
ਚੰਡੀਗੜ੍ਹ -ਮੇਅਰ ਆਸ਼ਾ ਜਾਇਸਵਾਲ ਦੇ ਇਸ ਸਾਲ ਦੇ ਕਾਰਜਕਾਲ ਦਾ ਅੱਜ ਆਖਰੀ ਦਿਨ ਸੀ, ਜਿਥੇ ਉਨ੍ਹਾਂ ਤੋਂ ਪਹਿਲਾਂ ਦੇ ਮੇਅਰ ਆਪਣੀਆਂ ਉਪਲਬਧੀਆਂ ਗਿਣਵਾਉਣ ਵਿਚ ਰੁੱਝੇ ਰਹਿੰਦੇ ਸਨ, ਉਥੇ ਹੀ ਮੇਅਰ ਆਸ਼ਾ ਜਾਇਸਵਾਲ ਨੇ ਆਖਰੀ ਦਿਨ ਬਾਗੀ ਤੇਵਰ ਠੀਕ ਕਰਨ ਤੇ ਪਾਰਟੀ ਉਮੀਦਵਾਰ ਦੇ ਮੁਕਾਬਲੇ ਭਰਿਆ ਨਾਮਜ਼ਦਗੀ ਪੱਤਰ ਵਾਪਸ ਲੈਣ ਵਿਚ ਗੁਜ਼ਾਰਿਆ। ਰਵੀਕਾਂਤ ਸ਼ਰਮਾ ਨੇ ਭਾਜਪਾ ਦੇ ਸੀਨੀਅਰ ਡਿਪਟੀ ਮੇਅਰ ਅਹੁਦੇ ਦੇ ਉਮੀਦਵਾਰਾਂ ਵਿਰੁੱਧ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਨਾਮਜ਼ਦਗੀ ਪੱਤਰ ਭਰਿਆ ਸੀ, ਉਹ ਵੀ ਵਾਪਸ ਲੈ ਲਿਆ ਗਿਆ। ਮੇਅਰ ਲਈ ਚੋਣ ਪ੍ਰੀਕਿਰਿਆ ਮੰਗਲਵਾਰ ਨੂੰ ਹੋਵੇਗੀ।
ਭਾਜਪਾ ਨੇ ਮੰਗਲਵਾਰ ਨੂੰ ਹੋਣ ਵਾਲੀ ਮੇਅਰ ਚੋਣ ਲਈ ਰਣਨੀਤੀ ਤੈਅ ਕਰਨ ਲਈ ਪਾਰਟੀ ਦਫਤਰ ਵਿਚ ਬੈਠਕ ਰੱਖੀ ਸੀ। ਆਸ਼ਾ ਜਾਇਸਵਾਲ ਤੇ ਰਵੀਕਾਂਤ ਨੇ ਉਕਤ ਬੈਠਕ ਵਿਚ ਜਾਣ ਤੋਂ ਪਹਿਲਾਂ ਹੀ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ।
ਚਾਰ ਕੌਂਸਲਰਾਂ ਦੇ ਵਿਰੋਧ ਵਾਲੀ ਕਾਂਗਰਸ ਵੀ ਤਿੰਨੇ ਅਹੁਦਿਆਂ 'ਤੇ ਚੋਣ ਲੜੇਗੀ। ਮੌਦਗਿਲ ਦਾ ਮੁਕਾਬਲਾ ਦਵਿੰਦਰ ਸਿੰਘ ਬਬਲਾ, ਗੁਰਪ੍ਰੀਤ ਢਿੱਲੋਂ ਦਾ ਸ਼ੀਲਾ ਫੂਲ ਸਿੰਘ ਤੇ ਵਿਨੋਦ ਅਗਰਵਾਲ ਦਾ ਮੁਕਾਬਲਾ ਰਵਿੰਦਰ ਕੌਰ ਗੁਜਰਾਲ ਨਾਲ ਹੋਵੇਗਾ। ਚੌਥੀ ਕਾਂਗਰਸੀ ਕੌਂਸਲਰ ਗੁਰਬਖਸ਼ ਰਾਏ ਸਿਰਫ ਇਕ ਹੀ ਕਾਂਗਰਸੀ ਕੌਂਸਲਰ ਹੋਵੇਗੀ, ਜੋ ਤਿੰਨੇ ਕਾਂਗਰਸੀਆਂ ਨੂੰ ਵੋਟ ਦੇਵੇਗੀ। ਭਾਜਪਾ ਦੀ ਬੈਠਕ ਵਿਚ ਕੌਂਸਲਰਾਂ ਨੂੰ ਇਕ ਤਰ੍ਹਾਂ ਦੀ ਵ੍ਹਿਪ ਜਾਰੀ ਕਰਕੇ ਚੋਣਾਂ ਦੇ ਸਮੇਂ ਸਦਨ ਵਿਚ ਮੌਜੂਦ ਰਹਿਣ ਤੇ ਇਕ ਵੀ ਵੋਟ ਨਾਜਾਇਜ਼ ਨਾ ਹੋਣ ਦੀ ਗੱਲ ਕਹੀ ਗਈ ਹੈ।
ਹਾਈਕਮਾਨ ਨੇ ਦੇਵੇਸ਼ ਤੋਂ ਮੁਆਫੀ ਮੰਗਵਾ ਕੇ ਆਸ਼ਾ ਦਾ ਮੈਦਾਨ ਛੱਡਣ ਦਾ ਰਾਹ ਆਸਾਨ ਕੀਤਾ ਪਰ ਸਿਆਸੀ ਭਵਿੱਖ 'ਤੇ ਜੋ ਸਵਾਲੀਆ ਨਿਸ਼ਾਨ ਲੱਗਾ ਹੈ, ਉਹ ਨਹੀਂ ਹਟਿਆ। ਮੇਅਰ ਦੀ ਚੋਣ ਜ਼ਿਲਾ ਮੈਜਿਸਟ੍ਰੇਟ ਅਜੀਤ ਬਾਲਾ ਜੀ ਜੋਸ਼ੀ ਦੀ ਦੇਖ-ਰੇਖ ਵਿਚ ਹੋਵੇਗੀ। ਇਸ ਲਈ ਮੇਅਰ ਦੀ ਚੋਣ ਪਹਿਲਾਂ ਹੋਵੇਗੀ ਤੇ ਉਸ ਲਈ ਨਾਮਜ਼ਦ ਕੌਂਸਲਰ ਸੱਤਿਆ ਪ੍ਰਕਾਸ਼ ਅਗਰਵਾਲ ਨੂੰ ਮੌਜੂਦ ਅਧਿਕਾਰੀ ਵਜੋਂ ਤਾਇਨਾਤ ਕੀਤਾ ਜਾਵੇਗਾ। ਉਸ ਤੋਂ ਬਾਅਦ ਨਵ-ਨਿਯੁਕਤ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਅਹੁਦੇ ਦੀ ਚੋਣ ਕਰਵਾਉਣਗੇ।