ਚੰਡੀਗੜ੍ਹ, 6 ਜਨਵਰੀ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਸਿਰਫ਼ ਦੋ ਦਿਨ ਬਾਕੀ ਰਹਿ ਗਏ ਹਨ ਪਰ ਮੇਅਰ ਦਿਵੇਸ਼ ਮੋਦਗਿੱਲ ਹੋਵੇਗਾ ਜਾਂ ਆਸ਼ਾ ਜੈਸਵਾਲ, ਇਸ ਬਾਰੇ ਹਾਲੇ ਭਾਜਪਾ ਪ੍ਰਧਾਨ ਸੰਜੇ ਟੰਡਨ ਤੇ ਸਾਬਕਾ ਸੰਸਦ ਮੈਂਬਰ ਸੱਤਪਾਲ ਜੈਨ ਦੇ ਧੜਿਆਂ ਵਿਚ ਕੋਈ ਵੀ ਆਪਸੀ ਸਹਿਮਤੀ ਨਹੀਂ ਬਣੀ, ਸਗੋਂ ਇਕ ਦੂਜੇ ਨੂੰ ਰਾਜਸੀ ਠਿੱਬੀ ਮਾਰਨ ਲਈ ਅੰਦਰੋਂ-ਅੰਦਰੀ ਰਾਜਸੀ ਚਾਲਾਂ ਚੱਲ ਰਹੇ ਹਨ। ਪਾਰਟੀ ਸੂਤਰਾਂ ਅਨੁਸਾਰ ਕੇਂਦਰੀ ਹਾਈ ਕਮਾਂਡ ਅਤੇ ਚੰਡੀਗੜ੍ਹ ਰਾਜਸੀ ਮਾਮਲਿਆਂ ਦੇ ਇੰਚਾਰਜ ਤੇ ਰਾਜ ਸਭਾ ਮੈਂਬਰ ਪ੍ਰਭਾਤ ਝਾਅ ਦੋਹਾਂ ਧਿਰਾਂ ਨੂੰ ਇਕੋ ਪਲੇਟਫ਼ਾਰਮ 'ਤੇਖਲੋਣ ਅਤੇ ਸਿਆਸੀ ਮਤਭੇਦ ਭੁਲਾਉਣ ਲਈ ਲਗਾਤਾਰ ਜ਼ੋਰ ਦਿੰਦੇ ਆ ਰਹੇ ਹਨ ਪਰ ਦੋਹਾਂ ਧਿਰਾਂ ਆਪੋ-ਅਪਣੀ ਜਿੱਦ ਪੁਗਾਉਣ ਲਈ ਇਕ-ਦੂਜੇ ਵਿਰੁਧ ਬੋਲ-ਕੁਬੋਲ ਵੀ ਵਰਤ ਰਹੇ ਹਨ। ਪਾਰਟੀ ਉੱਚ ਪਧਰੀ ਉਮੀਦਵਾਰਾਂ ਨੂੰ ਉਮੀਦ ਹੈ ਕਿ ਨਵੰਬਰ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਹੀ ਆਫ਼ੀਸਲ ਉਮੀਦਵਾਰਾਂ ਦੇ ਹੱਕ ਵਿਚ ਆਸ਼ਾ ਜੈਸਵਾਲ ਦਾ ਧੜਾ ਨਾਂ ਵਾਪਸ ਲੈਣ ਲਈ ਸਹਿਮਤ ਹੋ ਜਾਵੇਗਾ। ਆਸ਼ਾ ਜੈਸਵਾਲ ਗਰੁੱਪ ਨਾਲ 14 ਅਤੇ ਦਿਵੇਸ਼ ਮੋਦਗਿੱਲ ਨਾਲ 7-8 ਕੌਂਸਲਰ ਖੜ੍ਹੇ ਦਿਖਾਈ ਦੇ ਰਹੇ ਹਨ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਦਸਿਆ ਕਿ ਮੇਅਰ ਦੀ ਚੋਣ ਤਾਂ ਇਕ ਬਹਾਨਾ ਹੈ ਪਰ ਸੰਜੇ ਟੰਡਨ, ਸੱਤਪਾਲ ਜੈਨ ਦੇ ਧੜੇ ਨੂੰ ਸੰਸਦ ਮੈਂਬਰ ਕਿਰਨ ਖੇਰ ਤੇ ਹਰਮੋਹਨ ਧਵਨ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਵੀ ਟੰਡਨ ਗਰੁੱਪ ਟਿਕਟਾਂ ਦੀ ਦਾਅਵੇਦਾਰੀ ਤੋਂ ਪਿੱਛੇ ਧੱਕਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਜਦਕਿ ਮੇਅਰ ਦੀ ਉਮੀਦਵਾਰੀ ਤਾਂ ਇਕ ਸਿਆਸੀ ਸਟੰਟ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਟੰਡਨ ਧੜੇ ਦੀ ਸੋਚ ਹੈ ਕਿ ਪਾਰਟੀ ਭਾਵੇਂ ਲੀਰੋ-ਲੀਰ ਹੋ ਜਾਵੇ ਪਰ ਦਿਵੇਸ਼ ਮੋਦਗਿੱਲ ਨੂੰ ਮੇਅਰ ਨਹੀਂ ਬਣਾਉਣਾ ਚਾਹੁੰਦੇ। ਇਸ ਲਈ ਟੰਡਨ ਗਰੁੱਪ ਵੱਡ ਤੋਂ ਵੱਧ ਕੌਂਸਲਰਾਂ ਨੂੰ ਜੋੜਨ ਦਾ ਦਾਅਵਾ ਵੀ ਕਿਹਾ ਗਿਆ ਹੈ।
ਦਿਵੇਸ਼ ਮੇਅਰ ਬਣ ਵੀ ਗਿਆ ਤਾਂ ਮੇਅਰ ਦੀ ਕੰਡਿਆਂ ਦਾ ਤਾਜ ਹੋਵੇਗੀ : ਪਾਰਟੀ ਸੂਤਰਾਂ ਅਨੁਸਾਰ ਪਾਰਟੀ ਵਲੋਂ ਦਿਵੇਸ਼ ਮੋਦਗਿੱਲ ਜੋ ਹਾਈ ਕੋਰਟ ਵਿਚ ਵਕੀਲ ਵੀ ਹਨ। ਉਨ੍ਹਾਂ ਦਾ ਰਾਹ ਰੋਕਣ ਵਾਲੇ ਆਸ਼ਾ ਜੈਸਵਾਲ, ਅਰੁਣ ਸੂਦ, ਰਾਜ ਬਾਲਾ ਮਲਿਕ ਤਿੰਨੋ ਹੀ ਸਾਬਕਾ ਮੇਅਰ ਰਹੇ ਹਨ ਅਤੇ ਪੇਸ਼ੇ ਵਜੋਂ ਵਕਾਲਤ ਕਰਦੇ ਹਨ। ਤਿੰਨੋਂ ਹੀ ਨੇਤਾ ਦਿਵੇਸ਼ ਮੋਦਗਿੱਲ ਦੀ ਨਗਰ ਨਿਗਮ 'ਚ ਕੋਈ ਪੇਸ਼ ਨਹੀਂ ਜਾਣ ਦੇਣਗੇ ਕਿਉਂਕਿ ਸੀਨੀਅਰ ਡਿਪਟੀ ਮੇਅਰ ਲਈ ਉਮੀਦਵਾਰ ਗੁਰਪ੍ਰੀਤ ਢਿੱਲੋਂ ਤੇ ਵਿਨੋਦ ਅਗਰਵਾਲ ਹਨ, ਜਿਨ੍ਹਾਂ ਡਿਪਟੀ ਮੇਅਰ ਲਈ ਫ਼ਾਰਮ ਭਰੇ ਹਨ, ਉਹ ਵੀ ਸੰਜੇ ਟੰਡਨ ਗਰੁੱਪ ਨਾਲ ਹੀ ਸਬੰਧਤ ਹਨ। ਜ਼ਿਕਰਯੋਗ ਹੈ ਕਿ ਸੱਤਪਾਲ ਜੈਨ ਦੋ ਵਾਰ ਲੋਕ ਸਭਾ 'ਚ ਚੰਡੀਗੜ੍ਹ ਤੋਂ ਭਾਜਪਾ ਦੀ ਪ੍ਰਤੀਨਿਧਤਾ ਕਰ ਚੁਕੇ ਹਨ। ਸੂਤਰਾਂ ਅਨੁਸਾਰ ਐਤਕੀਂ ਵੀ ਜੇ ਮੇਅਰ ਉਨ੍ਹਾਂ ਦੇ ਧੜੇ ਦਾ ਦਿਵੇਸ਼ ਬਣ ਗਿਆ ਤਾਂ ਟੰਡਨ ਧੜੇ ਨੂੰ ਡਰ ਹੈ ਕਿ ਸੱਤਪਾਲ ਜੈਨ ਕੌਮੀ ਪ੍ਰਧਾਨ ਅਮਿਤ ਸ਼ਾਹ ਦੀਆਂ ਨਜ਼ਰਾਂ ਵਿਚ ਚੰਡੀਗੜ੍ਹ ਦੇ ਸਿਰਕੱਢ ਨੇਤਾ ਬਣ ਜਾਣਗੇ ਅਤੇ ਐਤਕੀ ਫਿਰ ਲੋਕ ਸਭਾ ਦੀ ਟਿਕਟ ਲੈਣ ਲਈ ਜ਼ੋਰ ਦੇਣਗੇ ਪਰ ਇਸ ਵਾਰ ਸੰਜੇ ਟੰਡਨ ਲੋਕ ਸਭਾ ਚੋਣ 2019 ਵਿਚ ਖ਼ੁਦ ਹੀ ਚੰਡੀਗੜ੍ਹ ਤੋਂ ਲੜਨਾ ਚਾਹੁੰਦੇ ਹਨ ਕਿਉਂÎਕ ਉਹ ਸੰਸਦ ਮੈਂਬਰ ਕਿਰਨ ਖੇਰ ਨੂੰ ਵੀ ਬਾਹਰ ਹੀ ਰਖਣਾ ਚਾਹੁੰਦੇ ਹਨ।