
ਚੰਡੀਗੜ੍ਹ, 4 ਅਕਤੂਬਰ (ਸਰਬਜੀਤ ਢਿੱਲੋਂ): ਸਿਟੀ ਪ੍ਰਸ਼ਾਸਨ ਵਲੋਂ ਸ਼ਹਿਰ ਵਿਚ ਡਿਜੀਟਲ ਅਦਾਇਗੀ ਦੀ ਵਿਵਸਥਾ ਰਾਹੀਂ ਭੁਗਤਾਨ ਕਰਨ ਲਈ ਸ਼ਹਿਰ ਵਾਸੀਆਂ ਤੇ ਵਪਾਰਕ ਅਦਾਰਿਆਂ ਨੂੰ ਵੱਧ ਤੋਂ ਵੱਧ ਉਤਸ਼ਾਹਤ ਕਰਨ ਲਈ ਸੈਕਟਰ-17 ਦੇ ਪਰੇਡ ਗਰਾਊਂਡ ਵਿਚ ਕੈਂਪ ਲਗਾਇਆ ਗਿਆ। ਇਸ ਮੌਕੇ ਕੇਂਦਰੀ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਪੁਰੀ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਕੈਂਪ ਵਿਚ ਪ੍ਰਸ਼ਾਸਨ ਵਲੋਂ ਵੱਖ-ਵੱਖ ਬੈਂਕਾਂ, ਵਪਾਰਕ ਸੰਸਥਾਵਾਂ ਵਲੋਂ ਸਟਾਲ ਲਾ ਕੇ ਜਾਣਕਾਰੀ ਦਿਤੀ ਗਈ ਤਾਕਿ ਚੰਡੀਗੜ੍ਹ ਵਾਸੀਆਂ ਦੀ ਲੋੜ ਅਨੁਸਾਰ ਵੱਖ-ਵੱਖ ਮੋਬਾਈਲ ਐਪ ਵੀ ਜਾਰੀ ਕੀਤੇ ਗਏ।
ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਦੇਸ਼ ਡਿਜੀਟਲ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਧੀ ਨੂੰ ਅਪਨਾਉਣ ਦੀ ਲੋੜ ਹੈ। ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਅਰੰਭ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਦੇ ਸਵਾਗਤ ਲਈ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਅਤੇ ਸੰਸਦ ਮੈਂਬਰ ਕਿਰਨ ਖੇਰ ਵੀ ਮੌਜੂਦ ਸਨ। ਉਨ੍ਹਾਂ ਵੀ ਵਪਾਰੀਆਂ ਨੂੰ ਚੰਡੀਗੜ੍ਹ ਨੂੰ ਡਿਜੀਟਲ ਸਿਟੀ ਬਣਾਉਣ 'ਤੇ ਜ਼ੋਰ ਦਿਤਾ। ਇਸ ਮੌਕੇ ਕੇਂਦਰੀ ਮੰਤਰੀ ਨੇ ਡਿਜੀਟਲ ਸਿਸਟਮ ਨੂੰ ਅਪਣਾਉਣ ਲਈ ਇਕ ਵਿਸ਼ੇਸ਼ ਪੁਸਤਕ ਵੀ ਜਾਰੀ ਕੀਤੀ। ਉਨ੍ਹਾਂ ਵੱਖ-ਵੱਖ ਸਟਾਲਾਂ 'ਤੇ ਜਾ ਕੇ ਵਪਾਰੀਆਂ, ਬੈਂਕਿੰਗ ਅਦਾਰਿਆਂ ਨੂੰ ਉਤਸ਼ਾਹਤ ਕੀਤਾ।