
ਚੰਡੀਗੜ੍ਹ, 17 ਫ਼ਰਵਰੀ (ਸਸਸ): ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ਼ ਇੰਡੀਆ (ਪੀ.ਆਰ.ਐਸ.ਆਈ.) ਦੇ ਚੰਡੀਗੜ੍ਹ ਚੈਪਟਰ ਵਲੋਂ 'ਸੋਸ਼ਲ ਮੀਡੀਆ ਦਾ ਮੰਤਵ ਤੇ ਚੁਨੌਤੀਆਂ' ਵਿਸ਼ੇ 'ਤੇ ਕਰਵਾਏ ਸੈਮੀਨਾਰ ਵਿਚ ਵਿਚਾਰ-ਚਰਚਾ ਦੌਰਾਨ ਇਹ ਗੱਲ ਉਭਰ ਕੇ ਆਈ ਕਿ ਸੋਸ਼ਲ ਮੀਡੀਆ ਦੀ ਵਿਵਹਾਰਕ ਤੌਰ 'ਤੇ ਸਹੀ ਅਰਥਾਂ ਵਿਚ ਯੋਗ ਵਰਤੋਂ ਅਤੇ ਲੋੜ ਅਨੁਸਾਰ ਹੀ ਵਰਤੋਂ ਹੋਣੀ ਚਾਹੀਦੀ ਹੈ। ਸਮੂਹ ਵਕਤਾ ਅਤੇ ਸਰੋਤੇ ਇਸ ਗੱਲ 'ਤੇ ਇਕਮਤ ਸਨ ਕਿ ਨਵੇਂ ਯੁੱਗ ਦਾ ਇਹ 'ਅਵਤਾਰ' (ਸੋਸ਼ਲ ਮੀਡੀਆ) ਸਮਾਜ ਦੇ ਤਾਣੇ-ਬਾਣੇ, ਆਮ ਲੋਕ ਰਾਏ ਅਤੇ ਮਨੋਵੇਗ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦਾ ਹੈ ਇਸ ਲਈ ਨਵੀਂ ਪੀੜ੍ਹੀ ਨੂੰ ਇਸ ਮੀਡੀਆ ਦੇ ਮੁਥਾਜੀ ਬਣਨ ਅਤੇ ਇਸ ਨੂੰ ਹੱਦੋਂ ਵੱਧ ਵਰਤਣ ਤੋਂ ਰੋਕਣ ਲਈ ਵਿਹਾਰਕ ਅਤੇ ਕਾਨੂੰਨੀ ਨੇਮ ਬਣਾਏ ਜਾਣੇ ਚਾਹੀਦੇ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਧੀਕ ਸੋਲਿਸਟਰ ਜਨਰਲ ਸੱਤਪਾਲ ਜੈਨ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਨਾਲ ਬੱਚਿਆਂ ਦੇ ਜੀਵਨ 'ਤੇ ਹਰ ਤਰ੍ਹਾਂ ਦਾ ਮਾੜਾ ਪ੍ਰਭਾਅ ਪੈ ਰਿਹਾ ਹੈ। ਉਨ੍ਹਾਂ ਦੀ ਰਾਏ ਸੀ ਕਿ ਫ਼ਿਲਹਾਲ ਇਸ ਮੀਡੀਆ ਦੀ ਕੁਵਰਤੋਂ ਨੂੰ ਠੱਲਣ ਲਈ ਕਾਨੂੰਨ ਬਣਾਉਣੇ ਔਖੇ ਹਨ ਪਰ ਸਮਾਜ ਵਿਚ ਇਸ ਸਬੰਧੀ ਜਾਗਰੂਕਤਾ ਲਿਆਉਣ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸਿਖਿਆ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ।
ਸੈਮੀਨਾਰ ਦੇ ਵਿਸ਼ੇ ਸਬੰਧੀ ਮੁੱਖ ਵਕਤਾ ਵਲੋਂ ਬੋਲਦਿਆਂ ਸਾਬਕਾ ਆਈ.ਏ.ਐਸ ਅਧਿਕਾਰੀ ਵਿਵੇਕ ਅਤਰੇ ਨੇ ਕਿਹਾ ਕਿ ਇਸ ਸਮੇਂ ਸਮਾਰਟ ਫ਼ੋਨ ਅਤੇ ਸੂਚਨਾ ਤਕਨਾਲੋਜੀ ਦਾ ਹਰ ਮਨੁੱਖੀ ਜੀਵਨ ਉਪਰ ਪ੍ਰਭਾਵ ਪੈ ਰਿਹਾ ਹੈ। ਸੋਸ਼ਲ ਮੀਡੀਆ 'ਤੇ ਅਦਾਨ-ਪ੍ਰਦਾਨ ਹੁੰਦੀ ਮਣਾਂ-ਮੂੰਹੀਂ ਸੂਚਨਾ ਤੋਂ ਆਮ ਲੋਕ ਅਤੇ ਨੇਤਾਗਣ ਵੀ ਪ੍ਰਭਾਵਤ ਹੋ ਜਾਂਦੇ ਹਨ। ਪੀ.ਆਰ.ਐਸ.ਆਈ. ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਚੰਡੀਗੜ੍ਹ ਚੈਪਟਰ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿਤਾ ਅਤੇ ਕਿਹਾ ਕਿ ਇਸ ਸੰਸਥਾ ਵਲੋਂ ਸੋਸ਼ਲ ਮੀਡੀਆ ਬਾਰੇ ਅਜਿਹੇ ਸੈਮੀਨਾਰ ਕਰਵਾਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਰਹੇਗਾ। ਪੀ.ਆਰ.ਐਸ.ਆਈ ਦੇ ਉਪ ਚੇਅਰਮੈਨ ਆਰ.ਕੇ ਕਪਿਲਾਸ਼ ਨੇ ਸਮੂਹ ਮਹਿਮਾਨਾਂ ਅਤੇ ਮੁੱਖ ਮਹਿਮਾਨਾਂ ਲਈ ਧਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਆਰ.ਐਸ.ਆਈ. ਦੇ ਚੰਡੀਗੜ੍ਹ ਚੈਪਟਰ ਦੇ ਸਮੂਹ ਮੈਂਬਰ ਹਾਜ਼ਰ ਸਨ।