
ਚੰਡੀਗੜ੍ਹ, 8 ਨਵਬੰਰ (ਸਰਬਜੀਤ ਢਿੱਲੋਂ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ 'ਚ ਭਾਜਪਾ ਸਰਕਾਰ ਵਲੋਂ ਪਿਛਲੇ ਸਾਲ 8 ਨਵੰਬਰ ਨੂੰ ਦੇਸ਼ ਭਰ 'ਚ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਕੰਟਰੋਲ ਕਰਨ ਲਈ ਕੀਤੀ ਗਈ ਰਾਤੋ-ਰਾਤ ਨੋਟਬੰਦੀ ਦੀ ਪਹਿਲੀ ਵਰ੍ਹੇਗੰਢ ਨੂੰ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਕਾਲੇ ਬਿੱਲੇ ਲਾ ਕੇ ਕਾਲੇ ਦਿਵਸ ਵਜੋਂ ਮਨਾਉਂਦਿਆਂ ਸੈਕਟਰ-33 'ਚ ਭਾਜਪਾ ਦੇ ਦਫ਼ਤਰ ਦਾ ਘਿਰਾਉ ਕਰਨ ਦਾ ਯਤਨ ਕੀਤਾ ਗਿਆ। ਰੋਸ ਮੁਜ਼ਾਹਰਾ ਪਾਰਟੀ ਪ੍ਰਧਾਨ ਪ੍ਰਦੀਪ ਛਾਬੜਾ ਤੇ ਸਾਬਕਾ ਰੇਲਵੇ ਮੰਤਰੀ ਪਵਨ ਕੁਮਾਰ ਬਾਂਸਲ ਦੀ ਅਗਵਾਈ ਵਿਚ ਕੀਤਾ ਗਿਆ। ਕਾਂਗਰਸ ਨੇਤਾਵਾਂ ਨੇ ਮੋਦੀ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ। ਚੰਡੀਗੜ੍ਹ ਪੁਲਿਸ ਵਲੋਂ ਬੈਰੀਕੇਡ ਲਾ ਕੇ ਮੁਜ਼ਾਹਰਾਕਾਰੀਆਂ ਨੂੰ ਸੈਕਟਰ-34 'ਚ ਹੀ ਰੋਕ ਲਿਆ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਅੰਦੋਲਨਕਾਰੀਆਂ ਨੂੰ ਪਿਛੇ ਧੱਕ ਦਿਤਾ। ਇਸ ਦੌਰਾਨ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਵਿਚ ਕਾਫ਼ੀ ਹਫੜਾ-ਤਫੜੀ ਮੱਚ ਗਈ। ਇਸ ਮੌਕੇ ਪ੍ਰਦੀਪ ਛਾਬੜਾ ਅਤੇ ਪਵਨ ਬਾਂਸਲ ਨੇ ਭਾਜਪਾ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਦੀ ਆਲੋਚਨਾ ਕੀਤੀ। ਪਵਨ ਬਾਂਸਲ ਨੇ ਕਿਹਾ ਕਿ ਕੇਂਦਰ ਨੇ ਨੋਟਬੰਦੀ ਕਰ ਕੇ 3 ਲੱਖ
ਹਜ਼ਾਰ ਕਰੋੜ ਲੋਕ ਗ਼ਰੀਬੀ ਤੇ ਬੇਰੁਜ਼ਗਾਰੀ ਦੇ ਰਾਹੇ ਧੱਕ ਦਿਤਾ। ਉਨ੍ਹਾਂ ਕਿਹਾ ਕਿ ਇਸ ਲੋਕ ਮਾਰੂ ਫ਼ੈਸਲੇ ਨਾਲ ਮੋਦੀ ਸਰਕਾਰ ਨੇ ਦੇਸ਼ ਦਾ ਆਰਥਕ ਪੱਖੋ ਵਿਕਾਸ ਹੀ ਰੋਕ ਦਿਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ ਵਿਚ ਫਸੇ ਸਿਰਫ਼ ਭਾਜਪਾ ਨੇਤਾਵਾਂ ਨੂੰ ਅਪਣਾ ਕਾਲਾ ਧਨ ਚਿੱਟਾ ਕਰਨ ਲਈ ਹੋਰ ਰਾਹ ਪੱਧਰਾ ਕੀਤਾ। ਸ੍ਰੀ ਬਾਂਸਲ ਨੇ ਦੋਸ਼ ਲਾਇਆ ਕਿ ਇਸ ਨਾਲ ਜਿਥੇ ਬੇਰੁਜ਼ਗਾਰੀ ਵਧੀ, ਉਥੇ ਲੱਖਾਂ ਲੋਕਾਂ ਨੂੰ ਅਪਣੇ ਰਾਜਾਂ ਵਿਚ ਕਾਰੋਬਾਰ ਬੰਦ ਕਰ ਕੇ ਰੋਜ਼ੀ ਰੋਟੀ ਲਈ ਦੂਰੇ ਸੂਬਿਆਂ ਵਲ ਪਲਾਨ ਕਰਨਾ ਪਿਆ। ਪ੍ਰਦੀਪ ਛਾਬੜਾ ਨੇ ਕਿਹਾ ਪਾਰਟੀ ਦੇ ਕੌਮੀ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਵਲੋਂ ਦੇਸ਼ ਭਰ 'ਚ ਨੋਟਬੰਦੀ ਦੀ ਪਹਿਲੀ ਵਰ੍ਹੇ ਨੂੰ ਕਾਲਾ ਧਨ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਜੋ ਦੇਸ਼ ਦੇ ਇਤਿਹਾਸ ਵਿਚ 8 ਨਵੰਬਰ ਹਮੇਸ਼ਾ ਕਾਲਾ ਧਨ ਦਿਵਸ ਵਜੋਂ ਮਨਾਇਆ ਜਾਂਦਾ ਰਹੇਗਾ। ਇਸ ਮੌਕੇ ਪਾਰਟੀ ਦੇ ਕੌਂਸਲਰ ਦਵਿੰਦਰ ਸਿੰਘ ਬੱਬਲਾ, ਗੁਰਬਖ਼ਸ਼ ਰਾਵਤ, ਰਵਿੰਦਰ ਕੌਰ, ਸ਼ੀਲਾ ਦੇਵੀ ਤੋਂ ਇਲਾਵਾਸਾਬਕਾ ਮੇਅਰ ਸੁਭਾਸ਼ ਚਾਵਲਾ, ਹਰਮੇਲ ਕੇਸਰੀ, ਕਮਲੇਸ਼ ਕੁਮਾਰੀ, ਹਰਫੂਲ ਚੰਦ ਕਲਿਆਣ ਅਤੇ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਮਿਨਾਕਸ਼ੀ ਚੌਧਰੀ ਐਡਵੋਕੇਟ, ਐਚ.ਐਸ. ਲੱਕੀ, ਭੁਪਿੰਦਰ ਸਿੰਘ ਬਡਹੇੜੀ, ਅਨੀਤਾ ਸ਼ਰਮਾ ਜਨਰਲ ਸਕੱਤਰ ਮਹਿਲਾ ਕਾਂਗਰਸ ਆਦਿ ਸ਼ਾਮਲ ਸਨ।