
ਸਮਾਰਟ ਸਿਟੀ, ਸਵੱਛ ਭਾਰਤ ਸਫ਼ਾਈ ਮਿਸ਼ਨ, ਪ੍ਰਧਾਨ ਮੰਤਰੀ ਅਵਾਸ ਯੋਜਨਾਵਾਂ ਦਾ ਲਿਆ ਜਾਇਜ਼ਾ
ਚੰਡੀਗੜ੍ਹ, 3 ਫ਼ਰਵਰੀ (ਸਰਬਜੀਤ ਢਿੱਲੋਂ) : ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਅਪਣੇ ਦੌਰੇ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਚੰਡੀਗੜ੍ਹ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀਆਂ ਸਵੱਛ ਭਾਰਤ, ਸਮਾਰਟ ਸਿਟੀ ਮਿਸ਼ਨ, ਅਮਰੂਤ ਯੋਜਨਾ, ਪ੍ਰਧਾਨ ਮੰਤਰੀ ਅਵਾਸ ਯੋਜਨਾ ਸਮੇਤ ਹੋਰ ਯੋਜਨਾਵਾਂ ਦਾ ਰਿਵਉ ਕਰਨ ਲਈ ਯੂ.ਟੀ. ਗੈਸਟ ਹਾਊਸ 'ਚ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਵਲੋਂ ਚਲਾਈਆਂ ਜਾ ਰਹੀਆਂ ਕੇਂਦਰ ਸਰਕਾਰ ਦੀ ਵਿੱਤੀ ਸਹਾਇਤਾ ਨਾਲ ਮਹੱਤਵਪੂਰਨ ਯੋਜਨਾਵਾਂ ਨੂੰ ਨੇਪਰੇ ਚੜ੍ਹਾਉਣ ਦੀ ਸ਼ਲਾਘਾ ਕੀਤੀ।ਯੋਜਨਾਵਾਂ ਨੂੰ ਨੇਪਰੇ ਚੜ੍ਹਾਉਣ ਦੀ ਸ਼ਲਾਘਾ: ਇਸ ਮੌਕੇ ਕੇਂਦਰੀ ਮੰਤਰੀ ਹਰਦਪੀ ਪੁਰੀ ਵਲੋਂ ਨਗਰ ਨਿਗਮ ਚੰਡੀਗੜ੍ਹ ਵਲੋਂ 'ਅਟੱਲ ਮਿਸ਼ਨ' ਅਧੀਨ 'ਅਮਰੂਤ ਯੋਜਨਾ' ਅਧੀਨ ਸ਼ਹਿਰ ਦੇ ਹਰ ਘਰ ਵਿਚ ਪੀਣ ਵਾਲੇ ਪਾਣੀ ਦਾ ਨਲਕਾ (ਨਲ) ਪਹੁੰਚਾਉਣ ਦੀ ਯੋਜਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਹਰ ਘਰ 'ਚ ਪੀਣ ਵਾਲੇ ਪਾਣੀ ਕੇ ਕੁਨੈਕਸ਼ਨ ਦਿਤੇ ਜਾ ਰਹੇ ਹਨ ਅਤੇ ਇਸ ਤਹਿਤ ਬਾਕੀ ਰਹਿੰਦੇ 130000 ਹੋਰ ਘਰਾਂ 'ਚ ਪਾਣੀ ਦੇ ਕੁਨੈਕਸ਼ਨ ਦਿਤੇ ਜਾ ਰਹੇ ਹਨ। ਐਲ.ਈ.ਡੀ. ਲਾਈਟਾਂ ਦਾ 40 ਹਜ਼ਾਰ ਦਾ ਟੀਚਾ ਪੂਰਾ : ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਮਿਊਂਸਪਲ ਕਾਰਪੋਰੇਸ਼ਨ ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੇਂਦਰੀ ਐਨਰਜੀ ਮੰਤਰਾਲੇ ਦੇ ਸਾਂਝੇ ਸਹਿਯੋਗ ਨਾਲ ਸ਼ਹਿਰ ਵਿਚ ਪੁਰਾਣੀ ਤੇ ਖ਼ਰਚੀਲੀਆਂ ਲਾਈਟਾਂ ਉਤਾਰ ਕੇ ਨਵੀਆਂ ਲਾਈਟਾਂ ਲਾਈਆਂ ਗਈਆਂ ਹਨ। ਇਸ ਲਈ ਕੁਲ 50 ਹਜ਼ਾਰ ਲਾਈਆਂ ਦਾ ਟੀਚਾ ਹੈ, ਜਿਨ੍ਹਾਂ ਵਿਚੋਂ 40 ਹਜ਼ਾਰ ਐਲ.ਈ.ਡੀ. ਲਾਈਟਾਂ ਲੱਗ ਚੁਕੀਆਂ ਹਨ। ਇਸ ਕੰਮ 'ਤੇ 60 ਕਰੋੜ ਰੁਪਏ ਖ਼ਰਚ ਹੋਣਗੇ।
ਖੁਲ੍ਹੇ 'ਚ ਬਾਹਰ ਜਾਣ ਤੋਂ ਮੁਕਤ ਕਰਨ ਦਾ ਟੀਚਾ 100 ਫ਼ੀ ਸਦੀ ਮੁਕੰਮਲ : ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਚੰਡੀਗੜ੍ਹ ਸ਼ਹਿਰ ਨੂੰ ਨਗਰ ਨਿਗਮ ਦੇ ਮੋਨੀਟਰੀ ਵਿਭਾਗ ਵਲੋਂ ਕਾਲੋਨੀਆਂ ਅਤੇ ਸ਼ਹਿਰੀ ਖੇਤਰ 'ਚ ਖੁਲ੍ਹੇ 'ਚ ਬਾਹਰ ਜਾਣ ਤੋਂ ਮੁਕਤ ਕਰਨ ਲਈ ਮੋਬਾਈਲ ਪਖ਼ਾਨੇ ਲਗਾਏ ਗਏ ਹਨ। ਜਿਸ ਤਹਿਤ ਇਹ ਟੀਚਾ 100 ਫ਼ੀ ਸਦੀ ਮੁਕੰਮਲ ਹੋ ਚੁਕਾ ਹੈ। ਕੇਂਦਰੀ ਮੰਤਰੀ ਵਲੋਂ ਇਸ ਯੋਜਨਾ ਅਧੀਨ ਵੀ ਨਗਰ ਨਿਗਮ ਨੂੰ ਬੇਹਤਰ ਯੋਜਨਾ ਵਜੋਂ ਸਨਮਾਨਤ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਅਵਾਜ ਯੋਜਨਾ ਦੀ ਵੀ ਜਾਇਜ਼ਾ ਲਿਆ। ਇਸ ਮੀਟਿੰਗ ਵਿਚ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਪ੍ਰੀਮਲ ਰਾਏ, ਗ੍ਰਹਿ ਸਕੱਤਰ ਅਨੁਰਾਗ ਅਗਰਵਾਲ, ਨਗਰ ਨਿਗਮ ਦੇ ਕਮਿਸ਼ਨਰ ਜਤਿੰਦਰ ਯਾਦਵ, ਚੀਫ਼ ਇੰਜੀਨੀਅਰ ਪ੍ਰਸ਼ਾਸਨ ਤੇ ਨਗਰ ਨਿਗਮ, ਪੰਜਾਬ ਤੇ ਹਰਿਆਣਾ ਦੇ ਸਕੱਤਰ, ਕੇਂਦਰੀ ਸ਼ਹਿਰੀ ਵਿਕਾਸ ਮੰਰਾਲੇ ਦੇ ਉੱਚ ਅਧਿਕਾਰੀ ਬੀ.ਪਾਰਸੂਆਰਥਾ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਤੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਹਾਜ਼ਰ ਸਨ।