
100 ਕਰੋੜ ਤੋਂ ਵੱਧ ਖ਼ਰਚਣ ਮਗਰੋਂ ਵੀ ਪ੍ਰਾਜੈਕਟ ਅਧੂਰਾ
ਚੰਡੀਗੜ੍ਹ, 17 ਫ਼ਰਵਰੀ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਦੇ ਨਵੇਂ ਬਣੇ ਮੇਅਰ ਦਿਵੇਸ਼ ਮੋਦਗਿਲ ਲਈ ਚੰਡੀਗੜ੍ਹ ਸ਼ਹਿਰ 'ਚ ਇਸੇ ਸਾਲ ਭਰ ਗਰਮੀਆਂ ਵਿਚ 24*7 ਘੰਟੇ ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਵਿਚ ਲਗਾਤਾਰ ਹੋ ਰਹੀ ਦੇਰੀ ਵੱਡੀ ਸਿਅਸੀ ਮੁਸੀਬਤ ਬਣ ਸਕਦਾ ਹੈ। ਇਸ ਨਵੇਂ ਪ੍ਰਾਜੈਕਟ ਰਾਹੀਂ ਭਾਖੜਾ ਨਹਿਰ ਤੋਂ ਚੰਡੀਗੜ੍ਹ ਸ਼ਹਿਰ ਮੋਹਾਲੀ ਅਤੇ ਪੰਚਕੂਲਾ ਲਈ 29 ਮਿਲੀਅਨ ਗੈਲਨ ਲਿਟਰ ਹੋਰ ਪਾਣੀ ਲਿਆਉਣ ਲਈ ਮਈ 2016 ਤੋਂ 100 ਕਿਲੋਮੀਟਰ ਲੰਬੀਆਂ ਪਾਣੀ ਦੀਆਂ ਪਾਈਪਾਂ ਰਾਹੀਂ ਕਾਜੋਲੀ ਵਾਟਰ ਵਰਕਸ ਤਕ ਪਾਣੀ ਲਿਆਂਦਾ ਜਾਣਾ ਹੈ। ਇਹ ਪਾਣੀ ਚੰਡੀਗੜ੍ਹ ਸਹਿਰ ਦੇ ਸੱਭ ਤੋਂ ਪਹਿਲਾਂ 4 ਸੈਕਟਰਾਂ- ਸੈਕਟਰ-17, 22, 35 ਅਤੇ 43 ਵਿਚ ਪੁੱਜੇਗਾ।
ਨਗਰ ਨਿਗਮ ਦੇ ਚੀਫ਼ ਇੰਜੀਨੀਅਰ ਅਨੁਸਾਰ ਇਸ ਵਿਚ ਹੋ ਰਹੀ ਦੇਰੀ ਨਾਲ ਮੇਅਰ ਦੀ ਸਿਆਸੀ ਤੌਰ 'ਤੇ ਕਿਰਕਰੀ ਹੋਵੇਗੀ, ਉਥੇ ਭਰ ਗਰਮੀਆਂ ਦੇ ਦਿਨਾਂ ਵਿਚ ਚੰਡੀਗੜ੍ਹ ਦੇ ਦਖਣੀ ਸੈਕਟਰਾਂ 'ਚ ਤਿੰਨ-ਚਾਰ ਮੰਜ਼ਲਾ ਕੋਠੀਆਂ ਅਤੇ ਫ਼ਲੈਟਾਂ ਵਿਚ ਉਪਰਲੀਆਂ ਛੱਤਾਂ 'ਤੇ ਪਾਣੀ ਦਾ ਗੰਭੀਰ ਸੰਕਟ ਖੜਾ ਹੋ ਜਾਂਦਾ ਹੈ। ਨਗਰ ਨਿਗਮ ਚੰਡੀਗੜ੍ਹ ਦਾ ਇਹ ਡਰੀਮ ਪ੍ਰਾਜੈਕਟ ਹੈ, ਇਸ ਲਈ ਨਗਰ ਨਿਗਮ ਵਲੋਂ 100 ਕਰੋੜ ਰੁਪਏ ਖ਼ਰਚਣ ਲਈ ਗਮਾਡਾ ਮੋਹਾਲੀ ਨੂੰ ਪਹਿਲਾਂ ਹੀ ਪ੍ਰਦਾਨ ਕਰ ਚੁਕਾ ਹੈ ਅਤੇ ਹੋਰ 50 ਲੱਖ ਰੁਪਏ ਨਾਲ ਕਾਜੋਲੀ ਵਾਟਰ ਵਰਕਸ ਤੋਂ ਚੰਡੀਗੜ੍ਹ ਪਾਣੀ ਦੀ ਸਪਲਾਈ ਲਈ ਨਵਾਂ ਪੰਪਿੰਗ ਸੈੱਟ ਤੇ ਮਸ਼ੀਨਰੀ ਲਾਈ ਜਾ ਰਹੀ ਹੈ। ਇਸ ਸਬੰਧੀ ਮੇਅਰ ਦਿਵੇਸ਼ ਮੋਦਗਿਲ ਦੀ ਅਪੀਲ 'ਤੇ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਸੋਮਵਾਰ ਨੂੰ ਜੰਡਪੁਰ, ਜਿਥੇ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ, ਦਾ ਖ਼ੁਦ ਦੌਰਾ ਕਰਨਗੇ ਤਾਕਿ ਇਸ ਅਧੂਰੇ ਪ੍ਰਾਜੈਕਟ ਨੂੰ ਪੰਜਾਬ ਸਰਕਾਰ ਦੀ ਤਕਨੀਕੀ ਸਹਾਇਤਾ ਨਾਲ ਛੇਤੀ ਪੂਰਾ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਲਈ ਦੋ ਮੇਅਰ ਬਦਲ ਗਏ ਹਨ ਪਰ ਪਰਨਾਲਾ ਉਥੇ ਦਾ ਉਥੇ ਹੀ ਖੜਾ ਹੈ।