
ਅਸਾਮੀਆਂ ਦੀ ਕੀਤੀ ਵੱਡੇ ਪੱਧਰ 'ਤੇ ਛੰਗਾਈ
ਚੰਡੀਗੜ੍ਹ, 9 ਅਕਤੂਬਰ (ਸਸਧ) : ਪੰਜਾਬ ਸਰਕਾਰ ਦਾ ਸੱਭ ਤੋਂ ਮਹੱਤਵਪੂਰਨ ਅਦਾਰਾ ਪੰਜਾਬ ਸਕੂਲ ਸਿਖਿਆ ਬੋਰਡ ਇਸ ਵੇਲੇ ਬੁਰੀ ਤਰ੍ਹਾਂ ਡੰਗ ਟਪਾਊ ਪ੍ਰਬੰਧ ਦਾ ਸ਼ਿਕਾਰ ਬਣਿਆ ਹੋਇਆ ਹੈ। ਇਸ ਵੇਲੇ ਨਾ ਤਾਂ ਇਸ ਦਾ ਕੋਈ ਪੱਕਾ ਚੇਅਰਮੈਨ ਹੀ ਹੈ ਅਤੇ ਨਾ ਹੀ ਇਸ ਦਾ ਕੋਈ ਪੱਕਾ ਸਕੱਤਰ ਹੈ। ਇਸ ਤੋਂ ਇਲਾਵਾ ਨਾ ਹੀ ਇਸ ਦਾ ਕੋਈ ਪੱਕਾ ਕੰਟਰੋਲਰ ਪ੍ਰੀਖਿਆਵਾਂ ਹੈ। ਡਾਇਰੈਕਟਰ ਅਕਾਦਮਿਕ ਦੀ, ਜੋ ਕਿ ਬਹੁਤ ਮਹੱਤਵਪੂਰਨ ਪੋਸਟ ਸੀ, ਦਾ ਉਂਝ ਹੀ ਭੋਗ ਪਾ ਦਿਤਾ ਗਿਆ ਹੈ। ਚੇਅਰਮੈਨ ਦਾ ਚਾਰਜ ਇਸ ਵੇਲੇ ਸਕੱਤਰ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਕੋਲ ਹੈ। ਕਹਿਣ ਤੋਂ ਭਾਵ ਕਿ ਸਕੱਤਰ ਹੀ ਇਸ ਵੇਲੇ ਬੋਰਡ ਦਾ ਸਾਰਾ ਕੰਮ ਵੇਖ ਰਿਹਾ ਹੈ ਜਦਕਿ ਉਸ ਕੋਲ ਵਿਦਿਅਕ ਵਿਭਾਗ ਦੇ ਹੋਰ ਬਹੁਤ ਸਾਰੇ ਕੰਮ ਵੇਖਣ ਵਾਲੇ ਹਨ।
ਸੀਨੀਅਰ ਵਾਈਸ ਚੇਅਰਮੈਨ ਦੀ ਅਸਾਮੀ ਖ਼ਤਮ ਕਰ ਦਿਤੀ ਗਈ ਹੈ। ਥੋੜਾ ਚਿਰ ਪਹਿਲਾਂ ਇਹ ਅਸਾਮੀ ਭਰੀ ਹੋਈ ਸੀ। ਵਾਈਸ ਚੇਅਰਮੈਨ ਦਾ ਚਾਰਜ ਇਸ ਵੇਲੇ ਡਾਇਰੈਕਟਰ ਜਨਰਲ ਸਕੂਲ ਕੋਲ ਹੈ। ਸਕੱਤਰ ਦਾ ਚਾਰਜ ਜੁਆਇੰਟ ਸਕੱਤਰ ਨੂੰ ਦਿਤਾ ਹੋਇਆ ਹੈ ਇਸੇ ਤਰ੍ਹਾਂ ਕੰਟਰੋਲਰ ਪ੍ਰੀਖਿਆਵਾਂ ਦਾ ਚਾਰਜ ਵੀ ਇਕ ਜੁਆਇੰਟ ਸਕੱਤਰ ਨੂੰ ਦਿਤਾ ਗਿਆ ਹੈ। ਕਹਿਣ ਤੋਂ ਭਾਵ ਕਿ ਉਪਰਲੇ ਪੱਧਰ ਦੀਆਂ ਸਾਰੀਆਂ ਵੱਡੀਆਂ ਆਸਾਮੀਆਂ 'ਤੇ ਕੰਮ ਪ੍ਰਬੰਧਕੀ ਅਧਾਰ 'ਤੇ ਚਲਾਇਆ ਜਾ ਰਿਹਾ ਹੈ। ਕਿਤੇ ਵੀ ਕੋਈ ਪੱਕੇ ਤੌਰ 'ਤੇ ਅਫ਼ਸਰ ਤਾਇਨਾਤ ਨਹੀਂ ਹੈ। ਅਸਲ ਵਿਚ ਉਪਰਲੇ ਪੱਧਰ 'ਤੇ 43 ਦੇ ਕਰੀਬ ਅਸਾਮੀਆਂ ਬੋਰਡ ਦੇ ਪ੍ਰਸ਼ਾਸਨ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਇਸ ਵੇਲੇ ਸਿਰਫ਼ 25 ਹੀ ਭਰੀਆਂ ਹੋਈਆਂ ਹਨ ਅਤੇ ਬਾਕੀ ਖ਼ਾਲੀ ਪਈਆਂ ਹਨ। ਉਂਝ ਵੀ ਪੰਜਾਬ ਸਰਕਾਰ ਬੋਰਡ ਵਿਚ ਅਸਾਮੀਆਂ ਖ਼ਤਮ ਕਰਨ ਦੇ ਕੰਮ ਕਾਰ ਵਿਚ ਰੁੱਝੀ
ਹੋਈ ਹੈ। ਕੁੱਲ ਮੰਨਜ਼ੂਰ ਸ਼ੁਦਾ ਅਸਾਮੀਆਂ 2093 ਸਨ। ਇਸ ਵੇਲੇ ਸਿਰਫ਼ 1042 ਹੀ ਭਰੀਆਂ ਹੋਈਆਂ ਹਨ। ਤਾਜ਼ਾ ਫ਼ੈਸਲੇ ਅਨੁਸਾਰ ਸਰਕਾਰ ਨੇ 2093 ਅਸਾਮੀਆਂ ਘਟਾ ਕੇ ਹੁਣ 1345 ਕਰ ਦਿਤੀਆਂ ਹਨ। ਕਹਿਣ ਤੋਂ ਭਾਵ 748 ਅਸਾਮੀਆਂ ਦਾ ਭੋਗ ਪਾ ਦਿਤਾ ਗਿਆ ਹੈ। ਇਹ ਉਸ ਸਮੇਂ ਹੋਇਆ ਹੈ ਜਦੋਂ ਪੰਜਾਬ ਸਰਕਾਰ ਰੁਜ਼ਗਾਰ ਦੇ ਵਧੇਰੇ ਮੌਕੇ ਬੇਰੁਜ਼ਗਾਰ ਪੜ੍ਹੇ ਲਿਖੇ ਲੋਕਾਂ ਲਈ ਕਰਨ ਦਾ ਵਾਰ ਵਾਰ ਵਾਅਦਾ ਕਰ ਰਹੀ ਹੈ।
ਪਤਾ ਲਗਿਆ ਹੈ ਕਿ ਸਰਕਾਰ ਨੇ ਸਕਿਊਰਿਟੀ ਗਾਰਡਾਂ ਦੀਆਂ 89 ਅਸਾਮੀਆਂ ਖ਼ਤਮ ਕਰਨ ਦਾ ਫ਼ੈਸਲਾ ਲੈ ਲਿਆ ਹੈ। ਸਫ਼ਾਈ ਸੇਵਕਾਂ ਦੀਆਂ 19 ਅਸਾਮੀਆਂ ਵਿਚੋਂ ਸਿਰਫ਼ 2 ਹੀ ਰਖੀਆਂ ਗਈਆਂ ਹਨ ਬਾਕੀ ਖ਼ਤਮ ਕਰ ਦਿਤੀਆਂ ਗਈਆਂ ਹਨ। ਸਹਾਇਕ ਪ੍ਰਕਾਸ਼ਨ ਅਫ਼ਸਰ ਦੀਆਂ 7 ਅਸਾਮੀਆਂ ਵਿਚੋਂ ਸਿਰਫ਼ 4 ਰਖੀਆਂ ਹਨ ਅਤੇ ਤਿੰਨ ਖ਼ਤਮ ਕਰ ਦਿਤੀਆਂ ਹਨ। ਸੁਪਰਡੈਂਟਾਂ ਦੀਆਂ ਅਸਾਮੀਆਂ 112 ਤੋਂ ਘਟਾ ਕੇ ਸਿਰਫ਼ 92 ਕਰ ਦਿਤੀਆਂ ਹਨ। ਸੀਨੀਅਰ ਸਹਾਇਕਾਂ ਦੀਆਂ ਆਸਾਮੀਆਂ 'ਤੇ ਵੀ ਵੱਡਾ ਕੱਟ ਲਗਾਇਆ ਗਿਆ ਹੈ। ਇਹ 474 ਤੋਂ ਘਟਾ ਕੇ 340 ਕਰ ਦਿਤੀਆਂ ਗਈਆਂ ਹਨ। ਕਲਰਕ ਕਮ ਡਾਟਾ ਐਂਟਰੀ ਉਪਰਟੇਰ ਦੀਆਂ ਅਸਾਮੀਆਂ 'ਤੇ ਵੀ ਵੱਡੇ ਪੱਧਰ ਦੇ ਛਿੰਗਾਈ ਕੀਤੀ ਗਈ ਹੈ। ਇਹ ਅਸਾਮੀਆਂ 715 ਤੋਂ ਘਟਾ ਕੇ 425 ਕਰ ਦਿਤੀਆਂ ਗਈਆਂ ਹਨ। ਇਸੇ ਤਰ੍ਹਾਂ ਹੀ ਸਹਾਇਕ ਕਰਮਚਾਰੀ ਭਾਵ ਹੈਲਪਰ ਦੀਆਂ ਅਸਾਮੀਆਂ 'ਤੇ ਵੀ ਵੱਡਾ ਕੱਟ ਲਗਾਇਆ ਗਿਆ ਹੈ। ਇਹ 247 ਤੋਂ ਘਟਾ ਕੇ 184 ਕਰ ਦਿਤੀਆਂ ਗਈਆਂ ਹਨ। ਦਫ਼ਤਰੀਆਂ ਦੀਆਂ ਪੋਸਟਾਂ 47 ਤੋਂ ਘਟਾ ਕੇ 32 ਕਰ ਦਿਤੀਆਂ ਹਨ। ਬੋਰਡ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜ਼ਿਆਦਾ ਕੁਹਾੜਾ ਅਕਾਦਮਿਕ ਅਸਾਮੀਆਂ ਉਪਰ ਚਲਿਆ ਹੈ। ਡਿਪਟੀ ਡਾਇਰੈਕਟਰ ਉਪਨ ਸਕੂਲ ਦੀ ਅਸਾਮੀ ਨੂੰ ਖ਼ਤਮ ਕਰਨ ਦੀ ਸ਼ਿਫ਼ਾਰਸ਼ ਕੀਤੀ ਗਈ ਹੈ ਅਤੇ ਡਿਪਟੀ ਡਾਇਰੈਕਟਰ ਗੁਣਾਤਮਿਕ ਸਿਖਿਆ ਦੇ ਹਵਾਲੇ ਉਪਨ ਸਕੂਲ ਸ਼ਾਖਾ ਨੂੰ ਕਰ ਦਿਤਾ ਗਿਆ ਹੈ। ਦਸਣਯੋਗ ਹੈ ਕਿ ਬੋਰਡ ਨੂੰ ਉਪਨ ਸਕੂਲਾਂ ਤੋਂ ਚੰਗੀ ਆਮਦਨੀ ਆਉਂਦੀ ਹੈ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਸ ਵੇਲੇ ਬੋਰਡ ਨੂੰ ਚਲਾਇਆ ਜਾ ਰਿਹਾ ਹੈ। ਇਸ ਦਾ ਸਕੂਲ ਪੱਧਰ ਦੀ ਵਿਦਿਆ 'ਤੇ ਬਹੁਤ ਮਾਰੂ ਪ੍ਰਭਾਵ ਪੈ ਰਿਹਾ ਹੈ। ਕੋਈ 4000 ਤੋਂ ਵਧੇਰੇ ਸਕੂਲ ਬੋਰਡ ਨਾਲ ਸਬੰਧਤ ਹਨ। ਇਹ ਹਰ ਸਾਲ ਲੱਖਾਂ ਵਿਦਿਆਰਥੀਆਂ ਦੇ ਇਮਤਿਹਾਨ ਲੈਣ ਤੋਂ ਇਲਾਵਾ ਕਿਤਾਬਾਂ ਵੀ ਸਪਲਾਈ ਕਰਦਾ ਹੈ।