
ਚੰਡੀਗੜ੍ਹ, 23 ਫ਼ਰਵਰੀ (ਸਰਬਜੀਤ ਢਿੱਲੋਂ) : ਸੈਕਟਰ-16 ਦੇ ਰੋਜ਼ ਗਾਰਡਨ 'ਚ ਅੱਜ 46ਵਾਂ ਗੁਲਾਬਾਂ ਦਾ ਮੇਲਾ ਧੂਮ-ਧਾਮ ਨਾਲ ਸ਼ੁਰੂ ਹੋ ਗਿਆ। ਪਹਿਲੇ ਦਿਨ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕੀਤੀ। ਚੰਡੀਗੜ੍ਹ ਟੂਰਿਜਮ ਵਿਭਾਗ ਵਲੋਂ ਸਾਂਝੇ ਤੌਰ 'ਤੇ 25 ਫ਼ਰਵਰੀ ਤਕ ਚੱਲਣ ਵਾਲੇ ਇਸ ਮੇਲੇ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਪੁੱਜੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕੀਤਾ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ, ਮੇਅਰ ਦਿਵੇਸ਼ ਮੋਦਗਿਲ ਅਤੇ ਨਗਰ ਨਿਗਮ ਦੇ ਕਮਿਸ਼ਨਰ ਜਤਿੰਦਰ ਯਾਦਵ ਵੀ ਹਾਜ਼ਰ ਸਨ। ਇਸ ਮੌਕੇ ਪ੍ਰਸ਼ਾਸਕ ਬਦਨੌਰ ਨੇ ਕਿਹਾ ਕਿ ਅਗਲੇ ਸਾਲ ਇਸ ਮੇਲੇ ਦਾ ਪੱਧਰ ਕੌਮਾਂਤਰੀ ਪੱਧਰ ਤਕ ਵਧਾਇਆ ਜਾਵੇਗਾ ਤਾਕਿ ਦੁਨੀਆਂ ਦੇ ਹੋਰ ਦੇਸ਼ਾਂ ਦੇ ਲੋਕ ਵੀ ਵੱਧ ਤੋਂ ਵੱਧ ਹਿੱਸਾ ਲੈ ਸਕਣ। ਉਨ੍ਹਾਂ ਰੋਜ਼ ਗਾਰਡਨ ਦੀ ਖ਼ੂਬਸੂਰਤੀ ਦੀ ਪ੍ਰਸ਼ੰਸਾ ਕੀਤੀ। ਪ੍ਰਸ਼ਾਸਕ ਨੇ ਇਸ 40 ਏਕੜ ਰਕਸ ਵਿਚ 1967 'ਚ ਪਹਿਲੇ ਤੇ ਮਰਹੂਮ ਚੀਫ਼ ਕਮਿਸ਼ਨਰ ਡਾ. ਮਹਿੰਦਰ ਸਿੰਘ ਰੰਧਾਵਾ ਦੇ ਵਿਸ਼ੇਸ਼ ਯਤਨਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਬਚਪਨ ਵਿਚ ਇਹ ਮੇਲਾ ਵੇਖਣ ਕਦੇ-ਕਦਾਈਂ ਹੀ ਆਈਦਾ ਸੀ ਪਰ ਹੁਣ ਇਸ ਦੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਣ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਕਮਿਸ਼ਨਰ ਜਤਿੰਦਰ ਯਾਦਵ ਨੇ ਲੇਡੀ ਗਵਰਨਰ ਅਲਿਕਾ ਸਿੰਘ ਤੇ ਯੂ.ਟੀ. ਪ੍ਰਸ਼ਾਸਕ ਨੂੰ ਯਾਦਗਾਰੀ ਮੋਮੈਂਟੋ ਭੇਂਟ ਕਰਦਿਆਂ ਧਨਵਾਦ ਕੀਤਾ। ਮੇਲੇ 'ਚ ਸਵੇਰੇ ਤੋਂ ਸ਼ਾਮ ਤਕ ਫੌਕ ਲੋਕ ਗੀਤ-ਸੰਗੀਤ, ਸਕੂਲਾਂ-ਕਾਲਜਾਂ ਦੇ ਫੌਕ ਡਾਂਸ ਮੁਕਾਬਲੇ, ਪੁਲਿਸ ਦੇ ਪਾਈਪ ਤੇ ਬ੍ਰਾਸ ਬੈਂਡ ਮੁਕਾਬਲਿਆਂ ਤੋਂ ਇਲਾਵਾ ਫੁੱਲਾਂ ਦੇ ਮੁਕਾਬਲੇ ਆਦਿ ਵੀ ਕਰਵਾਏ ਗਏ। ਮਿਸ ਰੋਜ਼ ਤੇ ਮਿਸਟਰ ਰੋਜ਼ ਮੁਕਾਬਲਿਆਂ ਨੇ ਖਿਚਿਆਂ ਦਰਸ਼ਕਾਂ ਦਾ ਧਿਆਨ : ਗੁਲਾਬਾਂ ਦੇ ਮੇਲੇ ਨੂੰ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣਾਉਣ ਵਾਸਤੇ ਕਾਲਜਾਂ ਦੇ ਨੌਜਵਾਨ ਜੋੜਿਆਂ ਦੇ ਸੁੰਦਰਤਾ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ 10-12 ਗਰੁੱਪਾਂ 'ਚ ਮੁੰਡਿਆਂ ਤੇ ਕੁੜੀਆਂ ਨੇ ਗੁਲਾਬਾਂ ਦੇ ਫੁੱਲ ਸਜਾ ਕੇ ਰੈਂਪ 'ਤੇ ਖ਼ੂਬਸੂਰਤ ਪੇਸ਼ਕਾਰੀ ਦੇ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਵਿਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਨਕਦ ਇਨਾਮ ਦਿਤੇ ਜਾਣਗੇ।
ਸਕੂਲਾਂ ਤੇ ਕਾਲਜਾਂ ਦੇ ਗਿੱਧੇ ਤੇ ਭੰਗੜੇ ਦੇ ਮੁਕਾਬਲੇ: ਸਵੇਰੇ 11 ਵਜੇ ਤੋਂ ਬਾਅਦ ਪ੍ਰਬੰਧਕਾਂ ਵਲੋਂ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਭਾਵੇਂ ਐਤਕੀ ਐਟਰੀਆਂ ਘੱਟ ਹੀ ਆਈਆਂ ਪਰ ਨੌਜਵਾਨ ਮੁੰਡੇ ਤੇ ਕੁੜੀਆਂ ਨੇ ਭੰਗੜਾ, ਗਿੱਧਾ ਤੇ ਲੋਕ ਸੰਗੀਤ ਵਿਚ ਖ਼ੂਬਸੂਰਤ ਪੇਸ਼ਕਾਰੀਆਂ ਦਿਤੀਆਂ। ਇਸ ਵਿਚ ਸਰਕਾਰੀ ਕਾਲਜ ਸੈਕਟਰ-11 ਦੀਆਂ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਦੂਜੇ ਸਥਾਨ 'ਤੇ ਆਈ.ਟੀ.ਐਫ਼. ਦੀ ਸੰਸਥਾ ਸੈਕਟਰ-17 ਦੀ ਟੀਮ ਰਹੀ। ਇਸ ਮੌਕੇ ਉਘੇ ਕਲਾਕਾਰ ਬਲਕਾਰ ਸਿੱਧੂ, ਨੀਤਾ ਮਿੱਤਰਾ ਤੇ ਸੁਨੀਤਾ ਡਾਬਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਸਕੂਲਾਂ ਦੇ ਮੁਕਾਬਲਿਆਂ ਵਿਚ ਗੌਰਮਿੰਟ ਸਕੂਨ ਮੌਲੀਜੱਗਰਾਂ ਪਹਿਲੇ ਸਥਾਨ 'ਤੇ ਰਿਹਾ ਜਾਦਕਿ ਨਵੋਦਿਆ ਵਿਦਿਆਲਾ ਦੂਜੇ ਸਥਾਨ ਅਤੇ ਮੋਤੀ ਰਾਮ ਆਰੀਆ ਸਕੂਲ ਸੈਕਟਰ-27 ਤੀਜੇ ਸਥਾਨ 'ਤੇ ਰਿਹਾ। ਇਸ ਤੋਂ ਇਲਾਵਾ ਨਗਰ ਨਿਗਮ 'ਚ ਨਾਮਜ਼ਦ ਕੌਂਸਲਰ ਕੁਮਾਰੀ ਬਾਂਸਲ ਦੀ ਐਨ.ਓ.ਜੀ. ਸੰਸਥਾ ਦੇ ਬੱਚਿਆਂ ਵਲੋਂ ਵੀ ਖ਼ੂਬਸੂਰਤ ਭੰਗੜੇ ਦੀ ਪੇਸ਼ਕਾਰੀ ਦਿਤੇ ਜਾਣ ਮਗਰੋਂ ਉਸ ਨੂੰ ਚੌਥਾ ਤੇ ਹੌਸਲਾ ਅਫ਼ਜਾਈ ਇਨਾਮ ਦਿਤਾ ਗਿਆ। ਇਹ ਮੁੰਡੇ ਕਾਲੋਨੀਆਂ ਵਿਚ ਰਹਿੰਦੇ ਹਨ। ਲਈਅਰ ਵੈਲੀ ਸੈਕਟਰ-10 ਵਿਚ ਸ਼ਾਮਲ 6:30 ਵਜੇ ਸੁਰੀਲੀ ਸ਼ਾਮ 'ਚ ਉਘੇ ਕਲਾਕਾਰ ਕੁਲਵਿੰਦਰ ਬਿੱਲਾ ਨੇ ਅਪਣੇ ਸਾਥੀਆਂ ਨਾਲ ਖ਼ੂਬਸੂਰਤ ਗੀਤ ਗਾ ਕੇ ਦੇਰ ਰਾਤ ਤਕ ਸਰੋਤਿਆਂ ਨੂੰ ਕੀਲੀ ਰਖਿਆ।