
ਚੰਡੀਗੜ੍ਹ, 3 ਜਨਵਰੀ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ 2018 'ਚ ਹੋਣ ਵਾਲੀਆਂ ਚੋਣਾਂ ਦੇ ਸਬੰਧ 'ਚ ਭਾਜਪਾ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਸਵੇਰੇ 11 ਵਜੇ ਯੂ.ਟੀ. ਗੈਸਟ ਹਾਊਸ 'ਚ ਹੋਈ, ਜਿਥੇ ਪਾਰਟੀ ਦੀਆਂ ਲੀਹਾਂ ਤੋਂ ਉਲਟ ਨਿਗਮ ਚੋਣਾਂ 'ਚ ਸੰਜੇ ਟੰਡਨ ਧੜੇ ਨੇ ਖੁਲ੍ਹੀ ਬਗ਼ਾਵਤ ਕਰਦਿਆਂ ਸਿਟਿੰਗ ਮੇਅਰ ਆਸ਼ਾ ਜੈਸਵਾਲ ਦੀ ਅਗਵਾਈ 'ਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਰਿਟਰਨਿੰਗ ਅਫ਼ਸਰ ਅੱਗੇ ਦੋਵੇਂ ਧੜਿਆਂ ਨੇ ਵੱਖ-ਵੱਖ ਨਾਮਜ਼ਦਗੀਆਂ ਭਰ ਦਿਤੀਆਂ।ਭਾਜਪਾ ਪਾਰਟੀ ਵਲੋਂ ਮੇਅਰ ਦੀ ਸੀਟ ਲਈ ਸੱਤਪਾਲ ਜੈਨ ਸਾਬਕਾ ਐਮ.ਪੀ. ਧੜੇ ਨਾਲ ਸਬੰਧਤ ਦਿਨੇਸ਼ ਮੋਦਗਿਲ ਅਤੇ ਸੀਨੀਅਰ ਡਿਪਟੀ ਮੇਅਰ ਦੀ ਸੀਟ ਲਈ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਡਿਪਟੀ ਮੇਅਰ ਲਈ ਵਿਨੋਦ ਅਗਰਵਾਲ ਨੂੰ ਉਮੀਦਵਾਰ ਐਲਾਨ ਦਿਤਾ, ਜਿਸ ਨਾਲ ਸੀਨੀਅਰ ਆਗੂਆਂ ਅਤੇ ਪਾਰਟੀ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਨੂੰ ਵੱਡੀ ਨਮੋਸ਼ੀ ਸਹਿਣੀ ਪਈ।ਦੂਜੇ ਪਾਸੇ ਸੰਜੇ ਟੰਡਨ ਦੇ ਗਰੁਪ ਵਲੋਂ ਮੌਜੂਦਾ ਮੇਅਰ ਆਸ਼ਾ ਜੈਸਵਾਲ ਨੂੰ ਦੂਜੀ ਵਾਰੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਲਈ ਰਵੀਕਾਂਤ ਸ਼ਰਮਾ ਤੇ ਡਿਪਟੀ ਲਈ ਵਿਨੋਦ ਅਗਰਵਾਲ ਨੂੰ ਉਮੀਦਵਾਰ ਬਣਾ ਕੇ ਕਾਗਜ਼ ਭਰੇ ਗਏ।
ਦਸਣਾ ਬਣਦਾ ਹੈ ਕਿ ਭਾਜਪਾ ਕੋਲ ਕੁਲ 22 ਕੌਂਸਲਰ ਹਨ ਤੇ 4 ਕੌਂਸਲਰ ਕਾਂਗਰਸ ਕੋਲ ਹਨ, ਜਿਨ੍ਹਾਂ ਨੇ ਵੀ ਸੀਨੀਅਰ ਕੌਂਸਲ ਦਵਿੰਦਰ ਬਬਲਾ ਨੂੰ ਮੇਅਰ, ਸ਼ੀਲਾ ਦੇਵੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਰਾਜਵਿੰਦਰ ਕੌਰ ਗੁਜਰਾਲ ਨੂੰ ਲੰਘੀ 3 ਜਨਵਰੀ ਨੂੰ ਉਮੀਦਵਾਰ ਐਲਾਨ ਕੇ ਨਾਮਜ਼ਦਗੀ ਦਾਖ਼ਲ ਕੀਤੀ। ਚੋਣਾਂ 9 ਜਨਵਰੀ ਨੂੰ ਹੋਣਗੀਆਂ, ਜਦਕਿ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਅੱਜ ਆਖ਼ਰੀ ਦਿਨ ਸੀ। ਭਾਜਪਾ ਦੀ ਬਗ਼ਾਵਤ ਨਾਲ ਕਾਂਗਰਸ ਨੂੰ ਲਾਭ ਹੋਣ ਦੀ ਉਮੀਦ ਵਧ ਗਈ ਹੈ।
ਭਾਜਪਾ ਪ੍ਰਧਾਨ, ਪਾਰਟੀ ਮਾਮਲਿਆਂ ਦੇ ਇੰਚਾਰਜ ਤੇ ਕੌਮੀ ਸਕੱਤਰ ਦਿਨੇਸ਼ ਕੁਮਾਰ ਨੂੰ ਹੋਈ ਨਮੋਸ਼ੀ15 ਸਾਲਾਂ ਬਾਅਦ ਵੱਡੇ ਅਰਸੇ ਮਗਰੋਂ ਭਾਜਪਾ ਭਾਰੀ ਬਹੁਮਤ ਨਾਲ ਜਿੱਤੀ ਸੀ। ਪਾਰਟੀ ਦੇ ਸੀਨੀਅਰ ਆਗੂਆਂ ਸਾਂਸਦ ਕਿਰਨ ਖੇਰ ਦੀ ਸਵੇਰ ਤੋਂ ਲੈ ਕੇ ਸਵੇਰੇ ਤੋਂ ਲੈ ਕੇ ਦੁਪਹਿਰ ਦੋ ਵਜੇ ਤਕ ਮੀਟਿੰਗ ਚਲੀ। ਇਸ ਮੌਕੇ ਕੋਰ ਕਮੇਟੀ ਵਲੋਂ ਇਕ-ਇਕ ਕੌਂਸਲਰ ਦੇ ਵਿਚਾਰ ਜਾਣੇ ਗਏ ਪਰੰਤੂ ਕਿਸੇ ਵੀ ਇਕ ਦੇ ਨਾਂ 'ਤੇ ਸਹਿਮਤੀ ਨਹੀਂ ਬਣੀ, ਜਿਸ ਵਿਚ ਅਰੁਣ ਸੂਦ ਅਤੇ ਦਿਨੇਸ਼ ਮੋਦਗਿਲ ਦੇ ਨਾਂ ਸੱਭ ਤੋਂ ਮੂਹਰਲੀ ਕਤਾਰ 'ਚ ਸਨ ਪਰੰਤੂ ਅਖ਼ੀਰ ਸਾਬਕਾ ਐਮ.ਪੀ. ਸੱਤਪਾਲ ਜੈਨ ਦੀ ਸਿਆਸਤ ਹੀ ਚੱਲੀ, ਜਦਕਿ ਸੰਜੇ ਟੰਡਨ ਦਾ ਧੜਾ ਖੁਲ੍ਹੀ ਬਗ਼ਾਵਤ ਕਰਨ ਲਈ ਆਜ਼ਾਦ ਉਮੀਦਵਾਰ ਵਜੋਂ ਪੇਪਰ ਭਰ ਗਿਆ, ਜਿਸ ਨਾਲ ਪਾਰਟੀ ਆਗੂਆਂ ਨੂੰ ਭਾਰੀ ਨਮੋਸ਼ੀ ਸਹਿਣੀ ਪਈ।