਪਾਹਜਾਂ, ਬੇਰੁਜ਼ਗਾਰਾਂ ਅਤੇ ਕੱਚੇ ਪੱਕੇ ਕਰਮਚਾਰੀਆਂ ਨਾਲ ਕੀਤੇ ਸਮੂਹ ਵਾਅਦਿਆਂ ਨੂੰ ਪੂਰਾ ਕਰਨ ਲਈ ਮਜ਼ਬੂਤ ਇਰਾਦਾ ਅਤੇ ਇੱਛਾ ਸ਼ਕਤੀ ਦੀ ਬਖਸ਼ਿਸ਼ ਕਰੇ।
'ਆਪ' ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਆਪਣੇ ਵਾਅਦਿਆਂ ਦੀ ਪੂਰਤੀ ਅਤੇ ਪੰਜਾਬ ਦੀ ਬਿਹਤਰੀ ਲਈ ਇੱਕ ਕਦਮ ਪੁੱਟਦੀਆਂ ਤਾਂ ਆਮ ਆਦਮੀ ਪਾਰਟੀ ਉਸਾਰੂ ਵਿਰੋਧੀ ਧਿਰ ਦੀ ਜ਼ਿੰਮੇਵਾਰ ਭੂਮਿਕਾ ਨਿਭਾਉਂਦੇ ਹੋਏ ਦੋ ਕਦਮ ਪੁੱਟ ਕੇ ਸਰਕਾਰ ਦਾ ਸਾਥ ਦੇਵੇਗੀ।