
ਚੰਡੀਗੜ੍ਹੀਏ ਸ਼ਰਾਬ ਪੀ ਕੇ ਵਾਹਨ ਚਲਾਉਣ ਤੋਂ ਨਹੀਂ ਆ ਰਹੇ ਬਾਜ਼
ਚੰਡੀਗੜ, 5 ਅਕਤੂਬਰ (ਤਰੁਣ ਭਜਨੀ): ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਲਗਾਤਾਰ ਸੜਕਾਂ 'ਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਵਿਰੁਧ ਨਾਕੇ ਲਗਾ ਰਹੀ ਹੈ। ਇਸ ਸਾਲ ਹੁਣ ਤਕ 4745 ਲੋਕਾਂ ਵਿਰੁਧ ਡਰੰਕਨ ਡਰਾਈਵਿੰਗ ਦੇ ਚਲਾਨ ਕੀਤੇ ਜਾ ਚੁਕੇ ਹਨ ਅਤੇ ਉਨ੍ਹਾਂ ਦੇ ਵਾਹਨ ਜ਼ਬਤ ਕੀਤੇ ਗਏ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਲੋਕ ਸ਼ਰਾਬ ਪੀ ਕੇ ਵਾਹਨ ਚਲਾਉਣ ਤੋਂ ਬਾਜ਼ ਨਹੀਂ ਆ ਰਹੇ। ਟ੍ਰੈਫ਼ਿਕ ਪੁਲਿਸ ਵਲੋਂ ਹਰ ਬੁਧਵਾਰ ਰਾਤੀ ਸ਼ਹਿਰ ਦੀਆਂ ਸੜਕਾਂ 'ਤੇ ਨਾਕੇ ਲਗਾਏ ਜਾਂਦੇ ਹਨ ਅਤੇ ਇਸ ਦੌਰਾਨ ਸ਼ਰਾਬੀ ਡਰਾਈਵਰਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਬੀਤੇ ਬੁਧਵਾਰ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਨਾਕਿਆਂ ਦੌਰਾਨ ਪੁਲਿਸ ਨੇ ਉਲੰਘਣਾ ਕਰਨ ਵਾਲੇ 86 ਲੋਕਾਂ ਵਿਰੁਧ ਕਾਰਵਾਈ ਕੀਤੀ ਅਤੇ ਉਨ੍ਹਾਂ ਦੇ ਵਾਹਨ ਜ਼ਬਤ ਕੀਤੇ। ਲਗਭਗ ਹਰ ਹਫ਼ਤੇ ਹੀ ਪੁਲਿਸ ਇਨ੍ਹਾਂ ਨਾਕਿਆਂ ਦੌਰਾਨ ਸ਼ਰਾਬੀ ਡਰਾਈਵਰਾਂ ਨੂੰ ਫੜ ਰਹੀ ਹੈ ਅਤੇ ਇਨ੍ਹਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ।
ਇਸ ਦਾ ਇਕ ਹੀ ਮਤਲਬ ਹੈ ਕਿ ਸ਼ਹਿਰ ਦੇ ਲੋਕਾਂ ਨੂੰ ਨਾ ਤਾਂ ਅਪਣੀ ਜਾਨ ਪਿਆਰੀ ਹੈ ਅਤੇ ਨਾ ਹੀ ਦੂਜੇ ਦੀ ਜਾਨ ਦੀ ਪਰਵਾਹ ਹੈ। ਪੁਲਿਸ ਦੀ ਸਖ਼ਤੀ ਵੀ ਸ਼ਰਾਬੀ ਡਰਾਈਵਰਾਂ 'ਤੇ ਕੰਮ ਨਹੀਂ ਕਰ ਰਹੀ। ਇਸ ਸਾਲ ਅਪ੍ਰੈਲ ਮਹੀਨੇ ਵਿਚ ਸੁਪਰੀਮ ਕੋਰਟ ਨੇ ਦੇਸ਼ ਭਰ ਵਿਚ ਰਾਜਮਾਰਗਾਂ 'ਤੇ ਸ਼ਰਾਬ ਦੀ ਵਿਕਰੀ 'ਤੇ ਰੋਕ ਲਗਾ ਦਿਤੀ ਸੀ ਜਿਸ ਨਾਲ ਪੂਰੇ ਦੇਸ਼ ਦੇ ਨਾਲ ਚੰਡੀਗੜ੍ਹ ਵਿਚ 150 ਦੇ ਕਰੀਬ ਪੱਬ, ਸ਼ਰਾਬ ਦੇ ਠੇਕੇ, ਕਲੱਬ ਅਤੇ ਹੋਰ ਸ਼ਰਾਬ ਪਰੋਸਣ ਵਾਲੀਆਂ ਥਾਵਾਂ 'ਤੇ ਇਸ ਦਾ ਅਸਰ ਪਿਆ ਸੀ। ਇਸ ਰੋਕ ਤੋਂ ਬਾਅਦ ਅਪ੍ਰੈਲ ਮਹੀਨੇ ਵਿਚ ਸ਼ਹਿਰ 'ਚ ਸਿਰਫ਼ 147 ਲੋਕਾਂ ਨੂੰ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਦੋਸ਼ ਵਿਚ ਕਾਬੂ ਕੀਤਾ ਗਿਆ ਸੀ ਜਦਕਿ ਰੋਕ ਹਟਣ ਤੋਂ ਬਾਅਦ ਅਗੱਸਤ ਮਹੀਨੇ ਵਿਚ ਹੁਣ ਤਕ ਦੇ ਸੱਭ ਤੋਂ ਵਧ 873 ਲੋਕਾਂ ਨੂੰ ਸ਼ਰਾਬ ਪੀ ਕੇ ਵਾਹਨ ਚਲਾਉਂਦਿਆਂ ਕਾਬੂ ਕੀਤਾ ਗਿਆ।