
ਚੰਡੀਗੜ੍ਹ, 5 ਜਨਵਰੀ (ਤਰੁਣ ਭਜਨੀ) : ਸ਼ਹਿਰ 'ਚ ਪਿਛਲੇ ਕੁੱਝ ਦਿਨਾਂ ਤੋਂ ਕਾਂਬਾ ਚੜ੍ਹਾਉਣ ਵਾਲੀ ਠੰਢ ਨੇ ਸ਼ੁੱਕਰਵਾਰ ਨੂੰ ਵੀ ਲੋਕਾਂ ਨੂੰ ਠਾਰੀ ਰਖਿਆ। ਹਾਲਾਂਕਿ ਦੁਪਹਿਰ ਸਮੇਂ ਹਲਕੀ ਧੁੱਪ ਨਿਕਲਣ ਨਾਲ ਲੋਕਾਂ ਨੂੰ ਕੁੱਝ ਰਾਹਤ ਮਿਲੀ। ਸ਼ੱਕਰਵਾਰ ਨੂੰ ਹੇਠਲਾ ਤਾਪਮਾਨ ਡਿੱਗ ਕੇ 8.1 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਉਥੇ ਹੀ ਉਪਰਲਾ ਤਾਪਮਾਨ 13.3 ਡਿਗਰੀ ਦਰਜ ਕੀਤਾ ਗਿਆ। ਸਵੇਰੇ ਅਤੇ ਸ਼ਾਮ ਸਮੇਂ ਧੁੰਦ ਦਾ ਕਹਿਰ ਜਾਰੀ ਰਿਹਾ। ਸਵੇਰੇ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਅੱਗੇ ਦੇਖਣ 'ਚ ਬਹੁਤ ਦਿੱਕਤ ਆਈ।
ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਹੇਠਲਾ ਤਾਪਮਾਨ ਵਿਚ ਹਲਕਾ ਵਾਧਾ ਹੋਵੇਗਾ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਫਿਰ ਤੋਂ ਤਾਪਮਾਨ ਪੰਜ ਡਿਗਰੀ ਤਕ ਡਿੱਗੇਗਾ। ਅਜਿਹੇ ਵਿਚ ਅਗਲੇ ਤਿੰਨ ਦਿਨ ਕੋਹਰਾ ਅਤੇ ਠੰਢ ਲੋਕਾਂ ਨੂੰ ਤੰਗ ਕਰੇਗੀ। 13 ਜਨਵਰੀ ਨੂੰ ਲੋਹੜੀ ਤੋਂ ਬਾਅਦ ਪਾਰਾ ਕੁੱਝ ਵਧੇਗਾ। ਦੂਜੇ ਪਾਸੇ ਸਵੇਰੇ ਸਮੇਂ ਦਫ਼ਤਰਾਂ 'ਚ ਜਾਣ ਵਾਲਿਆਂ ਨੂੰ ਠੰਢ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸੇਸ਼ ਤੌਰ 'ਤੇ ਦੁਪਹੀਆ ਵਾਹਨ ਚਾਲਕਾਂ ਨੂੰ ਠੰਢ ਦੀ ਮਾਰ ਝੱਲਣੀ ਪੈ ਰਹੀ ਹੈ।ਕੋਹਰੇ ਦੀ ਮਾਰ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ। ਇਸ ਦਾ ਅਸਰ ਰੇਲ ਅਤੇ ਹਵਾਈ ਅਵਾਜਾਈ 'ਤੇ ਵੀ ਪਿਆ। 12 ਰੇਲ ਗੱਡੀਆਂ ਵੀ ਅਪਣੇ ਨਿਰਧਾਰਤ ਸਮੇਂ ਤੋਂ 1 ਤੋਂ 13 ਘੰਟੇ ਦੀ ਦੇਰੀ ਤਕ ਪਹੁੰਚੀਆਂ।