ਸੰਜੇ ਟੰਡਨ ਤੇ ਸੱਤਪਾਲ ਜੈਨ ਦੀ ਬਗ਼ਾਵਤ ਤੋਂ ਹਾਈ ਕਮਾਂਡ ਨਾਰਾਜ਼
ਚੰਡੀਗੜ੍ਹ, 4 ਜਨਵਰੀ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ 9 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਨਾਮਜ਼ਦਗੀ ਪੇਪਰ ਦਾਖ਼ਲ ਕਰਨ ਲਈ ਪਾਰਟੀ ਦੇ ਦੋ ਸੀਨੀਅਰ ਨੇਤਾਵਾਂ ਸੰਜੇ ਟੰਡਨ ਤੇ ਸੱਤਪਾਲ ਜੈਨ ਦੇ ਧੜਿਆਂ ਵਲੋਂ ਇਕ ਦੂਜੇ ਵਿਰੁਧ ਬਗ਼ਾਵਤੀ ਸੁਰਾਂ ਅਲਾਪਣ ਦਾ ਕੇਂਦਰੀ ਹਾਈ ਕਮਾਂਡ ਵਲੋਂ ਗੰਭੀਰ ਨੋਟਿਸ ਲਿਆ ਗਿਆ। ਕੇਂਦਰੀ ਹਾਈ ਕਮਾਂਡ ਵਲੋਂ ਦੋਵਾਂ ਧੜਿਆਂ ਨੂੰ ਆਪਸੀ ਮਤਭੇਦ ਖ਼ਤਮ ਕਰ ਕੇ ਪਾਰਟੀ ਵਲੋਂ ਐਲਾਨੇ ਉਮੀਦਵਾਰਾਂ ਨੂੰ ਹਰ ਹਾਲਤ ਵਿਚ ਵੋਟਾਂ ਪਾ ਕੇ ਜਿਤਾਉਣ ਲਈ ਸਖ਼ਤ ਤਾੜਨਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਾਰਟੀ ਦੇ ਰਾਜਸੀ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਸੰਸਦ ਮੈਂਬਰ ਕਿਰਨ ਖੇਰ, ਸਾਬਕਾ ਸੰਸਦ ਮੈਂਬਰ ਸੱਤਪਾਲ ਜੈਨ, ਪਾਰਟੀ ਪ੍ਰਧਾਨ ਸੰਜੇ ਟੰਡਨ ਦੀ ਅਗਵਾਈ ਵਿਚ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਵਿਚ ਪਾਰਟੀ ਦੇ ਸਮੁੱਚੇ ਕੌਂਸਲਰਾਂ ਦੇ ਵਿਚਾਰ ਜਾਣਨ ਬਾਅਦ ਹੀ ਸਾਬਕਾ ਸੀਨੀਅਰ ਡਿਪਟੀ ਮੇਅਰ ਦਿਵੇਸ਼ ਮੋਦਗਿਲ ਨੂੰ ਮੇਅਰ ਦੀ ਚੋਣ ਲੜਾਉਣ, ਗੁਰਪ੍ਰੀਤ ਢਿੱਲੋਂ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਵਿਨੋਦ ਅਗਰਵਾਲ ਨੂੰ ਡਿਪਟੀ ਮੇਅਰ ਬਣਾਉਣ ਲਈ ਐਲਾਨ ਕੀਤਾ ਸੀ
ਪਰ ਸੰਜੇ ਟੰਡਨ ਦੀ ਸੱਜੀ ਬਾਂਹ ਸਮਝੇ ਜਾਂਦੇ ਦੋ ਮੇਅਰਾਂ ਜਿਨ੍ਹਾਂ ਵਿਚ ਸਿਟਿੰਗ ਮੇਅਰ ਆਸ਼ਾ ਜੈਸਵਾਲ ਤੇ ਸਾਬਕਾ ਮੇਅਰ ਅਰੁਣ ਸੂਦ ਨੇ ਪਾਰਟੀ ਦੇ ਫ਼ੈਸਲੇ ਵਿਰੁਧ ਖੁੱਲ੍ਹੀ ਬਗ਼ਾਵਤ ਕਰ ਕੇ ਬਤੌਰ ਆਜ਼ਾਦ ਉਮੀਦਵਾਰ ਮੇਅਰ ਸਮੇਤ ਤਿੰਨਾਂ ਅਹੁਦਿਆਂ ਲਈ ਨਾਮਜ਼ਦਗੀ ਕਾਗ਼ਜ਼ ਭਰ ਦਿਤੇ ਸਨ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਮੁਤਾਬਕ ਕੇਂਦਰੀ ਹਾਈ ਕਮਾਂਡ ਨੇ ਹਰ ਹਾਲਤ ਵਿਚ ਸੰਜੇ ਟੰਡਨ ਨੂੰ ਪਾਰਟੀ ਦੇ ਉਮੀਦਵਾਰ ਜਿਤਾਉਣ ਲਈ ਸਖ਼ਤ ਸ਼ਬਦਾਂ ਵਿਚ ਤਾੜਨਾ ਕੀਤੀ। ਇਸ ਲਈ ਦੋਵੇਂ ਧੜੇ ਅੱਜ ਮੀਟਿੰਗ ਕਰ ਕੇ ਆਪਸੀ ਮਤਭੇਦ ਭੁਲਾਉਣ ਲਈ ਜੋੜ-ਤੋੜ ਕਰਦੇ ਨਜ਼ਰ ਆਏ। ਸੰਜੇ ਟੰਡਨ ਤੇ ਸੱਤਪਾਲ ਜੈਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਨੂੰ ਸੱਭ ਤੋ ਉਪਰ ਮੰਨ ਕੇ ਚੱਲ ਰਹੇ ਹਨ ਅਤੇ ਮਤਭੇਦ ਭੁਲਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਉਮੀਦ ਹੈ ਕਿ ਆਸ਼ਾ ਜੈਸਵਾਲ ਧੜਾ ਅਪਣੇ ਨਾਮ ਵਾਪਸ ਲੈਣਗੇ।