
ਚੰਡੀਗੜ੍ਹ, 30 ਸਤੰਬਰ
(ਸਰਬਜੀਤ ਢਿੱਲੋਂ) : ਬਦੀ ਉਤੇ ਨੇਕੀ ਦੀ ਜਿੱਤ ਲਈ ਜਾਣਿਆ ਜਾਂਦਾ ਦੁਸਹਿਰਾ ਦਾ ਪੁਰਾਤਨ
ਤਿਉਹਾਰ ਅੱਜ ਚੰਡੀਗੜ੍ਹ ਸ਼ਹਿਰ ਵਿਚ ਕਈ ਥਾਵਾਂ 'ਤੇ ਰਾਮਲੀਲਾ ਕਮੇਟੀਆਂ ਨੇ ਧੂਮਧਾਮ ਨਾਲ
ਮਨਾਇਆ। ਇਸ ਸਬੰਧੀ ਲੋਕਾਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਸ਼ਹਿਰ ਦੇ ਤਕਰੀਬਨ 24
ਥਾਵਾਂ 'ਤੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਇਸ ਦੇ ਨਾਲ ਹੀ
ਬਾਜ਼ਾਰਾਂ ਵਿਚ ਭਗਵਾਨ ਰਾਮ ਚੰਦਰ, ਲਕਸ਼ਮਣ ਅਤੇ ਸੀਤਾ ਮਾਤਾ ਦੀਆਂ ਵਿਸ਼ਾਲ ਝਾਕੀਆਂ ਕੱਢੀਆਂ
ਗਈਆਂ। ਸੈਕਟਰ-46ਡੀ ਵਿਚ ਸਨਾਤਨ ਧਰਮ ਸਭਾ ਅਤੇ ਰਾਮਲੀਲਾ ਕਮੇਟੀ ਵਲੋਂ ਰਾਵਣ ਦਾ 83
ਫ਼ੁਟ ਉੱਚਾ ਪੁਤਲਾ ਸਾੜਿਆ ਗਿਆ। ਇਥੇ ਹੀ ਮੇਘਨਾਥ ਅਤੇ ਕੁੰਭਕਰਨ ਦੇ 70-70 ਫ਼ੁਟ ਦੇ
ਪੁਤਲੇ ਸਾੜੇ ਗਏ। ਇਸ ਦੌਰਾਨ ਆਤਿਸ਼ਬਾਜ਼ੀ ਵੀ ਚਲਾਈ ਗਈ। ਸਨਾਤਨ ਧਰਮ ਸਭਾ ਵਲੋਂ ਪੁਤਲੇ
ਸਾੜਨ ਤੋਂ ਪਹਿਲਾਂ ਹਵਾਈ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਵੀ ਕਰਵਾਈ ਗਈ। ਇਥੇ ਚੰਡੀਗੜ੍ਹ
ਪ੍ਰਸ਼ਾਸਨ ਦੇ ਵਿੱਤ ਸਕੱਤਰ ਅਜੌਏ ਕੁਮਾਰ ਸਿਨਹਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ
ਸਮਾਗਮ ਵਿਚ ਘੱਟੋ-ਘੱਟ ਇਕ ਲੱਖ ਲੋਕਾਂ ਨੇ ਭਾਗ ਲਿਆ। ਕਮੇਟੀ ਦੇ ਪ੍ਰਬੰਧਕ ਅਤੇ ਸਾਬਕਾ
ਕੌਂਸਲਰ ਜਤਿੰਦਰ ਭਾਟੀਆ ਨੇ ਕਿਹਾ ਕਿ ਕਮੇਟੀ ਵਲੋਂ 'ਨਾਰੀ ਦਾ ਕਰੋ ਸਨਮਾਨ ਤਾਂ ਹੀ
ਬਣੇਗਾ ਦੇਸ਼ ਮਹਾਨ' ਦਾ ਨਾਹਰਾ ਦਿਤਾ ਗਿਆ ਸੀ ਤਾਕਿ ਔਰਤਾਂ ਅਤੇ ਲੜਕੀਆਂ ਦਾ ਸਮਾਜ ਵਿਚ
ਰੁਤਬਾ ਉੱਚਾ ਹੋਵੇ। ਸਨਾਤਨ ਧਰਮ ਸਭਾ ਵਲੋਂ ਸੈਕਟਰ-32 ਦੇ ਐਸ.ਡੀ. ਕਾਲਜ ਦੇ ਪ੍ਰਿੰਸੀਪਲ
ਭੂਸ਼ਨ ਕੁਮਾਰ ਸ਼ਰਮਾ, ਕਾਲਜ ਕਮੇਟੀ ਦੇ ਪ੍ਰਧਾਨ ਉਪਕਾਰ ਕ੍ਰਿਸ਼ਨ ਸ਼ਰਮਾ ਅਤੇ ਚੰਡੀਗੜ੍ਹ
ਪ੍ਰਸ਼ਾਸਨ ਦੇ ਚੀਫ਼ ਇੰਜੀਨੀਅਰ ਮੁਕੇਸ਼, ਨਗਰ ਨਿਗਮ ਦੇ ਚੀਫ਼ ਇੰਜੀਨੀਅਰ ਨਰਿੰਦਰ ਸ਼ਰਮਾ ਤੋਂ
ਇਲਾਵਾ ਹੋਰਨਾਂ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ।
ਹੋਰਨਾਂ ਸੈਕਟਰਾਂ ਜਿਵੇਂ
27, 34, 19, 40, 38 ਤੋਂ ਇਲਾਵਾ ਡੱਡੂਮਾਜਰਾ, ਮਲੋਆ, ਮਨੀਮਾਜਰਾ ਵਿਚ ਵੀ ਰਾਵਣ,
ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਇਸ ਦੌਰਾਨ ਸ਼ਹਿਰ ਵਿਚ ਛੋਟੀਆਂ-ਮੋਟੀਆਂ
ਘਟਨਾਵਾਂ ਜ਼ਰੂਰ ਹੋਈਆਂ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।