
ਚੰਡੀਗੜ, 11 ਜਨਵਰੀ (ਸਰਬਜੀਤ ਢਿੱਲੋਂ): ਨਗਰ ਨਿਗਮ ਚੰਡੀਗੜ੍ਹ ਵਲੋਂ ਇਸ ਵਰ੍ਹੇ 2018 ਵਿਚ ਚੰਡੀਗੜ੍ਹ ਸ਼ਹਿਰ 'ਚ 'ਸਵੱਛਤਾ ਸਫ਼ਾਈ ਮਿਸ਼ਨ ਅਧੀਨ ਭਾਰਤ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਸਵੱਛਤਾ ਸਰਵੇਖਣ 2018 ਵਿਚ ਚੰਡੀਗੜ੍ਹ ਸ਼ਹਿਰ ਨੂੰ ਪਹਿਲਾ ਦਰਜਾ ਦਿਵਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਇਹ ਸਵੱਛ ਸਰਵੇਖਣ ਚੰਡੀਗੜ੍ਹ ਵਿਚ 10 ਮਾਰਚ ਤਕ ਚਲੇਗਾ ਅਤੇ ਨਤੀਜੇ 26 ਮਾਰਚ ਨੂੰ ਆਉਣਗੇ। ਮੇਅਰ ਦਿਵੇਸ਼ ਮੋਦਗਿਲ ਤੇ ਕਮਿਸ਼ਨਰ ਜਤਿੰਦਰ ਯਾਦਵ ਨੇ ਅੱਜ ਬੁਲਾਏ ਪੱਤਰਕਾਰ ਸੰਮੇਲਨ ਵਿਚ ਚੰਡੀਗੜ੍ਹ ਸ਼ਹਿਰ ਨੂੰ ਸਫ਼ਾਈ ਪੱਖੋਂ ਪਹਿਲੇ ਸਥਾਨ 'ਤੇ ਲਿਜਾਣ ਲਈ ਲੋਕ ਅੰਦੋਲਨ ਬਣਾਉਣ ਦਾ ਸੱਦਾ ਦਿਤਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਸ਼ਹਿਰ ਦੂਜੇ ਸਥਾਨ ਤੋਂ ਪਿਛਲੇ ਸਾਲ 13ਵੇਂ ਸਥਾਨ 'ਤੇ ਪੁੱਜ ਗਿਆ ਸੀ ਜਿਸ ਕਾਰਨ ਨਗਰ ਨਿਗਮ ਦੇ ਮੇਅਰ ਅਤੇ ਉੱਚ ਅਧਿਕਾਰੀਆਂ ਦੀ ਕਾਫ਼ੀ ਨਿੰਦਾ ਹੋਈ ਸੀ।
ਇਸ ਮੌਕੇ ਕਮਿਸ਼ਨਰ ਨੇ ਦਸਿਆ ਕਿ ਚੰਡੀਗੜ੍ਹ ਨਗਰ ਨਿਗਮ ਵਲੋਂ ਇਸ ਪ੍ਰੋਗਰਾਮ ਅਧੀਨ ਸੈਨੀਟਰੀ ਵਿਭਾਗ, ਰਿਹਾਇਸ਼ੀ ਵੈਲਫ਼ੇਅਰ ਸੰਸਥਾਵਾਂ, ਪ੍ਰਾਈਵੇਟ ਵਿਦਿਅਕ ਅਦਾਰਿਆਂ, ਧਾਰਮਕ ਸਥਾਨ ਅਤੇ ਸਮਾਜ ਸੇਵੀ ਜਥੇਬੰਦੀਆਂ ਦਾ ਸਾਂਝਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਚੰਡੀਗੜ੍ਹ ਸ਼ਹਿਰ ਨੂੰ ਸਫ਼ਾਈ ਪੱਖੋਂ ਨੰਬਰ ਇਕ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਨਗਰ ਨਿਗਮ ਵਲੋਂ ਉਭਰਦੇ ਗਾਇਕ 'ਮੀਤ ਨਿਮਾਣ' ਨੂੰ ਲੋਕਾਂ 'ਚ ਜਾਗਰੂਕਤਾ ਮੁਹਿੰਮ ਛੇੜਨ ਲਈ ਵੀ ਨਾਲ ਜੋੜਿਆ ਗਿਆ ਹੈ। ਇਸ ਮੌਕੇ ਨਵੇਂ ਬਣੇ ਸੀਨੀਅਰ ਡਿਪਟੀ ਮੇਅਰ ਗੁਰਪ੍ਰੀਤ ਸਿੰਘ ਢਿੱਲੋਂ, ਡਿਪਟੀ ਮੇਅਰ ਵਿਨੋਦ ਅਗਰਵਾਲ, ਚੀਫ਼ ਇੰਜੀਨੀਅਰ ਮਨੋਜ ਬਾਂਸਲ, ਅਸ਼ੋਕ ਮਿਸ਼ਰਾ, ਆਦਿ ਹਾਜ਼ਰ ਸਨ।