
ਖਰੜ, 17 ਸਤੰਬਰ (ਨਾਗਪਾਲ):
ਸਥਾਨਕ ਸਵਰਾਜ ਇਨਕਲੇਵ ਵਿਚ ਇਕ ਮਾਂ ਨੇ ਮਾਨਸਕ ਤਨਾਅ 'ਚ ਆ ਕੇ ਪਹਿਲਾਂ ਅਪਣੀ ਧੀ ਨੂੰ
ਜ਼ਹਿਰੀਲਾ ਟੀਕਾ ਲਾ ਕੇ ਮਾਰ ਦਿਤਾ। ਉਪਰੰਤ ਆਪ ਵੀ ਟੀਕਾ ਲਾ ਕੇ ਅਪਣੀ ਜੀਵਨ ਲੀਲਾ ਸਮਾਪਤ
ਕਰ ਲਈ।
ਪੁਲਿਸ ਨੇ ਇਸ ਸਬੰਧ ਮ੍ਰਿਤਕ ਔਰਤ ਦੇ ਪਤੀ ਦੇ ਬਿਆਨ 'ਤੇ ਧਾਰਾ 174 ਅਧੀਨ
ਕਾਰਵਾਈ ਕਰ ਕੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹਾਂ ਵਾਰਸਾਂ ਨੂੰ ਸੌਂਪ
ਦਿਤੀਆਂ ਹਨ।
ਸਵਰਾਜ ਇੰਕਲੇਵ ਦੇ ਵਸਨੀਕ ਰਾਮਪਾਲ ਨੇ ਦਸਿਆ ਕਿ ਉਸ ਦੀ ਪਤਨੀ ਪਰਮਜੀਤ
ਕੌਰ 38 ਸਾਲ ਨੇ ਬੇਟੀ ਸੁਖਮਨਦੀਪ ਕੌਰ 12 ਸਾਲ ਨਾਲ ਖ਼ੁਦਕੁਸ਼ੀ ਕੀਤੀ ਹੈ। ਪਰਮਜੀਤ ਕੌਰ
ਮੈਕਸ ਹਸਪਤਾਲ ਮੋਹਾਲੀ 'ਚ ਬਤੌਰ ਸਟਾਫ਼ ਨਰਸ ਨੌਕਰੀ ਕਰ ਰਹੀ ਸੀ ਜਦਕਿ ਉਸ ਦੀ ਬੇਟੀ
ਮੋਹਾਲੀ ਦੇ ਮਾਊਂਟਕਾਰਮਲ ਸਕੂਲ 'ਚ ਛੇਵੀ ਜਮਾਤ 'ਚ ਪੜ੍ਹਦੀ ਸੀ। ਉਸ ਨੇ ਦਸਿਆ ਕਿ ਉਹ
ਬੀਤੇ ਦਿਨੀਂ ਦੁਪਹਿਰ ਨੂੰ ਆਟਾ ਲੈਣ ਲਈ ਘਰੋਂ ਬਾਹਰ ਗਿਆ ਸੀ। ਪਿਛੋਂ ਉਸ ਦੀ ਪਤਨੀ ਨੇ
ਇਹ ਕਾਰਾ ਕਰ ਦਿਤਾ। ਇਸ ਦੌਰਾਨ ਉਸ ਦੀ ਪਤਨੀ, ਬੇਟੀ ਤੇ 13 ਸਾਲਾਂ ਦੀ ਭਤੀਜੀ ਹਰਮਨ ਘਰ
'ਚ ਸੀ। ਉਸ ਨੂੰ ਹਰਮਨ ਨੇ ਦਸਿਆ ਕਿ ਉਸ ਦੀ ਚਾਚੀ ਪਰਮਜੀਤ ਨੇ ਪਹਿਲਾਂ ਸੁਖਮਨਦੀਪ ਨੂੰ
ਟੀਕਾ ਲਾਇਆ ਉਸ ਤੋਂ ਬਾਅਦ ਆਪ ਟੀਕਾ ਲਾ ਲਿਆ ਅਤੇ ਬੈੱਡ 'ਤੇ ਹੀ ਪੈ ਗਏ। ਜਦ ਉਸ ਨੂੰ
ਲੱਗਾ ਕਿ ਇਹ ਦੋਵੇਂ ਬੇਹੋਸ਼ ਹਨ ਤਾਂ ਉਸ ਨੇ ਗੁਆਂਢੀਆਂ ਨੂੰ ਬੁਲਾਇਆਂ ਜਿਨ੍ਹਾਂ ਵੇਖਿਆ
ਕਿ ਮਾਂ ਧੀ ਦੋਵਾਂ ਦੇ ਸ਼ਰੀਰ ਨੀਲੇ ਪੈ ਰਹੇ ਸਨ। ਉਨ੍ਹਾਂ ਮਿਲ ਕੇ ਦੋਵਾਂ ਨੂੰ ਸਿਵਲ
ਹਸਪਤਾਲ ਖਰੜ ਪਹੁੰਚਾਇਆ ਜਿਥੇ ਡਾਕਟਰਾਂ ਵੱਲੋ Àਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿਤਾ
ਗਿਆ।
ਪੜਤਾਲੀ ਅਫ਼ਸਰ ਭੁਪਿੰਦਰ ਕੁਮਾਰ ਨੇ ਦਸਿਆ ਕਿ ਪੁਲਿਸ ਨੇ ਮੌਕੇ ਤੋਂ ਇਕ
ਇੰਜੈਕਸ਼ਨ ਵਾਇਲ ਅਤੇ ਇਕ ਸਰਿੰਜ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮੌਕੇ ਤੋਂ
ਦੋ ਖ਼ੁਦਕੁਸ਼ੀ ਨੋਟ ਵੀ ਬਰਾਮਦ ਕੀਤੇ ਹਨ। ਇਕ ਵਿਚ ਪਰਮਜੀਤ ਕੌਰ ਨੇ ਅਪਣੇ ਜੇਠ ਨੂੰ ਲਿਖਿਆ
ਹੈ ਕਿ 'ਲੈ ਕਾਲੇ ਤੇਰਾ ਘਰ ਖ਼ਾਲੀ ਕਰ ਦਿਤਾ' ਅਤੇ ਦੂਜੇ ਨੋਟ 'ਚ ਉਸ ਨੇ ਲਿਖਿਆ ਕਿ ਉਹ
ਆਪ ਖ਼ੁਦ ਅਪਣੀ ਅਤੇ ਅਪਣੀ ਬੇਟੀ ਦੀ ਜ਼ਿੰਦਗੀ ਖ਼ਤਮ ਕਰ ਰਹੀ ਹੈ। ਨੋਟ ਵਿਚ ਇਹ ਵੀ ਲਿਖਿਆ
ਕਿ ਉਸ ਨੇ ਅਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿਤਾ ਹੈ। ਉਸ ਦੀ ਮੌਤ ਲਈ ਕਿਸੇ ਹੋਰ ਨੂੰ
ਜ਼ਿੰਮੇਵਾਰ ਨਾ ਠਹਰਾਇਆ ਜਾਵੇ। ਪੁਲਿਸ ਵਲੋਂ ਮੌਕੇ ਤੋਂ ਦੋ ਮੋਬਾਈਲ ਵੀ ਬਰਾਮਦ ਕੀਤੇ ਗਏ
ਹਨ। ਥਾਣਾ ਮੁਖੀ ਰਾਜੇਸ਼ ਹਸਤੀਰ ਨੇ ਕਿਹਾ ਕਿ ਉਨ੍ਹਾਂ ਵਲੋਂ ਦੋਵੇਂ ਖ਼ੁਦਕੁਸ਼ੀ ਨੋਟਾਂ ਦੀ
ਲਿਖਤ ਦੀ ਲੈਬ ਜਾਂਚ ਕਰਵਾਈ ਜਾਵੇਗੀ।