
ਚੰਡੀਗੜ੍ਹ, 9 ਫ਼ਰਵਰੀ (ਤਰੁਣ ਭਜਨੀ): ਮੌਲੀਜੱਗਰਾਂ ਵਿਚ ਵੀਰਵਾਰ ਰਾਤੀ ਸੜਕ 'ਤੇ ਖੜੀਆਂ ਕਈ ਗੱਡੀਆਂ ਦੇ ਸ਼ੀਸ਼ੇ ਅਤੇ ਹੋਰ ਭੰਨ-ਤੋੜ ਕਰ ਕੇ ਮੁਲਜ਼ਮ ਫ਼ਰਾਰ ਹੋ ਗਏ ਹਨ। ਮੁਲਜ਼ਮਾਂ ਨੇ ਇਕ ਤੋਂ ਬਾਅਦ ਇਕ ਗੱਡੀ ਨੂੰ ਨਿਸ਼ਾਨਾ ਬਣਾਇਆ ਅਤੇ ਗੱਡੀਆਂ ਭੰਨਦੇ ਹੋਏ ਚਲੇ ਗਏ। ਇਸ ਮਾਮਲੇ ਵਿਚ ਹਾਲੇ ਤਕ ਪੁਲਿਸ ਕਿਸੇ ਨੂੰ ਵੀ ਕਾਬੂ ਨਹੀਂ ਕਰ ਸਕੀ ਹੈ। ਜਾਣਕਾਰੀ ਅਨੁਸਾਰ 25 ਤੋਂ 30 ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੁਲਜ਼ਮਾਂ ਨੇ ਸੜਕ 'ਤੇ ਖੜੀ ਕਿਸੇ ਗੱਡੀ ਨੂੰ ਨਹੀਂ ਬਖ਼ਸ਼ਿਆ। ਵੱਡੀ ਗਿਣਤੀ ਵਿਚ ਨੁਕਾਸਨੀਆਂ ਗੱਡੀਆਂ ਦੀ ਇਸ ਘਟਨਾ ਤੋਂ ਬਾਅਦ ਕਾਲੋਨੀ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਸਥਾਨਕ ਵਾਸੀ ਅਨਿਲ ਕੁਮਾਰ ਨੇ ਦਸਿਆ ਕਿ ਉਨ੍ਹਾਂ ਦੇ ਦੋ ਆਟੋ ਹਨ ਅਤੇ ਰਾਤ ਨੂੰ ਉਹ ਘਰ ਦੇ ਬਾਹਰ ਖੜੇ ਕਰ ਕੇ ਗਏ ਸਨ। ਸਵੇਰੇ ਉਠੇ ਤਾਂ ਉਨ੍ਹਾਂ ਵੇਖਿਆ ਕਿ ਦੋਹਾਂ ਆਟੋ ਦੇ ਸ਼ੀਸ਼ੇ ਅਤੇ ਲਾਇਟਾਂ ਟੁਟੀਆਂ ਹੋਈਆਂ ਸਨ।
ਅਨਿਲ ਨੇ ਦਸਿਆ ਕਿ ਲਗਦਾ ਹੈ ਕਿਸੇ ਨੇ ਡੰਡੇ ਮਾਰ ਕੇ ਸਾਰੇ ਵਾਹਨਾਂ ਦੇ ਸ਼ੀਸ਼ੇ ਭੰਨੇ ਹਨ। ਕਿਸੇ ਕਿਸੇ ਵਾਹਨ ਨੂੰ ਇੱਟਾਂ ਮਾਰ ਕੇ ਵੀ ਨੁਕਸਾਨ ਪਹੁੰਚਾਇਆ ਗਿਆ ਹੈ।
ਸਥਾਨਕ ਲੋਕਾਂ ਮੁਤਾਬਕ ਨੁਕਸਾਨੀਆਂ ਗਈਆਂ ਗੱਡੀਆਂ ਦੀ ਗਿਣਤੀ 30 ਦੇ ਲਗਭਗ ਹੈ। ਮੌਲੀਜਾਗਰਾਂ ਥਾਣਾ ਮੁਖੀ ਕਪਿਲ ਦੇਵ ਨੇ ਦਸਿਆ ਕਿ ਕਾਲੋਨੀ ਵਿਚ ਕੁੱਝ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦਾ ਸਮਾਚਾਰ ਮਿਲਿਆ ਸੀ, ਜਿਸ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਮੁੱਢਲੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਰਾਜੀਵ ਕਾਲੋਨੀ ਤੋਂ ਆਏ ਸਨ ਅਤੇ ਇਕ-ਇਕ ਕਰ ਕੇ ਗੱਡੀਆਂ ਨੂੰ ਨਿਸ਼ਾਨਾ ਬਣਾ ਕੇ ਫ਼ਰਾਰ ਹੋ ਗਏ।