
ਚੰਡੀਗੜ੍ਹ, 9 ਜਨਵਰੀ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਡਿਪਟੀ ਕਮਿਸ਼ਨਰ-ਕਮ-ਚੋਣ ਰਿਟਰਨਿੰਗ ਅਧਿਕਾਰੀ ਅਜੀਤ ਬਾਲਾਜੀ ਜੋਸ਼ੀ ਦੀ ਅਗਵਾਈ ਵਿਚ ਹੋਈ। ਇਸ ਮੌਕੇ ਸਕੱਤਰ ਨਗਰ ਨਿਗਮ ਸੌਰਭ ਮਿਸ਼ਰਾ ਤੇ ਕਮਿਸ਼ਨਰ ਜਤਿੰਦਰ ਯਾਦਵ ਵੀ ਹਾਜ਼ਰ ਸਨ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਕੌਂਸਲਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਦਿਵੇਸ਼ ਮੋਦਗਿੱਲ ਨੂੰ ਮੇਅਰ ਚੁਣ ਲਿਆ ਗਿਆ ਜਦਕਿ ਭਾਜਪਾ ਦੇ ਹੀ ਦੋ ਹੋਰ ਕੌਂਸਲਰਾਂ ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਵਿਨੋਦ ਅਗਰਵਾਲ ਨੂੰ ਡਿਪਟੀ ਮੇਅਰ ਚੁਣਿਆ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਸੱਤਪਾਲ ਜੈਨ, ਪਾਰਟੀ ਪ੍ਰਧਾਨ ਸੰਜੇ ਟੰਡਨ, ਭਾਜਪਾ ਕੌਮੀ ਸਕੱਤਰ ਦਿਨੇਸ਼ ਕੁਮਾਰ ਅਤੇ ਸਥਾਨਕ ਸੀਨੀਅਰ ਆਗੂ ਵੀ ਵਿਜਟਰ ਗੈਲਰੀ ਵਿਚ ਪੂਰਾ ਸਮਾਂ ਮੌਜੂਦ ਰਹੇ। ਇਸ ਚੋਣ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਤਿੰਨੋਂ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਏਕਤਾ ਵਿਖਾਈ। ਭਾਜਪਾ ਦੇ ਤਿੰਨੋਂ ਉਮੀਦਵਾਰ ਆਸ ਤੋਂ ਉਲਟ ਭਾਰੀ ਬਹੁਮਤ ਨਾਲ ਚੋਣਾਂ ਜਿੱਤੇ ਜਦਕਿ ਕਾਂਗਰਸ ਵਲੋਂ ਮੈਦਾਨ ਵਿਚ ਉਤਾਰੇ ਦਵਿੰਦਰ ਬਬਲਾ (ਮੇਅਰ), ਸ਼ੀਲਾ ਦੇਵੀ (ਸੀਨੀਅਰ ਡਿਪਟੀ ਮੇਅਰ) ਅਤੇ ਰਵਿੰਦਰ ਕੌਰ ਗੁਜਰਾਲ ਡਿਪਟੀ ਮੇਅਰ ਨੂੰ ਲੱਕ ਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਨ੍ਹਾਂ ਕੋਲ ਸਿਰਫ਼ ਚਾਰ ਹੀ ਕੌਂਸਲਰ ਸਨ।
ਕਿਸ ਨੂੰ ਕਿੰਨੀਆਂ ਵੋਟਾਂ ਪਈਆਂ: ਨਗਰ ਨਿਗਮ ਦੇ ਜਨਰਲ ਹਾਊਸ ਵਿਚ 26 ਚੁਣੇ ਹੋਏ ਕੌਂਸਲਰ ਹਨ ਅਤੇ ਇਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਮਿਲਾ ਕੇ ਕੁਲ 27 ਵੋਟਾਂ ਹਨ, ਜਿਨ੍ਹਾਂ ਨੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਾ ਸੀ। ਇਨ੍ਹਾਂ ਵਿਚੋਂ ਕਾਂਗਰਸ ਦੇ 4, ਸ਼੍ਰੋਮਣੀ ਅਕਾਲੀ ਦਲ ਦਾ ਇਕ ਅਤੇ ਆਜ਼ਾਦ ਉਮੀਦਵਾਰ ਦੀ ਇਕ ਵੋਟ ਸ਼ਾਮਲ ਸੀ। ਭਾਜਪਾ ਕੋਲ ਸ਼੍ਰੋਮਣੀ ਅਕਾਲੀ ਤੇ ਸੰਸਦ ਮੈਂਬਰ ਦੀ ਵੋਟ ਮਲਾ ਕੇ ਕੁਲ 22 ਵੋਟਾਂ ਸਨ। ਇਸ ਮੌਕੇ ਮੇਅਰ ਦੀ ਚੋਣ 'ਚ ਭਾਜਪਾ ਦੇ ਮੇਅਰ ਲਈ ਉਮੀਦਵਾਰ ਨੂੰ ਪੂਰੀਆਂ 22 ਵੋਟਾਂ ਮਿਲੀਆਂ ਜਦਕਿ ਸੀਨੀਅਰ ਡਿਪਟੀ ਮੇਅਰ ਗੁਰਪ੍ਰੀਤ ਸਿੰਘ ਢਿੱਲੋਂ ਦੀ ਇਕ ਵੋਟ ਘਟ ਗਈ, ਉਸ ਨੂੰ 21 ਕੌਂਸਲਰਾਂ ਨੇ ਵੋਟਾਂ ਪਾਈਆਂ। ਇਸੇ ਤਰ੍ਹਾਂ ਡਿਪਟੀ ਮੇਅਰ ਲਈ ਵਿਨੋਦ ਅਗਰਵਾਲ ਨੂੰ 22 ਵੋਟਾਂ ਮਿਲੀਆਂ ਤੇ ਉਹ ਤਿੰਨੇ ਜੇਤੂ ਕਰਾਰ ਦਿਤੇ ਗਏ। ਚੋਣ 'ਚ ਕਰਾਸ ਵੋਟਿੰਗ ਵੀ ਹੋਈ: ਕਾਂਗਰਸ ਪਾਰਟੀ ਕੋਲ ਸਿਰਫ਼ ਚਾਰ ਹੀ ਕੌਂਸਲਰ ਤੇ ਚਾਰ ਹੀ ਵੋਟਾਂ ਸਨ ਪਰ ਉਨ੍ਹਾਂ ਦੇ ਮੇਅਰ ਲਈ ਉਮੀਦਵਾਰ ਦਵਿੰਦਰ ਬਬਲਾ ਨੂੰ 4 ਵੋਟਾਂ ਦੀ ਥਾਂ 5 ਵੋਟਾਂ ਕਿਵੇਂ ਮਿਲੀਆਂ? ਕੌਣ ਵਾਧੂ ਵੋਟ ਪਾ ਗਿਆ ਅਤੇ ਕਾਂਗਰਸ ਦੀ ਹੀ ਸੀਨੀਅਰ ਡਿਪਟੀ ਮੇਅਰ ਲਈ ਉਮੀਦਵਾਰ ਸ਼ੀਲਾ ਦੇਵੀ ਨੂੰ 4 ਦੀ ਥਾਂ ਕੁਲ 6 ਵੋਟਾਂ ਕਿਵੇਂ ਪਈਆਂ ਜਦਕਿ ਡਿਪਟੀ ਮੇਅਰ ਲਈ ਕਾਂਗਰਸ ਦੀ ਕੌਂਸਲਰ ਰਵਿੰਦਰ ਕੌਰ ਗੁਜਰਾਲ ਨੂੰ ਸਿਰਫ਼ 4 ਵੋਟਾਂ ਹੀ ਪਈਆਂ ਜਿਹੜੀਆਂ ਉਨ੍ਹਾਂ ਦੀ ਪਾਰਟੀ ਕੋਲ ਸਨ। ਜਦਕਿ ਮੇਅਰ ਲਈ ਉਮੀਦਵਾਰ ਦਵਿੰਦਰ ਸਿੰਘ ਬਬਲਾ ਤੇ ਸ਼ੀਲਾ ਦੇਵੀ ਨੂੰ ਕ੍ਰਮਵਾਰ 3 ਵੋਟਾਂ ਵਾਧਾਂ ਮਿਲਣ ਨਾਲ ਕਰਾਸ ਵੋਟਿੰਗ ਹੋਣ ਦੀ ਸਵਾਲ ਪੈਦਾ ਹੋ ਗਿਆ। ਦਿਵੇਸ਼ ਮੋਦਗਿੱਲ ਬਣੇ ਚੰਡੀਗੜ੍ਹ ਦੇ ਨਵੇਂ ਮੇਅਰਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਇਸ ਦੀ ਜਾਂਚ ਕਰਨ ਦਾ ਭਰੋਸਾ ਦਿਤਾ ਹੈ। ਖੁੱਲ੍ਹੀ ਜੀਪ ਵਿਚ ਸਵਾਰ ਹੋਏ ਸੱਤਪਾਲ ਜੈਨ ਤੇ ਮੇਅਰ ਮੋਦਗਿੱਲ: ਮੇਅਰ ਬਣਨ ਤੋਂ ਬਾਅਦ ਭਾਜਪਾ ਨੇਤਾ ਸੱਤਪਾਲ ਜੈਨ, ਮੇਅਰ ਦਿਵੇਸ਼ ਮੋਦਗਿੱਲ ਅਤੇ ਪਾਰਟੀ ਵਰਕਰਾਂ ਨਾਲ ਫੁੱਲਾਂ ਨਾਲ ਸਜੀ ਖੁਲ੍ਹੀ ਜੀਪ ਵਿਚ ਸਵਾਰ ਹੋ ਕੇ ਭਾਜਪਾ ਦੇ ਦਫ਼ਤਰ ਸੈਕਟਰ-33 ਤਕ ਗਏ। ਇਸ ਮੌਕੇ ਭਾਰੀ ਆਤਿਸ਼ਬਾਜ਼ੀ ਵੀ ਹੋਈ। ਭਾਜਪਾ ਨੇਤਾਵਾਂ ਨੇ ਮਤਭੇਦ ਭੁਲਾ ਕੇ ਤਿੰਨੇ ਸੀਟਾਂ ਭਾਰੀ ਬਹੁਮਤ ਨਾਲ ਜਿੱਤੀਆਂ: ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵਿਚ ਮੇਅਰ ਦੀ ਚੋਣ ਤੋਂ ਪਹਿਲਾਂ 2 ਜਨਵਰੀ ਨੂੰ ਨਾਮਜ਼ਦਗੀ ਕਾਗ਼ਜ਼ ਭਰਨ ਸਮੇਂ ਤੋਂ ਹੀ ਕੌਂਸਲਰ ਖੁਲ੍ਹੀਆਂ ਬਗ਼ਾਵਤੀ ਸੁਰਾਂ ਅਲਾਪਣ ਲੱਗ ਪਏ ਸਨ। ਕੌਂਸਲਰ ਪਾਰਟੀ ਦੇ ਵੱਖ-ਵੱਖ ਧੜਿਆਂ ਦੇ ਨੇਤਾਵਾਂ ਦਾ ਹੱਥ ਹੋਣ ਦੀਆਂ ਕਨਸ਼ੋਆ ਅਖ਼ੀਰ ਤਕ ਮੀਡੀਆ ਵਿਚ ਛਾਈਆਂ ਰਹੀਆਂ ਪਰ ਚੋਣਾਂ ਵੇਲੇ ਸੀਨੀਅਰ ਨੇਤਾਵਾਂ ਤੇ ਕੌਂਸਲਰਾਂ ਨੇ ਭਾਰੀ ਇਕਜੁਟਤਾ ਵਿਖਾਉਂਦਿਆਂ ਵਿਰੋਧੀਆਂ ਨੂੰ ਚਿੱਤ ਕਰ ਦਿਤਾ।