
ਚੰਡੀਗੜ੍ਹ, 30 ਜਨਵਰੀ (ਸਰਬਜੀਤ ਢਿਲੋਂ) : ਸੈਕਟਰ-17 ਪਲਾਜ਼ਾ 'ਚ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਕੀਲਾਂ ਨੇ ਜਸਟਿਸ ਲੋਇਆ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵਕੀਲਾਂ ਨੇ ਜਸਟਿਸ ਲੋਇਆ ਦੀ ਭੇਤਭਰੀ ਮੌਤ ਦੀ ਸੀ.ਬੀ.ਆਈ. ਕੋਲੋ ਜਾਂਚ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਉੱਘੀ ਵਕੀਲ ਅਨੀਤਾ ਸ਼ਰਮਾ ਨੇ ਕਿਹਾ ਕਿ ਜਸਟਿਸ ਲੋਇਆ ਦੇ ਕਪੜਿਆਂ 'ਤੇ ਖ਼ੂਨ ਦੇ ਦਾਗ਼ ਕਿਥੋਂ ਆਏ? ਰੋਸ ਮਾਰਚ 'ਚ ਅਮਰਜੀਤ ਗੁਜਰਾਲ ਨੇ ਕਿਹਾ ਕਿ ਜਸਟਿਸ ਲੋਇਆ ਦੇ ਮੋਬਾਈਲ ਦੇ ਸਾਰੇ ਡਾਟਾ ਡੀਲੀਟ ਕੀਤੇ, ਜਿਸ 'ਤੇ ਉਨ੍ਹਾਂ ਦਾ ਕਤਲ ਕਰਨ ਦੀ ਸਾਜ਼ਿਸ਼ ਸਾਹਮਣੇ ਆਉਂਦੀ ਹੈ।
ਵਕੀਲਾਂ ਨੇ ਕਿਹਾ ਕਿ ਇਸ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ, ਕਿਉਂਕਿ ਉਹ ਇਕ ਵੱਡੀ ਰਾਜਸੀ ਪਾਰਟੀ ਦੇ ਨੇਤਾ ਵਿਰੁਧ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਇਸ ਮੌਕੇ ਐਡਵੋਕੇਟ ਮਿਨਾਕਸ਼ੀ ਚੌਧਰੀ, ਗਗਨ ਆਹਲੂਵਾਲੀਆ, ਵਿਜੈ ਕੁਮਾਰ, ਕੁਮਾਰੀ ਮਨੀਸ਼ਾ, ਵਿਸ਼ਾਲ ਹਰਮੇਲ ਕੇਸਰੀ, ਐਸ.ਪੀ. ਸਿਨਹਾ, ਵਿਸ਼ਾਲੀ ਰਾਜੀਵ ਮੋਦਗਿਲ, ਕਰਨਵੀਰ ਰਾਣਾ, ਪ੍ਰਦੀਪ ਛਾਬੜਾ, ਦਵਿੰਦਰ ਮਰਵਾਹਾ, ਨੰਦਿਤਾ ਹੁੱਡਾ, ਅਭਿਸ਼ੇਕ ਸਮੇਤ ਕਈ ਹੋਰ ਵਕੀਲ ਸ਼ਾਮਲ ਹੋਏ। ਉਨ੍ਹਾਂ ਨੇ ਹੱਥਾਂ 'ਚ ਬੈਨਰ ਵੀ ਫੜੇ ਹੋਏ ਸਨ।