
ਪਟਿਆਲਾ, 26 ਸਤੰਬਰ (ਬਲਵਿੰਦਰ
ਸਿੰਘ ਭੁੱਲਰ): ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀਆ ਪ੍ਰਮੱਖ ਜਥੇਬੰਦੀਆਂ ਦੇ ਬਿਜਲੀ
ਮੁਲਾਜ਼ਮ ਏਕਤਾ ਮੰਚ ਪੰਜਾਬ ਨੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਟ ਬਠਿੰਡਾ ਦੇ 460
ਮੈਗਾਵਾਟ ਦੇ 2 ਯੂਨਿਟ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਰੋਪੜ ਤਾਪ ਬਿਜਲੀ ਘਰ ਦੇ
1260 ਮੈਗਾਵਾਟ ਦੇ ਤਿੰਨ ਯੂਨਿਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੇ ਵਿਰੋਧ ਵਿਚ 10
ਅਕੂਤਬਰ ਨੂੰ ਰੋਪੜ ਤਾਪ ਬਿਜਲੀ ਘਰ ਅਤੇ 13 ਅਕਤੂਬਰ ਨੁੰ ਬਠਿੰਡਾ ਤਾਪ ਬਿਜਲੀ ਘਰਾਂ ਦੇ
ਸਾਹਮਣੇ ਪ੍ਰਤੀਨਿਧ ਰੋਸ ਮੁਜਾਹਰੇ ਕਰਨ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਫ਼ੈਸਲਾ ਅੱਜ ਇਥੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਦੇਰ ਰਾਤ ਤਕ ਚੱਲੀ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦਸਿਆ ਕਿ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ ਦੀ ਪ੍ਰਧਾਨਗੀ ਹੇਠ ਹੋਈ। ਬਿਜਲੀ ਏਕਤਾ ਮੰਚ ਪੰਜਾਬ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ, ਜਰਨੈਲ ਸਿੰਘ ਚੀਮਾ ਅਤੇ ਮਹਿੰਦਰ ਸਿੰਘ ਲਹਿਰਾ ਨੇ ਕਿਹਾ ਕਿ ਇਨ੍ਹਾਂ ਤਾਪ ਬਿਜਲੀ ਘਰਾਂ ਦੇ ਬੰਦ ਹੋਣ ਨਾਲ ਇਥੇ ਕੰਮ ਕਰ ਰਹੇ ਕਰਮਚਾਰੀਆਂ ਅਤੇ ਅਫ਼ਸਰਾਂ ਦੇ ਕੰਮਕਾਜ 'ਤੇ ਭਾਰੀ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਸੈਕਟਰ ਦੇ ਇਨ੍ਹਾਂ ਤਾਪ ਬਿਜਲੀ ਘਰਾਂ ਨੇ ਪੰਜਾਬ ਦੀ ਖੇਤੀ ਅਤੇ ਸਨਅਤੀ ਖੇਤਰ ਨੂੰ ਪੈਰਾਂ 'ਤੇ ਖੜਾ ਕਰਨ 'ਚ ਅਹਿਮ ਯੋਗਦਾਨ ਪਾਇਆ ਹੈ।
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਖੇਤਰ ਦੇ ਤਾਪ ਬਿਜਲੀ ਘਰਾਂ ਨੇ ਬੇਰੁਜ਼ਗਾਰੀ ਖ਼ਤਮ ਕਰਨ ਲਈ
ਅਪਣੀ ਭੁਮਿਕਾ ਅਦਾ ਨਹੀਂ ਕੀਤੀ ਜਦ ਕਿ ਸਰਕਾਰੀ ਖੇਤਰ ਦੇ ਬਿਜਲੀ ਘਰਾਂ ਨੇ ਲੋਕਾਂ ਨੂੰ
ਰੁਜ਼ਗਾਰ ਦੇਣ ਵਿਚ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਤਾਪ ਘਰ ਬੰਦ
ਹੋਣ ਨਾਲ ਮੁਲਾਜ਼ਮਾਂ ਨੂੰ ਘਰ ਤੋ ਬੇਘਰ ਹੋਣਾ ਪਵੇਗਾ।
ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਉਹ ਨਿੱਜੀ ਖੇਤਰ ਨੂੰ ਉਤਸ਼ਾਹਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਦੀ ਇਜਾਰੇਦਾਰੀ ਕਾਇਮ ਹੋਣ ਨਾਲ ਆਮ ਲੋਕਾਂ ਨੂੰ ਬਿਜਲੀ ਖੇਤਰ ਵਿਚ ਲਾਭ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਿਜਲੀ ਕਾਮੇ 10 ਅਕਤੂਬਰ ਤੋਂ 30 ਨਵੰਬਰ ਤਕ ਪੰਜਾਬ ਬਿਜਲੀ ਨਿਗਮ ਦੀਆਂ 109 ਡਵੀਜ਼ਨਾਂ ਵਿਚ ਪੋਲ ਖੋਲ ਰੈਲੀਆਂ ਕਰਨਗੇ। ਇਨ੍ਹਾਂ ਰੈਲੀਆਂ ਵਿਚ ਮੁਲਾਜ਼ਮਾਂ ਨੂੰ ਅਗਲੇ ਸੰਘਰਸ਼ ਦੀ ਤਿਆਰੀ ਲਈ ਲਾਮਬੰਧੀ ਅਤੇ ਰਿਟਾਇਰ ਫੋਰਮ ਦੇ ਇਕ ਹਿਸੇ ਵਲੋਂ ਬਿਜਲੀ ਮੈਨੇਜਮੈਂਟ ਦੇ ਹੱਕ ਵਿਚ ਭੁਗਤਣ ਦੀਆਂ ਸਾਜ਼ਸਾਂ ਦਾ ਪਰਦਾਫ਼ਾਸ਼ ਕੀਤਾ ਜਾਵੇਗਾ। ਜਥੇਬੰਦੀ ਨੇ ਕਿਹਾ ਕਿ ਰਿਟਾਇਰਮੈਟ ਤੇ ਕਾਰਾ ਲੈਣ ਵਾਲੇ ਮੁਲਾਜ਼ਮਾਂ ਦੇ ਹਿਤੂ ਨਹੀਂ ਹੋ ਸਕਦੇ। ਜਥੇਬੰਦੀ ਨੇ ਇਹ ਵੀ ਫ਼ੈਸਲਾ ਕੀਤਾ ਕਿ ਵਰਕਸ਼ਾਪਾਂ ਤੋੜਨ ਦੇ ਵਿਰੋਧ ਵਿਚ ਮੁੱਖ ਇੰਜ: ਵਰਕਸ਼ਾਪ ਲੁਧਿਆਣਾ ਦੇ ਦਫ਼ਤਰ ਸਾਹਮਣੇ 26 ਅਕਤੂਬਰ ਨੂੰ ਮੁਜ਼ਾਹਰਾ ਕੀਤਾ ਜਾਵੇਗਾ।
ਉਨ੍ਹਾਂ ਬਿਜਲੀ ਮੁਲਾਜ਼ਮਾਂ ਨੂੰ ਸੰਘਰਸ਼ ਦੀ ਲਾਮਬੰਧੀ ਤੇਜ਼ ਕਰਨ ਦਾ ਸੱਦਾ
ਦਿਤਾ। ਅੱਜ ਦੀ ਮੀਟਿੰਗ ਵਿਚ ਮੰਚ ਦੇ ਸੁਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ
ਸਕੱਤਰ ਗੁਰਵੇਲ ਸਿੰਘ ਬੱਲਪੁਰੀਆ, ਬੁਲਾਰੇ ਮਨਜੀਤ ਸਿੰਘ ਚਾਹਲ, ਗੁਰਮੇਲ ਸਿੰਘ ਚੀਮਾ,
ਮਹਿੰਦਰ ਸਿੰਘ ਲਹਿਰਾ, ਨਰਿੰਦਰ ਸੈਣੀ, ਗੁਰਪਰੀਤ ਸਿੰਘ ਗੰਡੀਵਿੰਡ, ਪੂਰਨ ਸਿੰਘ ਖਾਈ,
ਦਵਿੰਦਰ ਸਿੰਘ ਪਸੋਰ, ਕਮਲ ਕੁਮਾਰ ਪਟਿਆਲਾ, ਸੁਰਿੰਦਰ ਪਾਲ ਸਿੰਘ ਲਹੋਰੀਆਂ, ਆਰ.ਕੇ.
ਤਿਵਾੜੀ, ਗੋਬਿੰਦਰ ਸਿੰਘ, ਰਣਜੀਤ ਸਿੰਘ ਬਿਜੋਕੀ ਆਦਿ ਹਾਜ਼ਰ ਸਨ।