
ਹਰ ਬੁਧਵਾਰ ਅਫ਼ਸਰ ਤੇ ਮੁਲਾਜ਼ਮ 'ਸਾਈਕਲ' 'ਤੇ ਪਹੁੰਚਣਗੇ ਦਫ਼ਤਰ
ਚੰਡੀਗੜ੍ਹ, 5 ਮਾਰਚ (ਸਰਬਜੀਤ ਢਿੱਲੋਂ) : ਨਗਰ ਨਿਗਮ ਚੰਡੀਗੜ੍ਹ ਵਲੋਂ ਸ਼ਹਿਰ 'ਚ ਸਾਈਕਲ ਸਭਿਆਚਾਰ ਨੂੰ ਵਿਕਸਤ ਕਰਨ ਲਈ ਹੁਣ ਅਪਣੇ ਅਫ਼ਸਰਾਂ ਤੇ ਅਧਿਕਾਰੀਆਂ ਨੂੰ ਹਰੇਕ ਬੁਧਵਾਰ ਨੂੰ ਸਾਈਕਲਾਂ ਉਪਰ ਦਫ਼ਤਰ ਆਉਣਾ ਲਾਜ਼ਮੀ ਕਰਾਰ ਦਿਤਾ ਹੈ। ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਜਤਿੰਦਰ ਯਾਦਵ ਨੇ ਇਸ ਸਬੰਧੀ ਲਿਖਤੀ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਕੋਈ ਮੁਲਾਜ਼ਮ ਜਾਂ ਉਚ ਅਧਿਕਾਰੀ ਸਿਹਤ ਪੱਖੋਂ ਤੰਦਰੁਸਤ ਨਹੀਂ ਅਤੇ ਸਾਈਕਲ ਉਪਰ ਦਫ਼ਤਰ ਆਉਣਾ ਸੰਭਵ ਨਹੀਂ ਤਾਂ ਉਹੋ ਹੀ ਮੋਟਰ ਵਾਹਨ 'ਤੇ ਦਫ਼ਤਰ ਆ ਸਕਣਗੇ।ਨਿਗਮ ਕਮਿਸ਼ਨਰ ਨੇ ਅੱਜ ਨਿਗਮ ਦੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਹੇਠਲੇ ਤੋਂ ਲੈ ਕੇ ਉਪਰਲੇ ਪੱਧਰ ਤਕ ਇਨ੍ਹਾਂ ਹੁਕਮਾਂ ਦੀ ਤਾਮੀਲ ਕਰਨ ਲਈ ਕਿਹਾ ਹੈ। ਇਸ ਮੌਕੇ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਸ੍ਰੀ ਯਾਦਵ ਨੇ ਦਸਿਆ ਕਿ ਇਹ ਪ੍ਰੋਗਰਾਮ ਸ਼ਹਿਰ 'ਚ ਵੱਧ ਤੋਂ ਵੱਧ ਸਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫ਼ਸਰਾਂ ਤੇ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਸਾਈਕਲ ਟਰੈਕ ਦੀ ਵਰਤੋਂ ਕਰਨ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਟਾਫ਼ ਸਿਹਤ ਵੀ ਠੀਕ ਰਹੇਗੀ ਅਤੇ ਪਟਰੌਲ ਵੀ ਬਚੇਗਾ।ਜ਼ਿਕਰਯੋਗ ਹੈ ਕਿ 2015 'ਚ ਕਾਂਗਰਸ ਪਾਰਟੀ ਦੀ ਮੇਅਰ ਬਣੀ ਸ੍ਰੀਮਤੀ ਪੂਨਮ ਸ਼ਰਮਾ ਨੇ ਸਰਕਾਰੀ ਲਾਲ ਬੱਤੀ ਵਾਲੀ ਸਰਕਾਰੀ ਕਾਰ (ਉਸ ਸਮੇਂ ਮੇਅਰ ਨੂੰ ਮਿਲਦੀ ਦੀ ਲਾਲ ਬੱਤੀ) ਛੱਡ ਕੇ ਸੈਕਟ+ 24 ਦੀ ਸਰਕਾਰੀ ਰਿਹਾਇਸ਼ ਤੋਂ ਸੈਕਟਰ 17 'ਚ ਦਫ਼ਤਰ ਆਉਣ ਦੀ ਪਹਿਲਕਦਮੀ ਕੀਤੀ ਸੀ। ਉਸ ਵੇਲੇ ਉਨ੍ਹਾਂ ਦੀ ਸ਼ਹਿਰ ਵਾਸੀਆਂ ਵਲੋਂ ਭਰਵੀਂ ਸ਼ਲਾਘਾ ਹੋਈ ਸੀ ਪਰੰਤੂ ਮਗਰੋਂ ਉਹ ਵਾਅਦਾ ਵੀ ਭੁੱਲ ਭੁਲਾ ਕੇ ਮੁੜ ਸਰਕਾਰੀ ਵਾਹਨ 'ਤੇ ਦਫ਼ਤਰ ਆਉਣ ਲੱਗ ਪਈ ਸੀ।