
ਚੰਡੀਗੜ੍ਹ, 14 ਮਾਰਚ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਵਲੋਂ ਕਮਿਸ਼ਨਰ ਤੇ ਮੇਅਰ ਦੀ ਅਗਵਾਈ ਵਿਚ ਸ਼ਹਿਰ 'ਚ ਸਾਈਕਲ ਸਭਿਆਚਾਰ ਪੈਦਾ ਕਰਨ ਲਈ ਅੱਜ ਦੂਜੇ ਬੁਧਵਾਰ ਨੂੰ ਵੀ ਸਵੇਰੇ ਰੈਲੀ ਕੱਢੀ ਗਈ ਜਿਸ ਵਿਚ 200 ਦੇ ਕਰੀਬ ਮੁਲਾਜ਼ਮਾਂ ਨੇ ਭਾਗ ਲਿਆ। ਇਹ ਰੈਲੀ ਨਗਰ ਨਿਗਮ ਦੇ ਸੈਕਟਰ-17 ਸਥਿਤ ਦਫ਼ਤਰ ਤੋਂ ਸ਼ੁਰੂ ਹੋ ਕੇ ਕ੍ਰਿਕਟ ਸਟੇਡੀਅਮ ਸੈਕਟਰ-16 'ਚ ਜਾ ਕੇ ਸਮਾਪਤ ਹੋਈ।
ਰੈਲੀ ਦੌਰਾਨ ਮੇਅਰ ਦਿਵੇਸ਼ ਮੋਦਗਿਲ, ਕਮਿਸ਼ਨਰ ਜਤਿੰਦਰ ਯਾਦਵ, ਜਾਇੰਟ ਕਮਿਸ਼ਨਰ ਤੇਜਦੀਪ ਸੈਣੀ, ਅਕਾਲੀ ਕੌਂਸਲਰ ਭਾਈ ਹਰਦੀਪ ਸਿੰਘ ਬੁਟੇਰਲਾ, ਐਡੀਸ਼ਨਲ ਕਮਿਸ਼ਨਰ ਸੌਰਭ ਮਿਸ਼ਰਾ ਅਤੇ ਮੈਡੀਕਲ ਆਫ਼ੀਸਰ ਆਫ਼ ਹੈਲਥ ਨਗਰ ਨਿਗਮ, ਡਾ. ਪੀ.ਐਸ. ਭੱਟੀ ਅਤੇ ਸਟਾਫ਼ ਵਲੋਂ ਸ਼ਹਿਰ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਹੱਥਾਂ ਵਿਚ ਮਾਟੋ ਲਿਖ ਕੇ ਵੱਧ ਤੋਂ ਵੱਧ ਸਾਈਕਲ ਚਲਾਉਣ ਲਈ ਪ੍ਰਚਾਰ ਵੀ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਨੇ ਕਿਹਾ ਕਿ ਮੁਲਾਜ਼ਮਾਂ ਦਾ ਅੱਜ ਦੂਜੇ ਦਿਨ ਪਹਿਲਾਂ ਨਾਲੋਂ ਚੰਗਾ ਸਹਿਯੋਗ ਮਿਲਿਆ ਹੈ। ਉਨ੍ਹਾਂ ਆਸ ਕੀਤੀ ਕਿ ਇਹ ਗਿਣਤੀ ਹੌਲੀ-ਹੌਲੀ ਹੋਰ ਵਧੇਗੀ।