
ਚੰਡੀਗੜ੍ਹ, 15 ਜਨਵਰੀ (ਸਰਬਜੀਤ ਢਿੱਲੋਂ, ਨੀਲ ਭਲਿੰਦਰ) : ਚੰਡੀਗੜ੍ਹ ਪੰਜਾਬੀ ਮੰਚ ਨੇ ਇਕ ਵਾਰ ਫਿਰ ਸਮੂਹ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਪੰਜਾਬੀ ਭਾਸ਼ਾ ਦੀ ਬਹਾਲੀ ਲਈ ਸੰਘਰਸ਼ ਛੇੜਨ ਦਾ ਐਲਾਨ ਕਰ ਦਿਤਾ ਹੈ। ਲੰਮੇ ਸਮੇਂ ਤੋਂ ਚੰਡੀਗੜ੍ਹ ਪੰਜਾਬੀ ਮੰਚ, ਪੇਂਡੂ ਸੰਘਰਸ਼ ਕਮੇਟੀ, ਚੰਡੀਗੜ੍ਹ ਗੁਰਦੁਆਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ, ਟਰੇਡ ਯੂਨੀਅਨਾਂ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਤੇ ਹੋਰ ਵਿਦਿਆਰਥੀ ਸੰਗਠਨਾਂ ਆਦਿ ਨਾਲ ਮਿਲ ਕੇ ਇਹ ਮੰਗ ਕਰਦਾ ਆ ਰਿਹਾ ਹੈ ਕਿ ਚੰਡੀਗੜ੍ਹ ਦੀ ਦਫ਼ਤਰੀ ਅਤੇ ਕੰਮਕਾਜ ਦੀ ਭਾਸ਼ਾ ਪੰਜਾਬੀ ਹੋਵੇ ਤੇ ਇਥੇ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਦਰਜਾ ਬਹਾਲ ਕੀਤਾ ਜਾਵੇ। ਇਸੇ ਤਹਿਤ 1 ਨਵੰਬਰ 2017 ਨੂੰ ਦਿਤੇ ਗਏ ਵਿਸ਼ਾਲ ਧਰਨੇ ਦੌਰਾਨ ਮੰਚ ਦੇ ਅਹੁਦੇਦਾਰਾਂ ਨਾਲ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਦੋ ਬੈਠਕਾਂ ਕੀਤੀਆਂ ਤੇ ਵਾਅਦਾ ਕੀਤਾ ਕਿ ਆਉਂਦੇ ਤਿੰਨ ਕੁ ਮਹੀਨਿਆਂ ਵਿਚ ਉਹ ਇਸ ਦਾ ਹੱਲ ਕੱਢ ਲੈਣਗੇ ਤੇ ਮਾਮਲਾ ਕੇਂਦਰ ਨਾਲ ਰਾਬਤਾ ਕਰ ਕੇ ਸੁਲਝਾ ਲੈਣਗੇ। ਪਰ ਕਰੀਬ ਢਾਈ ਮਹੀਨੇ ਬੀਤਣ ਦੇ ਬਾਵਜੂਦ ਨਾ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਤੇ ਨਾ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਕਾਰਵਾਈ ਕੀਤੀ, ਇਸ ਲਈ ਪੰਜਾਬੀ ਭਾਸ਼ਾ ਨਾਲ ਸਾਹਬ ਦੀ ਵਾਅਦਾ ਖ਼ਿਲਾਫ਼ੀ ਵਿਰੁਧ ਹੁਣ ਚੰਡੀਗੜ੍ਹ ਪੰਜਾਬੀ ਮੰਚ ਨੇ ਸਮੂਹਕ ਭੁੱਖ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ।
ਸੈਕਟਰ-34 ਵਿਚ ਚੰਡੀਗੜ੍ਹ ਪੰਜਾਬੀ ਮੰਚ ਦੀ ਹੰਗਾਮੀ ਬੈਠਕ ਵਿਚ ਇਹ ਸਮੂਹਕ ਤੌਰ 'ਤੇ ਫ਼ੈਸਲਾ ਲਿਆ ਗਿਆ ਕਿ 19 ਫ਼ਰਵਰੀ ਨੂੰ ਸੈਕਟਰ-17 ਵਿਚ ਸਥਿਤ ਪਲਾਜ਼ਾ ਵਿਖੇ ਇਕ ਵਿਸ਼ਾਲ ਸਮੂਹਕ ਭੁੱਖ ਹੜਤਾਲ ਕਰ ਕੇ ਪ੍ਰਸ਼ਾਸਨ ਨੂੰ ਇਕ ਵਾਰ ਫਿਰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾਵੇਗਾ। ਇਸ ਸਮੂਹਕ ਭੁੱਖ ਹੜਤਾਲ ਦੌਰਾਨ ਪੁਆਧੀ ਗਾਇਕੀ ਦਾ ਅਖਾੜਾ ਵੀ ਲੱਗੇਗਾ ਜਿਸ ਵਿਚ ਪ੍ਰਸਿੱਧ ਪੁਆਧੀ ਗਾਇਕ ਸਮਰ ਸਿੰਘ ਸੰਮੀ ਰਵਾਇਤੀ ਗੀਤਾਂ ਰਾਹੀਂ ਪੰਜਾਬੀ ਵਿਰੋਧੀ ਹਾਕਮਾਂ 'ਤੇ ਤੰਜ ਕਸੇਗਾ ਤੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਦੀ ਦੇਖ ਰੇਖ ਹੇਠ ਪੰਜਾਬੀ ਭਾਸ਼ਾ ਦੀ ਬੇਕਦਰੀ ਦਾ ਦਰਦ ਬਿਆਨ ਕਰਨ ਵਾਲਾ ਨਾਟਕ 'ਸੂਲਾਂ ਵਿੰਨਿਆ ਅੰਦਰ' ਵੀ ਖੇਡਿਆ ਜਾਵੇਗਾ।ਇਸ ਸਬੰਧੀ ਚੰਡੀਗੜ੍ਹ ਪੰਜਾਬੀ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਕਿਹਾ ਕਿ ਲਗਾਤਾਰ ਕੇਂਦਰ ਦੀਆਂ ਸਰਕਾਰਾਂ, ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਚੰਡੀਗੜ੍ਹ ਪ੍ਰਸ਼ਾਸਨ ਪੰਜਾਬੀ ਦਰਦੀਆਂ ਨਾਲ ਵਾਅਦਾ ਖ਼ਿਲਾਫ਼ੀ ਕਰਦਾ ਆ ਰਿਹਾ ਹੈ। ਬੈਠਕ ਵਿਚ ਚੇਅਰਮੈਨ ਸਿਰੀਰਾਮ ਅਰਸ਼, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ, ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਬਲਕਾਰ ਸਿੱਧੂ, ਸੇਵੀ ਰਾਇਤ, ਰਾਜ ਕੁਮਾਰ, ਸੁਖਜੀਤ ਸਿੰਘ ਸੁੱਖਾ, ਰਘਵੀਰ ਸਿੰਘ ਸੰਧੂ, ਜਥੇਦਾਰ ਗੁਰਨਾਮ ਸਿੰਘ ਸਿੱਧੂ, ਪ੍ਰੀਤਮ ਸਿੰਘ ਹੁੰਦਲ, ਡਾ. ਸੁਖਦੇਵ ਸਿੰਘ ਕਾਹਲੋਂ, ਨੀਤੂ ਸ਼ਰਮਾ ਆਦਿ ਮੌਜੂਦ ਸਨ।