
ਚੰਡੀਗੜ੍ਹ, 25
ਸਤੰਬਰ (ਤਰੁਣ ਭਜਨੀ) : ਬਲੂ ਵ੍ਹੇਲ ਗੇਮ ਨੇ ਸਨਿਚਰਵਾਰ ਪੰਚਕੂਲਾ ਸਥਿਤ ਸੈਕਟਰ-4 ਦੇ ਇਕ
16 ਸਾਲਾ ਬੱਚੇ ਦੀ ਜਾਨ ਲੈ ਲਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੇ ਨੇ ਆਤਮਹਤਿਆ ਕੇਵਲ
ਬਲੂ ਵੇਲ੍ਹ ਗੇਮ ਕਰਕੇ ਕੀਤੀ ਹੈ। ਸ਼ਨਿਚਰਵਾਰ ਉਸ ਦੀ ਲਾਸ਼ ਕਮਰੇ ਵਿਚ ਪੱਖੇ ਨਾਲ ਲਮਕੀ
ਹੋਈ ਮਿਲੀ ਸੀ। ਮ੍ਰਿਤਕ ਦੀ ਪਛਾਣ ਕਰਣ ਠਾਕੁਰ ਦੇ ਰੂਪ ਵਿਚ ਹੋਈ ਹੈ। ਕਰਣ ਠਾਕੁਰ
ਚੰਡੀਗੜ੍ਹ ਸਥਿਤ ਸੈਕਟਰ-8 ਦੇ ਡੀ ਏ ਵੀ ਸਕੂਲ ਵਿਚ 10ਵੀਂ ਜਮਾਤ ਦਾ ਵਿਦਿਆਰਥੀ ਸੀ।
ਮੌਕੇ 'ਤੇ ਪੰਚਕੂਲਾ ਪੁਲਿਸ ਤੋਂ ਇਲਾਵਾ ਸੀ ਐਫ਼ ਐਸ ਐਲ ਦੀ ਟੀਮ ਨੇ ਜਾਇਜ਼ਾ ਲਿਆ।
ਪੰਚਕੂਲਾ ਦੇ ਡੀ ਸੀ ਪੀ ਮਨਵੀਰ ਸਿੰਘ ਨੇ ਦਸਿਆ ਕਿ ਸੋਮਵਾਰ ਨੂੰ ਬੱਚੇ ਦੇ ਪਰਵਾਰ ਵਾਲਿਆਂ ਨੇ ਪੁਲਿਸ ਨੂੰ ਦਸਿਆ ਕਿ ਉਨ੍ਹਾ ਨੂੰ ਮ੍ਰਿਤਕ ਬੱਚੇ ਦੀ ਡਾਇਰੀ ਅਤੇ ਕਾਪੀ ਵਿਚ ਕੁੱਝ ਡਾਇਗਰਾਮ ਬਣੇ ਹੋਏ ਮਿਲੇ ਹਨ ਜਿਸ ਨੂੰ ਵੇਖ ਕੇ ਲਗਦਾ ਹੈ ਕਿ ਬੱਚਾ ਬਲੂ ਵ੍ਹੇਲ ਗੇਮ ਖੇਡ ਰਿਹਾ ਸੀ। ਹਾਲਾਂਕਿ ਬੱਚੇ ਦੇ ਸ਼ਰੀਰ ਤੇ ਕੋਈ ਵੀ ਬਲੂ ਵ੍ਹੇਲ ਬਣੀ ਹੋਈ ਨਹੀ ਮਿਲੀ ਹੈ।
ਸਪੋਕਸਮੈਨ
ਨਾਲ ਗੱਲਬਾਤ ਕਰਦੇ ਹੋਏ ਕਰਣ ਠਾਕੁਰ ਦੀ ਭੈਣ ਮੋਨਿਕਾ ਅਤੇ ਅਭਿਸ਼ੇਕ ਨੇ ਦਸਿਆ ਕਿ
ਉਨ੍ਹਾਂ ਨੂੰ ਕਰਣ ਦੀ ਕਿਤਾਬਾਂ ਵਿਚ ਇਕ ਕਾਪੀ ਮਿਲੀ ਜਿਸ ਵਿਚ ਉਸ ਨੇ ਕੁੱਝ ਡਾਇਗ੍ਰਾਮ
ਬਣਾਏ ਹੋਏ ਸਨ। ਇਕ ਡਾਇਗ੍ਰਾਮ ਪੱਖੇ ਨਾਲ ਲਮਕਿਆ ਦਾ ਸੀ, ਦੂਜੇ ਕਾਰ ਥੱਲੇ ਆਉਣ ਦਾ ਸੀ
ਅਤੇ ਤੀਜੇ ਵਿਚ ਕੋਈ ਛੱਤ ਤੋਂ ਛਾਲ ਮਾਰਨ ਦਾ ਸੀ। ਮੋਨਿਕਾ ਨੇ ਦਸਿਆ ਕਿ ਇਸ ਤੋਂ ਬਾਅਦ
ਉਨ੍ਹਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਕਾਫ਼ੀ ਸਮੇਂ ਤੋਂ ਆਨਲਾਈਨ ਗੇਮ ਖੇਡ ਰਿਹਾ
ਸੀ ਅਤੇ ਪਰਵਾਰ ਨੂੰ ਵੀ ਕਈਂ ਵਾਰ ਅਪਣੀ ਗੇਮ ਬਾਰੇ ਹਲਕਾ ਇਸਾਰਾ ਕਰ ਚੁਕਾ ਸੀ। ਉਸ ਨੇ
ਅਪਣੇ ਪਰਵਾਰ ਨੂੰ ਕਿਹਾ ਸੀ ਕਿ ਉਹ ਗੇਮ ਵਿਚ ਫਸ ਗਿਆ ਹੈ ਅਤੇ ਉਹ ਉਸ ਨੂੰ ਕਿਸੇ ਡਾਕਟਰ
ਕੋਲੋਂ ਉਸ ਦਾ ਇਲਾਜ ਕਰਵਾਉਣ।
ਹਾਲਾਂਕਿ ਪਰਵਾਰ ਨੂੰ ਉਸ ਸਮੇਂ ਇਹ ਸਮਝ ਨਹੀ ਆਇਆ ਕਿ
ਕਰਣ ਬਲੂ ਵ੍ਹੇਲ ਵਰਗੀ ਖ਼ਤਰਨਾਕ ਗੇਮ ਖੇਡ ਰਿਹਾ ਹੈ। ਮੋਨਿਕਾ ਨੇ ਦਸਿਆ ਕਿ ਉਹ ਇਕ ਦਿਨ
ਉਸ ਨੂੰ ਮਨੋਵਿਗਿਆਨਕ ਕੋਲ ਲੈ ਕੇ ਵੀ ਗਏ ਸਨ ਪਰ ਉਸ ਦਿਨ ਡਾਕਟਰ ਉਨ੍ਹਾਂ ਨੂੰ ਨਹੀ
ਮਿਲਿਆ ਸੀ।