
ਨਿਗਮ ਅਧਿਕਾਰੀ ਤੇ ਕਰਮਚਾਰੀ ਫ਼ਾਈਲਾਂ ਨੂੰ ਹੱਥ ਲਾ ਕੇ ਰਾਜ਼ੀ ਨਹੀਂ : ਮੇਅਰ
ਐਸ.ਏ.ਐਸ. ਨਗਰ, 24 ਜਨਵਰੀ (ਕੁਲਦੀਪ ਸਿੰਘ) : ਮੋਹਾਲੀ ਨਗਰ ਨਿਗਮ ਵਲੋਂ ਪਿਛਲੀਆਂ ਮੀਟਿੰਗ ਵਿਚ ਪਾਸ ਹੋਣ ਉਪਰੰਤ ਲਗਭਗ 13 ਕਰੋੜ ਰੁਪਏ ਦੇ ਵਿਕਾਸ ਕਾਰਜ, ਜਿਨ੍ਹਾਂ ਦੇ ਟੈਂਡਰ ਵੀ ਪਾਸ ਹੋ ਚੁੱਕੇ ਹਨ, ਦੇ ਲਮਕ ਬਸਤੇ ਵਿਚ ਪੈਣ ਦੀ ਸੰਭਾਵਨਾ ਹੈ। ਇਸਦੀ ਵਜ੍ਹਾ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਅਤੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਦੀ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਸਿੰਗ ਫਸਣਾ ਹੈ। ਇਨ੍ਹਾਂ ਵਿਕਾਸ ਕਾਰਜਾਂ ਵਿਚ ਵੱਖ ਵੱਖ ਵਾਰਡਾਂ ਵਿਚ ਸੜਕਾਂ ਉੱਤੇ ਪ੍ਰੀਮਿਕਸ ਪਾਉਣ ਦੇ ਕੰਮ ਤੋਂ ਲੈ ਕੇ ਲਾਕ ਇੰਨ ਪੇਵਰ ਲਗਾਉਣਾ, ਮੁਰੰਮਤ ਕਾਰਜ, ਸ਼ਮਸ਼ਾਨ ਘਾਟ ਵਾਸਤੇ ਲਕੜੀ ਦੀ ਖਰੀਦ, ਬਰਸਾਤੀ ਪਾਣੀ ਦੀ ਨਿਕਾਸੀ ਲਈ ਸਟਾਰਮ ਸੀਵਰ ਦੇ ਰੱਖ ਰਖਾਓ ਅਤੇ ਹੋਰ ਪ੍ਰਮੁੱਖ ਕੰਮ ਸ਼ਾਮਲ ਹਨ।
ਜ਼ਿਕਰ ਕਰਨਾ ਬਣਦਾ ਹੈ ਕਿ ਮੁਹਾਲੀ ਨਗਰ ਨਿਗਮ ਵਲੋਂ ਪਾਸ ਕੀਤੇ ਗਏ ਟੈਂਡਰਾਂ ਤੋਂ ਬਾਅਦ ਅਗਲੀ ਕਾਰਵਾਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਇਨ੍ਹਾਂ ਨੂੰ ਲਿਆ ਕੇ ਜਿਨ੍ਹਾਂ ਕੰਪਨੀਆਂ ਦੇ ਹਕ ਵਿਚ ਟੈਂਡਰ ਖੁਲ੍ਹਿਆ ਹੁੰਦਾ ਹੈ, ਨੂੰ ਵਰਕ ਆਰਡਰ ਦਿੱਤਾ ਜਾਂਦਾ ਹੈ। ਤਾਜ਼ਾ ਸਥਿਤੀ ਤੋਂ ਬਾਅਦ ਨਗਰ ਨਿਗਮ ਦੇ ਮੇਅਰ ਵਲੋਂ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਸੱਦੇ ਜਾਣ ਦੀ ਕੋਈ ਆਸ ਨਹੀਂ ਹੈ। ਮੇਅਰ ਕੁਲਵੰਤ ਸਿੰਘ ਨੇ ਸਥਾਨਕ ਸਰਕਾਰ ਵਿਭਾਗ ਤੋਂ ਕਾਰਨ ਦੱਸੋ ਨੋਟਿਸ ਜਾਰੀ ਹੋਣ ਉਪਰੰਤ ਅਦਾਲਤ ਦੀ ਸ਼ਰਨ ਲਈ ਹੋਈ ਹੈ ਜਦੋਂ ਕਿ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦੀ ਸੁਣਵਾਈ 6 ਫਰਵਰੀ ਨੂੰ ਹੋਣੀ ਹੈ।