
ਐਸ.ਏ.ਐਸ.
ਨਗਰ, 24 ਸਤੰਬਰ (ਸੁਖਦੀਪ ਸਿੰਘ ਸੋਈ, ਪਰਦੀਪ ਸਿੰਘ ਹੈਪੀ, ਗੁਰਮੁਖ ਵਾਲੀਆ) : ਸੀਨੀਅਰ
ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਜਿਨ੍ਹਾਂ ਦੀ ਕਿ ਮੋਹਾਲੀ
ਸਥਿਤ ਉਨ੍ਹਾਂ ਦੀ ਰਿਹਾਇਸ 'ਤੇ 22 ਅਤੇ 23 ਸਤੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤਿਆਂ
ਵਲੋਂ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਕੇ ਬੇਰਿਹਮੀ ਨਾਲ ਕਤਲ ਕਰ ਦਿਤਾ ਗਿਆ ਸੀ। ਮ੍ਰਿਤਕ
ਦੇਹਾਂ ਦਾ ਅੱਜ ਸਰਕਾਰੀ ਸਿਵਲ ਹਸਪਤਾਲ ਮੋਹਾਲੀ ਵਿਖੇ ਪੋਸਟਮਾਟਮ ਕਰਨ ਉਪਰੰਤ ਧਾਰਮਕ
ਰਹੁ-ਰੀਤਾਂ ਨਾਲ ਮੋਹਾਲੀ (ਬਲੌਂਗੀ) ਸਥਿਤ ਸਮਸ਼ਾਨਘਾਟ ਵਿਖੇ ਸਸਕਾਰ ਕਰ ਦਿਤਾ ਗਿਆ।
ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਅਗਨੀ ਕੇ.ਜੇ. ਸਿੰਘ ਦੇ ਵੱਡੇ ਭਰਾ ਵਿਜੇ ਪਾਲ ਸਿੰਘ
ਨੇ ਵਿਖਾਈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋ
ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਮ੍ਰਿਤਕ ਦੇਹਾਂ 'ਤੇ ਰੀਥਾਂ ਰੱਖ ਕੇ
ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਕਾਤਲ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ 'ਚ
ਹੋਣਗੇ। ਮੁੱਖ ਮੰਤਰੀ ਪਹਿਲਾਂ ਹੀ ਇਸ ਦੋਹਰੇ ਹਤਿਆ ਕਾਂਡ ਲਈ ਵਿਸ਼ੇਸ ਟੀਮ ਦਾ ਗਠਨ ਕਰ
ਚੁਕੇ ਹਨ ਤਾਂ ਜੋ ਦੋਸ਼ੀਆਂ ਦੀ ਜਲਦੀ ਤੋਂ ਜਲਦੀ ਭਾਲ ਹੋ ਸਕੇ। ਉਨ੍ਹਾਂ ਪਰਿਵਾਰ ਨਾਲ
ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪਰਵਾਰ ਅਤੇ ਸਮਾਜ ਨੂੰ ਨਾ ਪੁਰਿਆ ਜਾਣ ਵਾਲਾ
ਘਾਟਾ ਦਸਿਆ ਅਤੇ ਪਰਵਾਰ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿਤਾ।
ਸਸਕਾਰ
ਵੇਲੇ ਸਾਬਕਾ ਰੈਜੀਡੈਂਟ ਐਡੀਟਰ ਇੰਡੀਅਨ ਐਕਸਪ੍ਰੈਸ ਵਿਪਨ ਪੱਬੀ, ਡੇਲੀ ਪੋਸਟ ਦੇ ਸਾਬਕਾ
ਐਡੀਟਰ ਸਰਬਜੀਤ ਪੰਧੇਰ, ਬਾਬੂ ਸਾਹੀ ਡੋਟ ਕਾਮ ਦੇ ਐਡੀਟਰ ਬਲਜੀਤ ਬੱਲੀ ਸਮੇਤ ਚੰਡੀਗੜ੍ਹ
ਅਤੇ ਮੋਹਾਲੀ ਦੇ ਪੱਤਰਕਾਰ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਤੋਂ ਇਲਾਵਾ ਕੌਂਸਲਰ
ਕੁਲਜੀਤ ਸਿੰਘ ਬੇਦੀ ਅਤੇ ਕੇ.ਜੇ.ਸਿੰਘ ਦੇ ਪਵਾਰਕ ਮੈਂਬਰ ਅਤੇ ਰਿਸਤੇਦਾਰ ਵੀ ਸ਼ਾਮਲ ਹੋਏ।