
ਚੰਡੀਗੜ੍ਹ, 28 ਫ਼ਰਵਰੀ (ਤਰੁਣ ਭਜਨੀ): ਡੱਡੂਮਾਜਰਾ ਕਾਲੋਨੀ ਵਿਚ ਮੰਗਲਵਾਰ ਦੇਰ ਰਾਤ ਦੋ ਨੌਜਵਾਨਾਂ ਨੇ ਵਾਰੀ-ਵਾਰੀ ਕਰ ਕੇ ਦਰਜਨ ਤੋਂ ਵੱਧ ਗੱਡੀਆਂ ਦੇ ਸ਼ੀਸ਼ੇ ਭੰਨ੍ਹ ਦਿਤੇ। ਪੁਲਿਸ ਨੇ ਇਸ ਮਾਮਲੇ ਦੋਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਡੱਡੂਮਾਜਰਾ ਵਾਸੀ ਸਿਮੀ ਅਤੇ ਕਿਸ਼ਨ ਦੇ ਰੂਪ ਵਿਚ ਹੋਈ। ਪੁਲਿਸ ਲਾਈਨ ਵਿਚ ਰਹਿਣ ਵਾਲੇ ਅਜੇ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦਸਿਆ ਕਿ ਉਹ ਅਪਣੀ ਸੁਮੋ ਗੱਡੀ ਵਿਚ ਡੱਡੂਮਾਜਰਾ ਕਾਲੋਨੀ ਵਿਚ ਜਾ ਰਿਹਾ ਸੀ। ਇਸ ਦੌਰਾਨ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੇ ਡੰਡਾ ਮਾਰਿਆ। ਅਜੇ ਕੁਮਾਰ ਗੱਡੀ ਤੋਂ ਹੇਠਾਂ ਉਤਰੇ ਤਾਂ ਵੇਖਿਆ ਕਿ ਦੋਵੇਂ ਨੌਜਵਾਨ ਹੋਰ ਕਾਰਾਂ ਦੇ ਵੀ ਸ਼ੀਸ਼ੇ ਤੋੜਦੇ ਹੋਏ ਜਾ ਰਹੇ ਸਨ।
ਦੋਹਾਂ ਮੁਲਜ਼ਮਾਂ ਨੇ 12 ਦੇ ਕਰੀਬ ਕਾਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਥੋਂ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਸੜਕ 'ਤੇ ਲੱਗੇ ਸੀ.ਸੀ.ਟੀ.ਵੀ. ਦੀ ਜਾਂਚ ਕੀਤੀ ਤਾਂ ਦੋਹਾਂ ਮੁਲਜ਼ਮਾਂ ਦੀਆਂ ਤਸਵੀਰਾਂ ਕੈਮਰੇ ਵਿਚ ਕੈਦ ਹੋ ਗਈਆਂ ਸਨ। ਪੁਲਿਸ ਨੇ ਦੋਹਾਂ ਨੂੰ ਬੁੱਧਵਾਰ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਲੋਕਾਂ ਨੂੰ ਜਦੋਂ ਅਪਣੀ ਕਾਰਾਂ ਦੇ ਸ਼ੀਸ਼ੇ ਟੁਟਣ ਦੀ ਸੂਚਨਾ ਮਿਲੀ ਤਾਂ ਉਹ ਘਰ ਤੋਂ ਬਾਹਰ ਆਏ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਨੇ ਦਸਿਆ ਕਿ ਮਲੋਆ ਥਾਣਾ ਪੁਲਿਸ ਨੇ ਦੋਹਾਂ ਵਿਰੁਧ ਮਾਮਲਾ ਦਰਜ ਕੀਤਾ ਹੈ।