
ਐਸ.ਏ.ਐਸ. ਨਗਰ, 30
ਸਤੰਬਰ (ਸੁਖਦੀਪ ਸਿੰਘ ਸੋਈ) : ਮੋਹਾਲੀ ਦੀ ਦੁਸਹਿਰਾ ਕਮੇਟੀ ਵਲੋਂ ਫ਼ੇਜ਼-8 ਦੇ ਦੁਸਹਿਰਾ
ਮੈਦਾਨ ਵਿਚ ਜਿਥੇ ਰਾਵਣ, ਮੇਘਨਾਥ ਅਤੇ ਕੁੰਭਕਰਨ ਪੁਤਲੇ ਸਾੜੇ ਗਏ, ਉਥੇ ਇਕ ਪੁਤਲਾ
ਢੋਂਗੀ ਬਾਬਿਆਂ ਦਾ ਵੀ ਫੂਕਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ
ਗੁਰਪ੍ਰੀਤ ਕੌਰ ਸਪਰਾ ਪੁੱਜੇ ਜਦਕਿ ਮਹਿੰਦਰਾ ਐਂਡ ਮਹਿੰਦਰਾ ਦੇ ਚੀਫ਼ ਅਪਰੇਟਿੰਗ ਅਫ਼ਸਰ
ਬੀਰੇਨ ਪੋਪਲੀ ਨੇ ਗੈਸਟ ਆਫ਼ ਆਨਰ ਵਜੋਂ ਸ਼ਮੂਲੀਅਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ
ਸਪਰਾ ਨੇ ਕਿਹਾ ਕਿ ਸਾਨੂੰ ਹਰ ਸਾਲ ਰਾਵਣ ਦੇ ਪੁਤਲੇ ਸਾੜਨ ਦੀ ਬਜਾਏ ਸਮਾਜਕ ਬੁਰਾਈਆਂ
ਨੂੰ ਸਾੜ ਕੇ ਉਨ੍ਹਾਂ ਦਾ ਅੰਤ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਵਿਚਲੀਆਂ ਭੈੜੀਆਂ
ਅਲਾਮਤਾਂ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਦੇਸ਼ ਨੂੰ ਤਰੱਕੀ ਅਤੇ ਖ਼ੁਸ਼ਹਾਲੀ ਦੀਆਂ ਬੁਲੰਦੀਆਂ
'ਤੇ ਪਹੁੰਚਾਇਆ ਜਾ ਸਕੇ। ਹਰ ਨਾਗਰਿਕ ਨੂੰ ਅਪਣੇ ਕਰਤੱਵਾਂ ਨੂੰ ਸਮਝਣਾ ਚਾਹੀਦਾ ਹੈ, ਨਾਲ
ਹੀ ਉਨ੍ਹਾਂ 'ਤੇ ਅਮਲ ਕਰਨਾ ਚਾਹੀਦਾ ਹੈ। ਇਸ ਮੌਕੇ ਸੰਜੀਵ ਕੁਮਾਰ, ਰਾਕੇਸ਼ ਅਗਰਵਾਲ
ਐਸ.ਪੀ. ਸਿਟੀ ਜਗਜੀਤ ਸਿੰਘ ਜੱਲਾ, ਨਾਇਬ ਤਹਿਸੀਦਾਰ ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।
ਇਸ
ਤਰ੍ਹਾਂ ਸੈਕਟਰ-66 ਵਿਚ ਰੈਜੀਡੈਂਟ ਵੈਲਫ਼ੇਅਰ ਸੁਸਾਇਟੀ ਵਲੋਂ ਦੁਸਹਿਰਾ ਮਨਾਇਆ ਗਿਆ
ਜਿਥੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸ਼ਮੂਲੀਅਤ ਕੀਤੀ। ਇਸੇ
ਤਰ੍ਹਾਂ ਸੈਕਟਰ-70 ਸਥਿਤ ਪਿੰਡ ਮਟੋਰ ਵਿਚ ਦੁਸਹਿਰਾ ਕਮੇਟੀ ਦੇ ਚੇਅਰਮੈਨ ਪਰਮਦੀਪ ਸਿੰਘ
ਬੈਦਵਾਨ ਦੀ ਅਗਵਾਈ 'ਚ ਦੁਸਹਿਰਾ ਮਨਾਇਆ ਗਿਆ। ਇਸੇ ਫ਼ੇਜ਼-1 ਅੰਕੁਸ ਕਲੱਬ ਵਲੋਂ ਪ੍ਰਧਾਨ
ਕਿਰਨਜੀਤ ਸਿੰਘ ਦੀ ਅਗਵਾਈ ਵਿਚ ਦੁਸਹਿਰਾ ਮਨਾਇਆ ਗਿਆ।