
ਐਸ.ਏ.ਐਸ. ਨਗਰ, 1
ਅਕਤੂਬਰ (ਗੁਰਮੁਖ ਵਾਲੀਆ) : ਮੋਹਾਲੀ ਪਿੰਡ ਦੇ ਨਾਲ ਲਗਦਾ ਪਾਰਕ ਹੁਣ ਨਸ਼ੇੜੀਆਂ ਦਾ ਅੱਡਾ
ਬਣਦਾ ਜਾ ਰਿਹਾ ਹੈ ਜਿਥੇ ਨਸ਼ੇੜੀ ਕਿਸਮ ਦੇ ਸ਼ਰਾਰਤੀ ਅਨਸਰ ਨਸ਼ੇ ਦਾ ਸਮਾਨ ਵੇਚਣ ਲਈ ਸੌਦਾ
ਤਾਂ ਕਰਦੇ ਹੀ ਹਨ ਅਤੇ ਆਪ ਵੀ ਸ਼ਰ੍ਹੇਆਮ ਨਸ਼ੇ ਦਾ ਸੇਵਨ ਕਰਦੇ ਹਨ। ਇਨ੍ਹਾਂ ਨਸ਼ੇੜੀਆਂ ਦਾ
ਸ਼ਿਕਾਰ ਬਣਦੇ ਹਨ ਪਾਰਕ 'ਚ ਸੈਰ ਕਰਦੇ ਭੋਲੇ-ਭਾਲੇ ਲੋਕ ਜਿਨ੍ਹਾਂ ਨਾਲ ਇਹ ਲੋਕ ਨਸ਼ੇ 'ਚ
ਕੁੱਟ-ਮਾਰ ਦੇ ਨਾਲ-ਨਾਲ ਲੁੱਟ-ਖਸੁੱਟ ਵੀ ਕਰ ਰਹੇ ਹਨ।
ਇਹ ਨਸ਼ੇੜੀ ਬਲੌਂਗੀ,
ਸੈਕਟਰ-56 ਅਤੇ ਮੋਹਾਲੀ ਪਿੰਡ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੇ ਬੀਤੀ ਰਾਤ ਕਰੀਬ 10:30
ਵਜੇ ਪਾਰਕ 'ਚ ਸੈਰ ਕਰ ਰਹੇ ਅਰਜੁਨ ਅਤੇ ਛੋਟੂ ਨਾਂ ਦੇ ਨੌਜਵਾਨਾਂ ਨੂੰ ਅਪਣਾ ਨਿਸ਼ਾਨਾ
ਬਣਾਇਆ। ਇਹ ਦੋਵੇਂ ਦੋਸਤ ਰਾਤ ਨੂੰ ਪਾਰਕ ਵਿਚ ਮੋਬਾਈਲ 'ਤੇ ਚੈਟਿੰਗ ਕਰ ਰਹੇ ਸਨ
ਜਿਨ੍ਹਾਂ ਕੋਲ ਚਾਰ ਨਸ਼ੇੜੀ ਨੌਜਵਾਨ ਆਏ ਜਿਨ੍ਹਾਂ ਉਸ ਦਾ ਮੋਬਾਈਲ ਮੰਗਿਆ। ਜਦ ਉਨ੍ਹਾਂ
ਮੋਬਾਈਲ ਦੇਣ ਤੋਂ ਇਨਕਾਰ ਕੀਤਾ ਤਾਂ ਨਸ਼ੇ 'ਚ ਧੁੱਤ ਇਕ ਨੌਜਵਾਨ ਨੇ ਇਕ ਨੌਜਵਾਨ ਦੇ ਥੱਪੜ
ਮਾਰ ਕੇ ਉਸ ਦਾ ਫ਼ੋਨ ਖੋਹ ਲਿਆ। ਮੁੜ ਮੁੰਡਿਆਂ ਨੇ ਅਪਣਾ ਫ਼ੋਨ ਲੈਣ ਲਈ ਯਤਨ ਕੀਤਾ ਤਾਂ
ਨਸ਼ੇੜੀ ਨੌਜਵਾਨਾਂ ਨੇ ਚਾਕੂ ਕੱਢ ਲਏ ਅਤੇ ਉਨ੍ਹਾਂ 'ਤੇ ਵਾਰ ਕਰ ਦਿਤੇ। ਚਾਕੂ ਵੇਖ ਦੋਵੇਂ
ਨੌਜਵਾਨ ਮੌਕੇ ਤੋਂ ਭੱਜ ਗਏ ਜੋ ਬਾਅਦ ਵਿਚ ਅਪਣੇ ਦੋਸਤਾਂ ਨੂੰ ਨਾਲ ਲੈ ਕੇ ਵਾਪਸ ਪਾਰਕ
ਵਿਚ ਪਹੁੰਚੇ ਜਿਨ੍ਹਾਂ ਮੁੜ ਪਾਰਕ 'ਚ ਮੌਜੂਦ ਨਸ਼ੇੜੀ ਨੌਜਵਾਨਾਂ ਤੋਂ ਅਪਣਾ ਫ਼ੋਨ ਵਾਪਸ
ਮੰਗਿਆ ਪਰ ਉਸ ਵੇਲੇ ਤਕ ਨਸ਼ੇੜੀਆਂ ਨੇ ਵੀ ਅਪਣੇ ਸਾਥੀ ਪਾਰਕ ਵਿਚ ਸੱਦ ਲਏ ਸਨ। ਜਿਸ ਤੋਂ
ਬਾਅਦ ਨਸ਼ੇੜੀਆਂ ਨੇ ਉਨ੍ਹਾਂ 'ਤੇ ਮੁੜ ਹਮਲਾ ਕਰ ਦਿਤਾ ਜਿਸ ਵਿਚ ਅਰਜੁਨ 'ਤੇ ਛੋਟੂ ਨਾਲ
ਆਏ ਉਸ ਦੇ ਦੋਸਤ ਸੋਨੂੰ ਗੰਭੀਰ ਜ਼ਖ਼ਮੀ ਹੋ ਗਿਆ। ਅਰਜੁਨ, ਛੋਟੂ ਤੇ ਉਨ੍ਹਾਂ ਨਾਲ ਆਏ
ਦੋਸਤਾਂ ਨੇ ਭੱਜ ਕੇ ਉਨ੍ਹਾਂ ਘਰ 'ਚ ਵੜ ਕੇ ਅਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ
ਉਨ੍ਹਾਂ ਘਰ 'ਚ ਦਾਖ਼ਲ ਹੋ ਕੇ ਵੀ ਉਸ 'ਤੇ ਰਾਡ ਅਤੇ ਤਲਵਾਰਾਂ ਨਾਲ ਹਮਲਾ ਕਰ ਕੇ ਉਨ੍ਹਾਂ
ਨੂੰ ਜ਼ਖ਼ਮੀ ਕਰ ਦਿਤਾ।
ਜਦੋਂ ਗੁਆਂਢ ਦੇ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਮੌਕੇ ਤੋਂ
ਭੱਜ ਗਏ। ਜਿਸ ਤੋਂ ਬਾਅਦ ਜ਼ਖ਼ਮੀ ਹੋਏ ਦੋ ਨੌਜਵਾਨ ਸੋਨੂੰ ਅਤੇ ਛੋਟੂ ਨੂੰ ਫ਼ੇਜ਼-6 ਹਸਪਤਾਲ
'ਚ ਦਾਖ਼ਲ ਕਰਵਾਇਆ। ਦਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਦਾ ਵੀ ਇਕ ਨੌਜਵਾਨ ਜ਼ਖ਼ਮੀ ਹੋਇਆ ਸੀ
ਅਤੇ ਉਹ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਹ ਹਮਲਾ
ਬਲੌਂਗੀ ਦੇ ਵਸਨੀਕ ਰਵੀ ਜੋ ਕਤਲ ਦੇ ਮਾਮਲੇ 'ਚ ਸਜ਼ਾ ਕੱਟ ਰਿਹਾ ਹੈ, ਦੇ ਛੋਟੇ ਭਰਾ ਗੌਰਵ
ਵਲੋਂ ਕੀਤਾ ਗਿਆ ਹੈ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।
ਇਸ ਸਬੰਧੀ ਥਾਣਾ ਫੇਜ਼-1
ਮੁਖੀ ਸੁਖਵਿੰਦਰ ਸਿੰਘ ਨੇ ਦਸਿਆ ਕਿ ਜ਼ਖ਼ਮਿਆਂ ਦੇ ਬਿਆਨ ਦਰਜ ਕਰਨ ਲਈ ਏਐਸਆਈ ਅਮਰਜੀਤ
ਸਿੰਘ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ
ਰਹੀ ਹੈ।