
ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਸਾਲ 2018 ਵਿਚ ਵੱਖ-ਵੱਖ ਸਮਾਗਮਾਂ ਮੌਕੇ ਪਾਕਿਸਤਾਨ ਜਾਣ ਵਾਲੇ ਜੱਥਿਆਂ ਨਾਲ ਸੰਪਰਕ ਅਫ਼ਸਰਾਂ ਦੀ ਨਿਯੁਕਤੀ ਲਈ ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਤੋਂ ਬਿਨੈ ਪੱਤਰ ਮੰਗੇ ਗਏ ਹਨ। ਆਮ ਰਾਜ ਪ੍ਰਬੰਧ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਸਾਲ 2018 ਵਿਚ ਅਪ੍ਰੈਲ ਮਹੀਨੇ ਵਿਸਾਖੀ, ਮਈ ਮਹੀਨੇ ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ, ਜੂਨ ਮਹੀਨੇ ਬਰਸੀ ਮਹਾਰਾਜਾ ਰਣਜੀਤ ਸਿੰਘ ਅਤੇ ਨਵੰਬਰ ਮਹੀਨੇ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਗਮਾਂ ਮੌਕੇ ਭਾਰਤ ਸਰਕਾਰ ਵਲੋਂ ਸਿੱਖ/ ਸਹਿਜਧਾਰੀ ਸਿੱਖ ਯਾਤਰੂਆਂ ਦੇ ਜਥੇ ਪਾਕਿਸਤਾਨ ਭੇਜੇ ਜਾਣ ਦੀ ਸੰਭਾਵਨਾ ਹੈ। ਉਪਰੋਕਤ ਜੱਥਿਆਂ ਨਾਲ ਸਰਕਾਰ ਵਲੋਂ ਸੰਪਰਕ ਅਫਸਰ ਨਿਯੁਕਤ ਕੀਤੇ ਜਾਣੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦੇ ਜਿਹੜੇ ਸਰਕਾਰੀ ਕਰਮਚਾਰੀ ਸੀਨੀਅਰ ਸਹਾਇਕ ਜਾਂ ਇਸ ਤੋਂ ਉਪਰ ਕਿਸੇ ਪਦਵੀ 'ਤੇ ਨਿਯੁਕਤ ਹਨ, ਉਹ ਸੰਪਰਕ ਅਫ਼ਸਰ ਲਈ ਯੋਗ ਹਨ। ਜਿਹੜੇ ਅਧਿਕਾਰੀ/ਕਰਮਚਾਰੀ ਇਨ੍ਹਾਂ ਜੱਥਿਆਂ ਨਾਲ ਬਤੌਰ ਸੰਪਰਕ ਅਫ਼ਸਰ ਜਾਂ ਪ੍ਰੇਖਕ ਦੇ ਤੌਰ 'ਤੇ ਜਾਣ ਲਈ ਇਛੁੱਕ ਹੋਣ, ਉਹ ਅਪਣੇ ਬਿਨੈ-ਪੱਤਰ ਨਿਰਧਾਰਤ ਪ੍ਰੋਫ਼ਾਰਮੇ ਅਨੁਸਾਰ ਆਪਣੇ ਵਿਭਾਗ ਦੇ ਮੁਖੀ ਰਾਹੀਂ ਆਮ ਰਾਜ ਪ੍ਰਬੰਧ ਵਿਭਾਗ (ਆਮ ਤਾਲਮੇਲ ਸ਼ਾਖਾ) 6ਵੀਂ ਮੰਜ਼ਿਲ (ਹਾਲ), ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਦੇ ਪਤੇ 'ਤੇ 31 ਦਸੰਬਰ 2017 ਤੱਕ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਸਕੱਤਰੇਤ ਵਿਖੇ ਕੰਮ ਕਰਦੇ ਚਾਹਵਾਨ ਯੋਗ ਅਧਿਕਾਰੀ/ ਕਰਮਚਾਰੀ ਅਪਣੇ ਬਿਨੈ ਪੱਤਰ ਸਕੱਤਰੇਤ ਪ੍ਰਸ਼ਾਸਨ ਰਾਹੀਂ ਭੇਜਣ।