
ਚੰਡੀਗੜ੍ਹ, 26 ਸਤੰਬਰ
(ਸਰਬਜੀਤ ਢਿੱਲੋਂ): ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ 'ਚ ਬਤੌਰ ਕਮਿਸ਼ਨਰ ਤਾਇਨਾਤ ਪੰਜਾਬ
ਕੇਡਰ ਦੇ 2002 ਬੈਚ ਦੇ ਅਧਿਕਾਰੀ ਬਾਲਦਿਉ ਪਾਰਸੂਆਰਥਾ ਦਾ ਕਲ ਦੇਰ ਰਾਤ ਨਵੀਂ ਦਿੱਲੀ 'ਚ
ਤਬਾਦਲਾ ਹੋ ਗਿਆ, ਜਿਸ ਨਾਲ ਨਗਰ ਨਿਗਮ ਦੇ ਅਹਿਮ ਪ੍ਰਾਜੈਕਟ ਰੁਕ ਜਾਣਗੇ। ਉਨ੍ਹਾਂ ਨੂੰ
ਕੇਂਦਰੀ ਹਾਊਸਿੰਗ ਬੋਰਡ ਅਤੇ ਸ਼ਹਿਰ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ
ਦੇ ਨਿਜੀ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ੍ਰੀ
ਪਾਰਸੂਆਰਥਾ ਨੂੰ ਨਗਰ ਨਿਗਮ ਚੰਡੀਗੜ੍ਹ ਵਿਚ 3 ਸਾਲਾਂ ਦੇ ਪੀਰੀਅਡ ਲਈ 2015 'ਚ ਦਸੰਬਰ
2018 ਤਕ ਪੰਜਾਬ ਸਰਕਾਰ ਨੇ ਡੈਪੂਟੇਸ਼ਨ 'ਤੇ ਭਜਿਆ ਸੀ।
ਉਨ੍ਹਾਂ ਦੀ ਪਤਨੀ ਕਵਿਤਾ
ਸਿੰਘ ਵੀ ਪੰਜਾਬ ਕੇਡਰ ਦੀ ਹੀ ਆਈ.ਏ.ਐਸ. ਅਧਿਕਾਰੀ ਹੈ ਅਤੇ ਚੰਡੀਗੜ੍ਹ ਵਿਖੇ ਸਿਟਕੋ ਦੇ
ਪ੍ਰਬੰਧਕੀ ਡਾਇਰੈਕਟਰ ਵਜੋਂ ਤਾਇਨਾਤ ਹੈ। ਉਨ੍ਹਾਂ ਦਾ ਤਿੰਨ ਸਾਲ ਦਾ ਡੈਪੂਟੇਸ਼ਨ ਦਾ ਸਮਾਂ
ਇਸ ਸਾਲ 30 ਅਕਤੂਬਰ ਨੂੰ ਖ਼ਤਮ ਹੋਵੇਗਾ। ਬਾਲਦਿਉ ਪਾਰਸੂਆਰਥਾ ਦੇ ਕੇਂਦਰ ਵਿਚ ਜਾਣ ਨਾਲ
ਅਤੇ ਉਨ੍ਹਾਂ ਦੀ ਪਤਨੀ ਦਾ ਕਾਰਜਕਾਲ ਅਗਲੇ ਮਹੀਨੇ ਖ਼ਤਮ ਹੋਣ ਕਰ ਕੇ ਪੰਜਾਬ ਸਰਕਾਰ ਨੂੰ
ਉਨ੍ਹਾਂ ਦੀ ਥਾਂ ਪੂਰਨ ਲਈ ਨਵੇਂ ਅਫ਼ਸਰਾਂ ਦਾ ਪੈਨਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜਣਾ
ਪਵੇਗਾ।
ਦੱਸਣਯੋਗ ਹੈ ਕਿ ਬਾਲਦਿਉ ਪਾਰਸੂਆਰਥਾ ਨੇ ਬਤੌਰ ਨਗਰ ਨਿਗਮ ਦੇ ਕਮਿਸ਼ਨਰ ਸਖ਼ਤ
ਮਿਹਨਤ ਕਰ ਕੇ ਚੰਡੀਗੜ੍ਹ ਨੂੰ ਸਮਾਰਟ ਸਿਟੀ ਸੂਚੀ ਵਿਚ ਦੂਜੀ ਵਾਰੀ ਸ਼ਾਮਲ ਕਰਵਾਇਆ ਸੀ
ਕਿਉਂਕਿ ਇਹ ਸ਼ਹਿਰ ਪਹਿਲੀ ਸੂਚੀ ਵਿਚ ਸ਼ਾਮਲ ਨਹੀਂ ਸੀ ਹੋ ਸਕਿਆ। ਉਹ ਅਪਣੇ ਸਿਰੜੀ ਸੁਭਾਅ
ਕਰ ਕੇ ਜਾਣੇ ਜਾਂਦੇ ਸਨ। ਇਸੇ ਕਰ ਕੇ ਉਨ੍ਹਾਂ ਨੂੰ ਸਮਾਰਟ ਸਿਟੀ ਪ੍ਰਾਜੈਕਟ ਦਾ ਚੀਫ਼
ਐਗਜੈਕਟਿਵ ਅਫ਼ਸਰ ਲਾਇਆ ਗਿਆ ਸੀ ਪਰ ਹੁਣ ਇਹ ਅਸਾਮੀ ਵੀ ਖ਼ਾਲੀ ਹੋ ਗਈ ਹੈ ਜਿਸ ਕਰ ਕੇ ਨਗਰ
ਨਿਗਮ ਨੂੰ ਘਾਟਾ ਪਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਘਰ-ਘਰ ਤੋਂ ਕੂੜਾ ਚੁਕਣ ਦੀ
ਸਕੀਮ ਵੀ ਸ਼ਹਿਰ ਵਿਚ ਲਾਗੂ ਕੀਤੀ ਸੀ। ਇਸ ਸਕੀਮ ਅਧੀਨ 2.50 ਲੱਖ ਮਕਾਨ ਮਾਲਕਾਂ ਨੂੰ
ਨੀਲੇ ਅਤੇ ਹਰੇ ਕੂੜਾਦਾਨ ਦਿਤੇ ਸਨ। ਇਹ ਸਕੀਮ 2 ਅਕਤੂਬਰ ਤਕ ਮੁਕੰਮਲ ਹੋਣੀ ਸੀ ਪਰ
ਉਨ੍ਹਾਂ ਦੇ ਤਬਾਦਲੇ ਕਾਰਨ ਅੱਗੇ ਪੈ ਸਕਦੀ ਹੈ। ਉਨ੍ਹਾਂ ਸਾਰੇ ਸ਼ਹਿਰ ਵਿਚ ਐਲ.ਈ.ਡੀ.
ਲਾਈਟਾਂ ਲਗਾਉਣ ਦਾ ਪ੍ਰਬੰਧ ਵੀ ਕੀਤਾ ਸੀ ਜਿਸ ਕਰ ਕੇ ਹਰ ਸਾਲ ਨਗਰ ਨਿਗਮ ਨੂੰ ਬਿਜਲੀ ਦੇ
ਬਿਲ ਵਿਚ 7 ਕਰੋੜ ਦੀ ਬੱਚਤ ਹੋਣੀ ਸੀ। ਲਾਈਟਾਂ ਲਗਾਉਣ ਦਾ ਕੰਮ ਦੀਵਾਲੀ ਤਕ ਪੂਰਾ ਹੋ
ਜਾਵੇਗਾ। ਉਨ੍ਹਾਂ ਲੋਕਾਂ ਦੇ ਸਹਿਯੋਗ ਨਾਲ 419 ਕਰੋੜ ਰੁਪਏ ਦੀ ਗਰਾਂਟ ਨਾਲ ਸ਼ਹਿਰ ਦੇ
ਹੋਰ ਬਹੁਤ ਸਾਰੇ ਵਿਕਾਸ ਪ੍ਰਾਜੈਕਟਾਂ ਨੂੰ ਨੇਪਰੇ ਚੜ੍ਹਾਉਣ ਲਈ ਵੀ ਅਹਿਮ ਯੋਗਦਾਨ ਪਾਇਆ।