
ਚੰਡੀਗੜ੍ਹ : ਵੀਰਵਾਰ ਨੂੰ ਬੁਲਟ ਮੋਟਰਸਾਈਕਲਾਂ 'ਤੇ ਮੋਡੀਫਾਈਡ ਸਾਈਲੈਂਸਰਾਂ ਸਮੇਤ ਵਾਹਨਾਂ 'ਤੇ ਪ੍ਰੈੱਸ਼ਰ ਹਾਰਨ ਹੋਣ ਕਾਰਨ ਹੋਣ ਵਾਲੇ ਆਵਾਜ਼ ਪ੍ਰਦੂਸ਼ਣ ਸਬੰਧੀ ਹਾਈਕੋਰਟ 'ਚ ਦਾਇਰ ਜਨ-ਹਿਤ ਪਟੀਸ਼ਨ 'ਤੇ ਡਬਲ ਬੈਂਚ 'ਚ ਸੁਣਵਾਈ ਹੋਈ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚਲਾਨਾਂ ਸਬੰਧੀ ਸਟੇਟਸ ਰਿਪੋਰਟ ਪੇਸ਼ ਕੀਤੀ ਗਈ। ਹਾਈਕੋਰਟ ਨੇ ਕੇਸ ਵਿਚ ਜ਼ੁਬਾਨੀ ਹੁਕਮ ਜਾਰੀ ਕਰਦਿਆਂ ਪ੍ਰਸ਼ਾਸਨ ਨੂੰ ਮੋਡੀਫਾਈਡ ਸਾਈਲੈਂਸਰ ਲਵਾਉਣ ਵਾਲੇ ਅਫੈਂਡਰਾਂ ਦੀ ਜਾਣਕਾਰੀ ਦੇਣ ਲਈ ਕਿਹਾ। ਹਾਈਕੋਰਟ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਸੰਮਨ ਜਾਰੀ ਕਰ ਕੇ ਕੇਸ ਵਿਚ ਪਾਰਟੀ ਬਣਾਇਆ ਜਾ ਸਕਦਾ ਹੈ। ਹਾਈਕੋਰਟ ਨੇ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਮੌਜੂਦ ਪੁਲਸ ਕਰਮਚਾਰੀਆਂ ਨੂੰ ਕਿਹਾ ਕਿ ਸੈਕਟਰ-4 ਦੇ ਘਰਾਂ ਵਿਚ ਮੋਡੀਫਾਈਡ ਸਾਈਲੈਂਸਰਾਂ ਦੀ ਤੇਜ਼ ਆਵਾਜ਼ ਸੁਣਾਈ ਦਿੰਦੀ ਹੈ। ਸੈਕਟਰ-3 ਵਿਚ ਪੁਲਸ ਥਾਣਾ ਹੈ। ਕੀ ਤੁਹਾਨੂੰ ਰੌਲਾ ਨਹੀਂ ਸੁਣਦਾ? ਹਾਈਕੋਰਟ ਨੇ ਕਿਹਾ ਕਿ ਸਥਿਤੀ ਵਿਚ ਜ਼ਿਆਦਾ ਬਦਲਾਅ ਨਹੀਂ ਆਇਆ ਹੈ।
ਹਾਈਕੋਰਟ ਨੇ ਪੁੱਛਿਆ ਕਿ ਸੈਕਟਰ-3 ਥਾਣੇ ਅਧੀਨ ਕਿੰਨੇ ਚਲਾਨ ਕੀਤੇ ਗਏ। ਡੀ. ਐੱਸ. ਪੀ. ਟ੍ਰੈਫਿਕ ਰਾਜੀਵ ਕੁਮਾਰ ਅੰਬਾਸਤਾ ਨੇ ਪੇਸ਼ ਐਫੀਡੇਵਿਟ ਵਿਚ ਹਾਈ ਕੋਰਟ ਦੇ 16 ਫਰਵਰੀ 2018 ਦੇ ਹੁਕਮਾਂ ਦੀ ਪਾਲਣਾ ਕਰਦਿਆਂ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਪੇਸ਼ ਕੀਤੀ। ਇਸ ਮੁਤਾਬਕ 2017 ਵਿਚ ਉੱਚੀ ਆਵਾਜ਼ ਵਾਲੇ ਸਾਈਲੈਂਸਰਾਂ ਤੇ ਉੱਚੀ ਸੰਗੀਤ ਚਲਾਉਣ ਦੇ 778 ਚਲਾਨ ਤੇ 2018 ਤੋਂ ਹੁਣ ਤੱਕ 690 ਚਲਾਨ ਕੀਤੇ ਗਏ ਹਨ। ਇਸ ਸਾਲ ਅਜਿਹੀਆਂ ਉਲੰਘਣਾਵਾਂ ਸਬੰਧੀ 71 ਮੋਟਰਸਾਈਕਲ ਜ਼ਬਤ ਕੀਤੇ ਗਏ ਹਨ। 34 ਮੋਟਰਸਾਈਕਲਾਂ ਦੇ ਸਾਈਲੈਂਸਰਾਂ ਨੂੰ ਟ੍ਰੈਫਿਕ ਲਾਈਨਜ਼ ਵਿਚ ਬਦਲਿਆ ਵੀ ਗਿਆ ਸੀ। ਟ੍ਰੈਫਿਕ ਪੁਲਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਵਾਜ਼ ਪ੍ਰਦੂਸ਼ਣ ਸਬੰਧੀ 20 ਫਰਵਰੀ ਤੋਂ ਰੋਜ਼ਾਨਾ ਮੁਹਿੰਮ ਚਲਾਈ ਜਾ ਰਹੀ ਹੈ। ਹੋਲੀ 'ਤੇ ਵਿਸ਼ੇਸ਼ ਰੂਪ 'ਚ ਕਈ ਚਲਾਨ ਕੀਤੇ ਗਏ। ਮਾਮਲੇ ਵਿਚ ਹੁਣ 19 ਮਾਰਚ ਨੂੰ ਬਹਿਸ ਕੀਤੀ ਜਾਵੇਗੀ। ਪਟੀਸ਼ਨਰ ਚੰਡੀਗੜ੍ਹ ਦੇ ਡਾ. ਭਵਨੀਤ ਗੋਇਲ ਵੱਲੋਂ ਐਡਵੋਕੇਟ ਰਾਜੇਸ਼ ਗਿਰਧਰ ਮਾਮਲੇ ਵਿਚ ਪੈਰਵੀ ਕਰ ਰਹੇ ਹਨ।
ਜਾਣਕਾਰੀ ਵਿਚ ਚੰਡੀਗੜ੍ਹ ਪੁਲਸ ਨੇ ਦੱਸਿਆ ਹੈ ਕਿ ਇਸ ਸਾਲ 4 ਮਾਰਚ ਤੱਕ ਹਰ ਤਰ੍ਹਾਂ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾਵਾਂ ਵਿਚ 30871 ਚਲਾਨ ਕੀਤੇ ਗਏ ਹਨ। ਇਨ੍ਹਾਂ ਵਿਚ 3476 ਵਾਹਨ ਇੰਪਾਊਂਡ ਕੀਤੇ ਗਏ ਹਨ। ਉਥੇ ਹੀ ਇਨ੍ਹਾਂ ਚਲਾਨਾਂ ਦੇ ਰੂਪ ਵਿਚ 83,36,550 ਰੁਪਏ ਜੋੜੇ ਗਏ ਹਨ। ਸਾਈਲੈਂਸਰਾਂ, ਤੇਜ਼ ਆਵਾਜ਼ ਵਾਲੀਆਂ ਗੱਡੀਆਂ ਤੇ ਤੇਜ਼ ਮਿਊਜ਼ਿਕ ਵਜਾਉਣ ਦੇ 4 ਮਾਰਚ ਤੱਕ 690 ਚਲਾਨ ਕੀਤੇ ਗਏ ਹਨ ਤੇ 71 ਗੱਡੀਆਂ ਇੰਪਾਊਂਡ ਕੀਤੀਆਂ ਗਈਆਂ ਜਦ ਕਿ ਪ੍ਰੈੱਸ਼ਰ ਹਾਰਨ ਦੇ 138 ਚਲਾਨ ਤੇ 16 ਇੰਪਾਊਂਡ ਕੀਤੇ ਹਨ।
ਪੁਲਿਸ ਵਿਭਾਗ ਵੱਲੋਂ ਚੰਡੀਗੜ੍ਹ ਤੇ ਉਸ ਦੇ ਆਸ-ਪਾਸ ਉਨ੍ਹਾਂ ਦੁਕਾਨਦਾਰਾਂ ਤੇ ਮਕੈਨਿਕਾਂ ਦੀ ਵੀ ਪਛਾਣ ਕਰ ਲਈ ਗਈ ਹੈ, ਜੋ ਸਾਈਲੈਂਸਰ ਮੋਡੀਫਾਈ ਕਰ ਰਹੇ ਹਨ ਤੇ ਮੋਡੀਫਾਈਡ ਸਾਈਲੈਂਸਰ ਵੇਚ ਰਹੇ ਹਨ। ਇਨ੍ਹਾਂ ਵਿਚ ਸੈਕਟਰ-32, 21, 27, 38 (ਵੈਸਟ), 41, 43, 48 ਤੇ ਮਨੀ ਮਾਜਰਾ ਮੋਟਰ ਮਾਰਕੀਟ ਸ਼ਾਮਿਲ ਹਨ। ਇਸ ਤੋਂ ਇਲਾਵਾ ਮੋਰਿੰਡਾ, ਫੇਜ਼-7 ਮੋਹਾਲੀ, ਫੇਜ਼ -11, ਫੇਜ਼ 1, ਨਵਾਂਗਰਾਓਂ, ਮਾਲੇਰਕੋਟਲਾ ਤੇ ਲੁਧਿਆਣਾ ਸਮੇਤ ਦਿੱਲੀ, ਹਿਸਾਰ ਵਿਚ ਸਾਈਲੈਂਸਰਾਂ ਨੂੰ ਮੋਡੀਫਾਈ ਕਰਨ ਤੇ ਵੇਚਣ ਦਾ ਕੰਮ ਕਰ ਰਹੇ ਹਨ। ਕਿਹਾ ਗਿਆ ਕਿ ਟ੍ਰੈਫਿਕ ਇੰਸਪੈਕਟਰ ਰੈਗੂਲਰ ਆਧਾਰ 'ਤੇ ਜਾਗਰੂਕਤਾ ਫੈਲਾਅ ਰਹੇ ਹਨ। ਗੁਆਂਢੀ ਰਾਜਾਂ ਨੂੰ ਵੀ ਵਾਈਲੇਸ਼ਨ ਬਾਰੇ ਦੱਸਿਆ ਗਿਆ ਹੈ। ਉਥੇ ਹੀ ਜਿਹੜੇ ਮਕੈਨਿਕ ਮੋਡੀਫਾਈਡ ਸਾਈਲੈਂਸਰ ਲਾਉਂਦੇ ਹਨ, ਉਨ੍ਹਾਂ 'ਤੇ ਕਾਰਵਾਈ ਲਈ ਐੱਸ. ਐੱਸ. ਪੀ. ਮੋਹਾਲੀ ਤੇ ਰੋਪੜ ਨੂੰ ਲਿਖਿਆ ਗਿਆ ਹੈ। ਇਹੀ ਨਹੀਂ, ਚੰਡੀਗੜ੍ਹ ਪੁਲਸ ਨੇ ਰਾਇਲ ਇਨਫੀਲਡ ਨਾਲ ਪਾਰਟਰਨਸ਼ਿਪ ਵਿਚ ਇਕ ਮੁਹਿੰਮ ਵੀ ਸ਼ੁਰੂ ਕੀਤੀ ਹੈ।
ਹੋਰ ਸੂਬਿਆਂ ਦੇ ਮੁਕਾਬਲੇ ਚੰਡੀਗੜ੍ਹ 'ਚ ਹੋਏ ਸਭ ਤੋਂ ਵੱਧ ਚਲਾਨ
ਪੁਲਸ ਵਿਭਾਗ ਨੇ ਪੰਜਾਬ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ ਤੇ ਹੋਰ ਸੂਬਿਆਂ ਦੇ ਨਾਲ ਚੰਡੀÎਗੜ੍ਹ ਦੀ ਸਾਈਲੈਂਸਰਾਂ, ਤੇਜ਼ ਆਵਾਜ਼ ਵਾਲੇ ਵਾਹਨਾਂ ਤੇ ਪ੍ਰੈੱਸ਼ਰ/ਮਲਟੀ ਹਾਰਨ ਦੇ 2017-2018 ਵਿਚ ਸਭ ਤੋਂ ਵੱਧ ਚਲਾਨ ਕਰਨ ਦਾ ਦਾਅਵਾ ਕੀਤਾ ਹੈ। ਸਾਈਲੈਂਸਰਾਂ, ਤੇਜ਼ ਆਵਾਜ਼ ਵਾਲੇ ਵਾਹਨ, ਤੇਜ਼ ਮਿਊਜ਼ਿਕ ਸਬੰਧੀ 2017 ਵਿਚ ਸ਼ਹਿਰ ਵਿਚ 383 ਚਲਾਨ, 2018 ਵਿਚ ਹੁਣ ਤੱਕ 382 ਚਲਾਨ ਤੇ ਪ੍ਰੈੱਸ਼ਰ/ਮਲਟੀ ਹਾਰਨ 2017 ਵਿਚ 90 ਤੇ 2018 ਵਿਚ 72 ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲਸ ਨੇ ਚਲਾਨਾਂ ਦੀ ਜਾਣਕਾਰੀ, ਮੋਟਰ ਵ੍ਹੀਕਲ ਐਕਟ ਤਹਿਤ ਹਰ ਅਫ਼ੈਂਸ ਦੇ ਫਾਈਨ ਦੀ ਜਾਣਕਾਰੀ ਦਿੱਤੀ ਹੈ।
ਉਲੰਘਣਾ ਕਰਨ ਵਾਲਿਆਂ 'ਤੇ ਹੋ ਸਕਦੀ ਹੈ ਕਾਰਵਾਈ
ਦਾਖਲ ਜਵਾਬ ਵਿਚ ਕਿਹਾ ਗਿਆ ਹੈ ਕਿ 5 ਮਾਰਚ ਨੂੰ ਹੋਈ ਇਕ ਮੀਟਿੰਗ ਵਿਚ ਅਜਿਹੀ ਉਲੰਘਣਾ ਕਰਨ ਵਾਲਿਆਂ 'ਤੇ ਕਾਰਵਾਈ ਦੀ ਗੱਲ ਰੱਖੀ ਗਈ ਹੈ। ਇਸ ਤੋਂ ਇਲਾਵਾ ਬੁਲੇਟ ਮੋਟਰਸਾਈਕਲਾਂ 'ਤੇ ਮੋਡੀਫਾਈਡ ਸਾਈਲੈਂਸਰ ਦੇ ਅਫੈਂਸ ਦੀ ਕੰਪਾਊਂਡਿੰਗ ਫੀਸ ਵਧਾਉਣ ਸਬੰਧੀ ਹੋਮ ਸੈਕਟਰੀ ਤੇ ਸੈਕਟਰੀ ਟਰਾਂਸਪੋਰਟ ਨੂੰ ਪੱਤਰ ਲਿਖਿਆ ਗਿਆ ਹੈ। ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਇਸੇ ਸਾਲ ਚੰਡੀਗੜ੍ਹ ਨੂੰ ਸ਼ੋਰ ਪ੍ਰਦੂਸ਼ਣ-ਮੁਕਤ ਸਿਟੀ ਬਣਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਸੀ। ਇਸ ਵਿਚ ਸਾਈਲੈਂਸਰ ਵੀ ਹਿੱਸਾ ਸੀ। ਇਸ ਲਈ ਚੰਡੀਗੜ੍ਹ ਪਾਰਕ ਵਿਚ 11 ਹਜ਼ਾਰ ਸਟਿੱਕਰ ਵੰਡੇ ਗਏ ਤੇ 91 ਪ੍ਰੋਗਰਾਮ ਆਯੋਜਿਤ ਕੀਤੇ ਗਏ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਸਿਫਾਰਸ਼
ਵਿਭਾਗ ਵੱਲੋਂ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਨੂੰ ਪੰਜਾਬ ਪ੍ਰਦੂਸ਼ਣ ਬੋਰਡ ਦੀ ਤਰਜ਼ 'ਤੇ ਨਿਰਦੇਸ਼ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਗਈ ਹੈ ਤਾਂ ਜੋ ਆਵਾਜ਼ ਤੇ ਹਵਾ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਹੋਮ ਸੈਕਟਰੀ ਤੇ ਮੈਂਬਰ ਸਕੱਤਰ, ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪ੍ਰੈੱਸ਼ਰ ਹਾਰਨ, ਪਟਾਕਿਆਂ ਵਰਗੀ ਆਵਾਜ਼ ਤੇ ਤੇਜ਼ ਆਵਾਜ਼ ਕੱਢਣ ਵਾਲੇ ਸਾਈਲੈਂਸਰਾਂ ਦੇ ਨਿਰਮਾਣ, ਖਰੀਦ, ਵੇਚਣ, ਫਿਟਿੰਗ ਤੇ ਵਰਤੋਂ 'ਤੇ ਬੈਨ ਸਬੰਧੀ ਪੱਤਰ ਲਿਖਿਆ ਗਿਆ ਹੈ।