
ਪ੍ਰਭਾਤ ਝਾਅ 2 ਜਨਵਰੀ ਤਕ ਕਰਨਗੇ ਤਿੰਨਾਂ ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ, 30 ਦਸੰਬਰ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਮਿਆਦ 31 ਦਸੰਬਰ ਨੂੰ ਸਮਾਪਤ ਹੋ ਰਹੀ ਹੈ ਅਤੇ ਦੇ ਸਾਲ 2018 ਲਈ ਇਨ੍ਹਾਂ ਤਿੰਨਾਂ ਅਹੁਦਿਆਂ ਦੀ ਚੋਦ 9 ਜਨਵਰੀ ਨੂੰ ਹੋਵੇਗੀ ਜਦਕਿ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਲਈ 3 ਜਨਵਰੀ ਆਖ਼ਰੀ ਤਰੀਕ ਮਿੱਥੀ ਜਾ ਚੁਕੀ ਹੈ। ਇਸ ਲਈ ਸਿਰਫ਼ ਤਿੰਨ ਦਿਨ ਬਾਕੀ ਬਚੇ ਹਨ ਪਰ ਬਹੁਮਤ ਵਾਲੀ ਰਾਜਸੀ ਧਿਰ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵਲੋਂ ਅਜੇ ਤਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਜਾ ਸਕਿਆ। ਪਾਰਟੀ ਸੂਤਰਾਂ ਅਨੁਸਾਰ ਪਾਰਟੀ ਪ੍ਰਧਾਨ ਸੰਜੇ ਟੰਡਨ ਵਲੋਂ ਕਲ ਦੇਰ ਰਾਤ ਤਕ ਪਾਰਟੀ ਦੇ ਲਗਭਗ 20 ਕੌਂਸਲਰਾਂ ਨਾਲ ਪਾਰਟੀ ਦਫ਼ਤਰ ਸੈਕਟਰ-33 ਵਿਚ ਗੁਪਤ ਮੀਟਿੰਗ ਕਰ ਕੇ ਉਨ੍ਹਾਂ ਦੀ ਰਾਏ ਜਾਣ ਚੁੱਕੇ ਹਨ, ਜਿਸ ਵਿਚ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਵੀ ਸ਼ਾਮਲ ਸਨ ਪਰ ਉਮੀਦਵਾਰਾਂ ਬਾਰੇ ਕੋਈ ਸਹਿਮਤੀ ਨਾ ਬਣ ਸਕੀ। ਕੇਂਦਰੀ ਹਾਈ ਕਮਾਂਡ ਵਲੋਂ ਪਹਿਲੀ ਜਾਂ ਦੋ ਜਨਵਰੀ ਸ਼ਾਮ ਤਕ ਪਾਰਟੀ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਚੰਡੀਗੜ੍ਹ ਪੁੱਜ ਕੇ ਤਿੰਨੋਂ ਅਹੁਦਿਆਂ ਲਈ ਉਮੀਦਵਾਰਾਂ ਦੇ ਨਾਵਾਂ 'ਤੇ ਪੱਕੀ ਮੋਹਰ ਲਾਉਣਗੇ।
ਭਾਜਪਾ ਪ੍ਰਧਾਨ ਸੰਜੇ ਟੰਡਨ ਅਜੇ ਨਹੀਂ ਖੋਲ੍ਹੇ ਰਹੇ ਸਿਆਸੀ ਪੱਤੇ : ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੰਜੇ ਟੰਡਨ ਪਾਰਟੀ ਵਿਚ ਐਤਕੀ ਮੇਅਰ ਬਣਨ ਲਈ ਅਰੁਣ ਸੂਦ, ਦਿਵੇਸ਼ ਮੋਦਗਿੱਲ, ਰਾਜੇਸ਼ ਗੁਪਤਾ ਸੀਨੀਅਰ ਕੌਂਸਲਰ, ਸ਼ਕਤੀ ਪ੍ਰਸਾਦ ਦੇਵਸ਼ਾਲੀ ਤੋਂ ਇਲਾਵਾ ਇਕ ਦੋ ਹੋਰ ਕੌਂਸਲਰਾਂ ਦੇ ਦੇ ਨਾਂ ਵੀ ਉਪਰਲੀ ਕਤਾਰ ਵਿਚ ਸ਼ਾਮਲ ਹੋ ਗਏ ਹਨ। ਸੰਜੇ ਟੰਡਨ ਅਪਣੇ ਭਰੋਸੇਯੋਗ ਆਦਮੀ ਅਰੁਣ ਸੂਦ ਜੋ ਕਿ ਸਾਬਕਾ ਮੇਅਰ ਵੀ ਹਨ, ਨੂੰ ਮੁੜ ਉਮੀਦਵਾਰ ਐਲਾਨਣ ਲਈ ਕੇਂਦਰੀ ਪਾਰਟੀ ਨੇਤਾਵਾਂ 'ਤੇ ਜ਼ੋਰ ਪਾ ਰਹੇ ਹਨ। ਜਦਕਿ ਸਾਬਕਾ ਸੀਨੀਅਰ ਡਿਪਟੀ ਮੇਅਰ ਦਿਵੇਸ਼ ਮੋਦਗਿੱਲ ਨੂੰ ਵੀ ਮੇਅਰ ਦੀ ਕੁਰਸੀ 'ਤੇ ਬਿਠਾਉਦ ਲਈ ਸਾਬਕਾ ਸੰਸਦ ਮੈਂਬਰ ਸੱਤਪਾਲ ਜੈਨ ਅਤੇ ਸੰਸਦ ਮੈਂਬਰ ਕਿਰਨ ਖੇਰ ਪੂਰੀ ਹੱਲਾਸ਼ੇਰੀ ਦੇ ਰਹੇ ਹਨ। ਦੂਜੇ ਪਾਸੇ ਭਾਜਪਾ ਦੇ ਇਕ ਬਜ਼ੁਰਗ ਤੇ ਸੀਨੀਅਰ ਨੇਤਾ ਦਾ ਕਹਿਣਾ ਸੀ ਕਿ ਜੇ ਇਨ੍ਹਾਂ ਦੋਵਾਂ ਦੇ ਨਾਵਾਂ ਦੀ ਸਹਿਮਤੀ ਨਾ ਬਣੀ ਤਾਂ ਕੋਈ ਤੀਜਾ ਚਿਹਰਾ ਵੀ ਮੇਅਰ ਲਈ ਮੈਦਾਨ ਵਿਚ ਪਾਰਟੀ ਉਤਾਰ ਸਕਦੀ ਹੈ। ਸੰਜੇ ਟੰਡਨ 'ਤੇ ਪਾਰਟੀ ਦਾ ਭਰੋਸਾ ਕਾਇਮ: ਪਾਰਟੀ ਪ੍ਰਧਾਨ ਸੰਜੇ ਟੰਡਨ ਦੀ ਪ੍ਰਘਾਨ ਮੰਤਰੀ ਨਰਿੰਦਰ ਮੋਦੀ ਸਮੇਤ ਸੀਨੀਅਰ ਨੇਤਾਵਾਂ ਨਾਲ ਚੰਗੀ ਬਣਦੀ ਹੈ। ਉਨ੍ਹਾਂ ਪਹਿਲਾਂ ਲੋਕ ਸਭਾ ਚੋਣਾਂ, ਫਿਰ ਨਗਰ ਨਿਗਮ 'ਚ 2016 ਚੋਣਾਂ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਸ਼ਾਨਦਾਰ ਜਿੱਤਾਂ ਪਾਈਆਂ, ਇਸ ਲਈ ਪਾਰਟੀ ਉਨ੍ਹਾਂ ਤੋਂ ਪੁੱਛੇ ਬਿਨਾਂ ਕੋਈ ਵੀ ਕਦਮ ਨਹੀਂ ਪੁੱਟੇਗੀ। ਸਿਆਸੀ ਸੂਤਰਾਂ ਅਨੁਸਾਰ ਅਰੁਣ ਸੂਦ ਦਾ ਮੇਅਰ ਲਈ ਦੂਜੀ ਵਾਰੀ ਦਾਅ ਲੱਗ ਸਕਦਾ ਹੈ ਜਦਕਿ ਦੂਜੇ ਉਮੀਦਵਾਰ ਸਿਆਸੀ ਤੌਰ 'ਤੇ ਕਮਜ਼ੋਰ ਸਮਝੇ ਜਾ ਰਹੇ ਹਨ। ਦਿਵੇਸ਼ ਮੋਦਗਿੱਲ ਆਖ਼ਰੀ ਤੇ ਨਵੇਂ ਸਾਲ 'ਚ ਮੇਅਰ ਬਣਾਇਆ ਜਾ ਸਕਦਾ ਹੈ ਜਿਸ ਦੀ ਭਾਜਪਾ ਦੇ ਸੀਨੀਅਰ ਨੇਤਾ ਨੇ ਪੁਸ਼ਟੀ ਕੀਤੀ ਹੈ।