
ਚੰਡੀਗੜ੍ਹ, 2 ਨਵੰਬਰ (ਤਰੁਣ ਭਜਨੀ): ਚੰਡੀਗੜ੍ਹ ਫ਼ਾਸਟ ਟਰੈਕ ਕੋਰਟ ਨੇ 10 ਸਾਲਾ ਬੱਚੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਦੋਹਾਂ ਮਾਮਿਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਨੂੰ ਮੰਗਲਵਾਰ ਦੋਸ਼ੀ ਕਰਾਰ ਦਿਤਾ ਸੀ। ਫ਼ੈਸਲੇ ਸਮੇਂ ਦੋਵੇਂ ਮਾਮੇ ਅਦਾਲਤ ਵਿਚ ਵਿਲਕ- ਵਿਲਕ ਕੇ ਰੋ ਰਹੇ ਸਨ। ਅਦਾਲਤ ਨੇ ਹਰ ਦੋਸ਼ੀ ਨੂੰ 3 ਲੱਖ 5 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਅਦਾਲਤ ਨੇ ਬੀਤੇ ਮੰਗਲਵਾਰ ਦੋਹਾਂ ਮੁਲਜ਼ਮਾਂ ਨੂੰ ਪਾਸਕੋ ਐਕਟ 6 ਅਤੇ ਧਾਰਾ 376 ਦੇ ਤਹਿਤ ਦੋਸ਼ੀ ਕਰਾਰ ਦਿਤਾ ਸੀ। ਦੋਵੇਂ ਦੋਸ਼ੀਆਂ ਦੇ ਵਕੀਲਾਂ ਨੇ ਦੋ ਦਿਨ ਪਹਿਲਾਂ ਅੰਤਮ ਬਹਿਸ ਕਰਦੇ ਹੋਏ ਬਚਾਅ ਵਿਚ ਕਈ ਦਲੀਲਾਂ ਦਿਤੀਆਂ ਸਨ। ਦੋਹਾਂ ਪੱਖਾਂ ਦੀ ਬਹਿਸ ਤੋਂ ਬਾਅਦ ਅਦਾਲਤ ਨੇ ਫ਼ੈਸਲੇ ਦੀ ਤਰੀਕ 31 ਅਕਤੂਬਰ ਤੈਅ ਕੀਤੀ ਸੀ। ਉਸ ਦਿਨ ਕੋਰਟ ਨੇ ਦੋਹਾਂ ਨੂੰ ਦੋਸ਼ੀ ਕਰਾਰ ਦੇ ਦਿਤਾ ਸੀ। ਬੱਚੀ ਨਾਲ ਕੁਕਰਮ ਦੇ ਮਾਮਲੇ ਵਿਚ ਪਹਿਲਾਂ ਵੱਡੇ ਮਾਮੇ ਕੁਲਬਹਾਦੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਨਵੀਂ ਜੰਮੀ ਬੱਚੀ ਨਾਲ ਮੁਲਜ਼ਮ ਦਾ ਡੀਐਨਏ ਮੇਲ ਨਹੀਂ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਪੀੜਤਾਂ ਦੀ ਮੁੜ ਕਾਊਂਸਲਿੰਗ ਕੀਤੀ ਤਾਂ ਬੱਚੀ ਨੇ ਅਪਣੇ ਦੂਜੇ ਮਾਮੇ ਸ਼ੰਕਰ ਦਾ ਨਾਂ ਲਿਆ। ਪੁਲਿਸ ਨੇ 19 ਸਤੰਬਰ ਨੂੰ ਸ਼ੰਕਰ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਸ਼ੰਕਰ ਨਾਲ ਨਵ-ਜੰਮੀ ਬੱਚੀ ਦਾ ਡੀਐਨਏ ਮੇਲ ਖਾ ਗਿਆ ਸੀ।
ਕੁਲਬਹਾਦੁਰ ਦੇ ਵਕੀਲ ਮੁਤਾਬਕ ਉਸ ਨੂੰ ਗ਼ਲਤ ਫਸਾਇਆ ਗਿਆ : ਕੁਲਬਹਾਦੁਰ ਦੇ ਵਕੀਲ ਮਨਜੀਤ ਸਿੰਘ ਨੇ ਦਲੀਲ ਦਿਤੀ ਕਿ ਬੱਚੀ ਨੇ ਬਿਆਨ ਦਿਤਾ ਸੀ ਕਿ ਦਸੰਬਰ ਤੋਂ ਅਪ੍ਰੈਲ ਤਕ ਸ਼ੰਕਰ ਨੇ ਉਸ ਨਾਲ ਕੁਕਰਮ ਕੀਤਾ ਅਤੇ ਇਸ ਤੋਂ ਬਾਅਦ ਕੁਲਬਹਾਦੁਰ ਨੇ ਕੀਤਾ। ਅਜਿਹੀ ਸਥਿਤੀ ਵਿਚ ਬੱਚੀ ਦੇ ਗਰਭਪਾਤ ਦੀ ਸੰਭਾਵਨਾ ਹੋ ਸਕਦੀ ਸੀ। ਮਹਿਲਾ ਗਰਭਵਤੀ ਹੋਵੇ ਤਾਂ ਆਮ ਤੌਰ ਤੇ ਪੰਜਵੇਂ ਮਹੀਨੇ ਵਿਚ ਉਸ ਦੇ ਸ੍ਰੀਰ ਵਿਚ ਬਦਲਾਅ ਆਉਣ ਲਗਦੇ ਹਨ। ਬਚਾਅ ਪੱਖ ਮੁਤਾਬਕ ਕੁਲਬਹਾਦੁਰ ਨੂੰ ਗ਼ਲਤ ਫਸਾਇਆ ਗਿਆ ਹੈ। ਸ਼ੰਕਰ ਦੇ ਵਕੀਲ ਨੇ ਰੀਪੋਰਟ ਨੂੰ ਦਸਿਆ ਸੀ ਗ਼ਲਤ : ਦੋਸ਼ੀ ਸ਼ੰਕਰ ਦੇ ਵਕੀਲ ਇੰਦਰਜੀਤ ਸਿੰਘ ਬੱਸੀ ਨੇ ਕਿਹਾ ਕਿ ਪੁਲਿਸ ਨੇ ਅੱਠ ਜਣਿਆਂ ਦੇ ਖ਼ੂਨ ਦੇ ਨਮੂਨੇ ਲਏ ਸਨ। ਅਜਿਹੇ ਵਿਚ ਇਨ੍ਹਾਂ ਵਿਚ ਮਿਲਾਵਟ ਹੋ ਗਈ ਸੀ, ਜਿਸ ਨਾਲ ਗ਼ਲਤ ਰੀਪੋਰਟ ਬਣੀ। ਸ਼ੰਕਰ ਨੂੰ ਕਿਸੇ ਨੇ ਘਰ ਵਿਚ ਆਉਂਦੇ-ਜਾਂਦੇ ਵੀ ਨਹੀਂ ਵੇਖਿਆ ਸੀ। ਬਚਾਅ ਪੱਖ ਮੁਤਾਬਕ ਸ਼ੰਕਰ ਬੇਕਸੂਰ ਹੈ। ਸਰਕਾਰੀ ਵਕੀਲ ਨੇ ਕਿਹਾ, ਦੋਵੇਂ ਦੋਸ਼ੀ : ਸਰਕਾਰੀ ਵਕੀਲ ਨੇ ਕਿਹਾ ਕਿ ਦੋਹਾਂ ਮਾਮਿਆਂ 'ਤੇ ਲਗਾਏ ਗਏ ਦੋਸ਼ ਸਹੀ ਹਨ। ਡੀਐਨਏ ਰੀਪੋਰਟ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋਈ। ਕੁਲਬਹਾਦੁਰ ਦਾ ਡੀਐਨਏ ਮੇਲ ਨਹੀਂ ਹੋਇਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਦੋਸ਼ੀ ਨਹੀਂ ਹੈ। ਉਸ ਨੇ ਵੀ ਬੱਚੀ ਨਾਲ ਕੁਕਰਮ ਕੀਤਾ ਹੈ। ਬੱਚੀ ਨੇ ਅਪਣੇ ਬਿਆਨਾਂ ਵਿਚ ਕੁਲਬਹਾਦੁਰ ਦਾ ਨਾਂ ਲਿਆ ਹੈ।