
ਚੰਡੀਗੜ੍ਹ, 28 ਦਸੰਬਰ (ਬਠਲਾਣਾ): ਭਾਰਤੀ ਹਾਕੀ ਟੀਮ ਦੇ ਗੋਲਡਨ ਬੁਆਏ ਨਾਲ ਜਾਣੇ ਜਾਂਦੇ 93 ਸਾਲਾ ਬਲਬੀਰ ਸਿੰਘ ਸੀਨੀਅਰ ਨੇ ਕਿਹਾ ਕਿ ਪੜ੍ਹਾਈ 'ਚ ਫ਼ੇਲ ਹੋਣਾ ਉਨ੍ਹਾਂ ਲਈ ਵਰਦਾਨ ਸਾਬਤ ਹੋਇਆ ਕਿਉਂÎਕ ਉਸ ਤੋਂ ਬਾਅਦ ਹੀ ਉਨ੍ਹਾਂ ਸਿੱਖ ਨੈਸ਼ਨਲ ਕਾਲਜ, ਲਾਹੌਰ ਤੋਂ ਬਕਾਇਦਾ ਹਾਕੀ ਖੇਡਣੀ ਸ਼ੁਰੂ ਕੀਤੀ। ਉਹ ਅੱਜ ਪੰਜਾਬ ਯੂਨੀਵਰਸਟੀ 'ਚ ਨਵੀਂ ਲਾਈ ਐਸਟੋਰ-ਟਰਫ਼ ਦਾ ਉਦਘਾਟਨ ਕਰਨ ਪੁੱਜੇ ਸਨ। ਸਾਲ 1948, 1952 ਅਤੇ 1956 ਵਿਚ ਹੋਈਆਂ ਉਲੰਪਿਕ ਖੇਡਾਂ ਵਿਚ ਭਾਰਤ ਨੂੰ ਸੋਨੇ ਦਾ ਤਮਗ਼ਾ ਦਿਵਾਉਣ ਵਾਲੇ ਬੀਲਬੀਰ ਸਿੰਘ ਸੀਨੀਅਰ ਨੇ ਨਵੇਂ ਖਿਡਾਰੀਆਂ ਨੂੰ ਸੱਦਾ ਦਿਤਾ ਕਿ ਉਹ ਦੇਸ਼ ਦੀ ਖ਼ਾਤਰ ਖੇਡਣ ਲਈ ਮਿਹਨਤ ਕਰਨ। ਭਾਰਤੀ ਹਾਕੀ ਟੀਮ ਦੇ ਇਕ ਸਾਬਕਾ ਕਪਤਾਨ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਖਿਡਾਰੀਆਂ ਨੂੰ ਨਸੀਅਤ ਦਿਤੀ ਕਿ ਜੋਸ਼ ਨਾਲ ਹੋਸ਼ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਡ ਦੀ ਜੋਸ਼ ਕਾਰਨ ਪੜ੍ਹਾਈ ਨੂੰ ਅਣਗੋਲੇ ਨਹੀਂ ਕਰਨਾ ਚਾਹੀਦਾ। ਇਸ ਤੋਂ ਪਹਿਲਾ ਅਰੁਨ ਗਰੋਵਰ ਨੇ ਮੰਨਿਆ ਭਾਵੇਂ ਐਸਟਰੋ ਟਰਫ਼ ਲਗਾਉਣ 'ਚ ਦੇਰੀ ਜ਼ਰੂਰੀ ਹੋਈ ਹੈ ਪਰ ਇਸ ਦੇ ਮੁਕੰਮਲ ਕਰਨ ਨਾਲ ਸਾਨੂੰ ਖ਼ੁਸ਼ੀ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਨੂੰ ਪੂਰਾ ਕਰਨ ਲਈ ਲਗਭਗ 5 ਸਾਲ ਦਾ ਸਮਾਂ ਲੱਗਾ ਹੈ ਕਿਉਂਕਿ ਇਕ ਵਾਰੀ ਹੋਰ ਰੰਗ ਦੀ ਟਰਫ਼ ਆ ਗਈ ਸੀ ਜੋ ਵਾਪਸ ਕਰਨੀ ਪਈ। ਇਸ ਨਾਲ ਦੋ ਸਾਲ ਦੀ ਦੇਰੀ ਹੋਈ ਹੈ।
33 ਟੀਮ ਲੈਣਗੀਆਂ ਭਾਗ: ਅੱਜ ਤੋਂ ਸ਼ੁਰੂ ਹੋਈਆਂ ਅੰਤਰ-ਯੂਨੀਵਰਸਟੀ ਉੱਤਰੀ ਜੋਨ ਚੈਂਪੀਅਨਸ਼ਿਪ ਵਿਚ ਦੇਸ਼ ਭਰ ਤੋਂ 33 ਟੀਮਾਂ ਭਾਗ ਲੈ ਰਹੀਆਂ ਹਨ। ਬਲਬੀਰ ਸਿੰਘ ਸੀਨੀਅਰ ਤੇ ਪ੍ਰਗਟ ਸਿੰਘ ਨੇ ਉਦਘਾਟਨੀ ਮੈਚ ਜੋ ਦਿੱਲੀ ਯੂਨੀਵਰਸਟੀ ਅਤੇ ਅਲੀਗੜ੍ਹ ਯੂਨੀਵਰਸਟੀ ਦੇ ਖਿਡਾਰੀਆਂ ਵਿਚ ਖੇਡਿਆ ਗਿਆ, ਦਾ ਉਦਘਾਟਨ ਵੀ ਕੀਤਾ। ਪਹਿਲੇ ਦਿਨ ਕੁੱਝ ਟੀਮਾਂ ਦੇ ਸਮੇਂ ਸਿਰ ਨਾ ਪੁੱਜਣ ਕਰ ਕੇ 4 ਟੀਮਾਂ ਅਲਾਹਾਬਾਦ ਯੂਨੀਵਰਸਟੀ, ਕਮਾਊ ਯੂਨੀਵਰਸਟੀ ਨੈਨੀਤਾਲ, ਰੋਹਿਲਖੰਡ ਯੂਨੀਵਰਸਟੀ ਅਤੇ ਉਤਰਾਖੰਡ ਤੇ ਗੜ੍ਹਵਾਲ ਯੂਨੀਵਰਸਟੀ ਨੂੰ ਵਾਕ-ਓਵਰ ਰਾਹੀਂ ਜਿੱਤ ਹਾਸਲ ਹੋਏ। ਅੱਜ ਹੋਏ ਬਾਕੀ ਮੁਕਾਬਿਲਆਂ ਵਿਚ ਦਿੱਲੀ ਯੂਨੀਵਰਸਟੀ ਨੇ ਅਲੀਗੜ੍ਹ ਯੂਨੀਵਰਸਟੀ ਨੂੰ ਸਿਫ਼ਰ ਦੇ ਮੁਕਾਬਲੇ 2 ਗੋਲਾਂ ਨਾਲ ਹਰਾਇਆ। ਕੁਰੂਕਸ਼ੇਤਰ ਯੂਨੀਵਰਸਟੀ ਨੇ ਲਖਨਊ ਯੂਨੀਵਰਸਟੀ ਨੂੰ 4-0 ਨਾਲ, ਐਮ.ਡੀ.ਯੂ. ਰੋਹਤਕ ਨੇ ਡਾ. ਅੰਬੇਦਕਰ ਯੂਨੀਵਰਸਟੀ ਆਗਰਾ ਨੂੰ13-1 ਨਾਲ ਅਤੇ ਯੂਨੀਵਰਸਟੀ ਆਫ਼ ਕਸ਼ਮੀਰ ਨੇ ਯੂਨੀਵਰਸਟੀ ਆਫ਼ ਅਲਾਹਾਬਾਦ ਨੂੰ 1-0 ਨਾਲ ਹਰਾਇਆ।