
ਚੰਡੀਗੜ੍ਹ, 15 ਮਾਰਚ (ਤਰੁਣ ਭਜਨੀ): ਪੀ.ਜੀ.ਆਈ. ਵਿਚ ਗੁਆਂਢੀ ਰਾਜਾਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਸੱਭ ਤੋਂ ਵੱਧ ਹੈ, ਜਿਸ ਕਾਰਨ ਪੀ.ਜੀ.ਆਈ. ਵਿਚ ਇਲਾਜ ਕਰਵਾਉਣਾ ਕਾਫ਼ੀ ਔਖਾ ਹੋ ਗਿਆ ਹੈ। ਮਰੀਜ਼ਾਂ ਦੀ ਲਗਾਤਾਰ ਵਧ ਰਹੀ ਭੀੜ ਨੂੰ ਘਟਾਉਣ ਲਈ ਪੀ.ਜੀ.ਆਈ. ਨੇ ਕੁੱਝ ਸਮਾਂ ਪਹਿਲਾਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਨੂੰ ਅਪਣੇ ਡਾਕਟਰ ਇਥੇ ਸਿਖਲਾਈ ਲਈ ਭੇਜਣ ਲਈ ਕਿਹਾ ਸੀ ਤਾਕਿ ਲੋਕਾਂ ਦਾ ਇਲਾਜ ਅਪਣੇ ਇਲਾਕੇ ਵਿਚ ਹੀ ਹੋ ਸਕੇ ਅਤੇ ਉਨ੍ਹਾਂ ਨੂੰ ਪੀ.ਜੀ.ਆਈ. ਤਕ ਆਉਣ ਦੀ ਜ਼ਰੂਰਤ ਨਾ ਪਵੇ। ਪਰ ਇਨ੍ਹਾਂ ਤਿੰਨਾਂ ਰਾਜਾਂ ਨੇ ਇਸ ਵਿਚ ਬਹੁਤੀ ਦਿਲਚਸਪੀ ਨਹੀਂ ਵਿਖਾਈ ਅਤੇ ਡਾਕਟਰਾਂ ਨੂੰ ਪੀ.ਜੀ.ਆਈ. ਵਿਚ ਸਿਖਲਾਈ ਲੈਣ ਲਈ ਨਹੀਂ ਭੇਜਿਆ ਜਿਸ ਦਾ ਅਸਰ ਪੀ.ਜੀ.ਆਈ. 'ਤੇ ਪੈ ਰਿਹਾ ਹੈ। ਸ਼ੁਰੂਆਤ ਵਿਚ ਸਿਰਫ਼ ਪੰਜਾਬ ਤੋਂ ਕੁੱਝ ਡਾਕਟਰ ਇਥੇ ਟ੍ਰੇਨਿੰਗ ਲੈ ਕੇ ਗਏ ਸਨ ਪਰ ਬਾਅਦ ਵਿਚ ਉਥੋਂ ਵੀ ਡਾਕਟਰ ਆਉਣੇ ਬੰਦ ਹੋ ਗਏ। ਪੀ.ਜੀ.ਆਈ. ਡਇਰੈਕਟਰ ਡਾ. ਜਗਤ ਰਾਮ ਨੇ ਦਸਿਆ ਕਿ ਉਨ੍ਹਾਂ ਤਿੰਨਾਂ ਰਾਜਾਂ ਦੇ ਸਿਹਤ ਸਕੱਤਰਾਂ ਨੂੰ ਪੱਤਰ ਲਿਖ ਕੇ ਇਹ ਆਫ਼ਰ ਦਿਤਾ ਸੀ ਤਾਕਿ ਲੋਕਾਂ ਨੂੰ ਪੂਰਾ ਇਲਾਜ ਅਪਣੇ ਇਲਾਕੇ ਵਿਚ ਹੀ ਮਿਲ ਸਕੇ ਪਰ ਇਸ ਵਿਚ ਕਿਸੇ ਵੀ ਰਾਜ ਨੇ ਦਿਲਚਸਪੀ ਨਹੀਂ ਵਿਖਾਈ ਹੈ। ਦੂਜੇ ਪਾਸੇ ਪੀਜੀਆਈ ਵਿਚ ਮਰੀਜ਼ਾਂ ਦੀ ਭੀੜ ਨੂੰ ਘਟਾਉਣ ਲਈ ਹੁਣ ਤਕ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਫ਼ੇਲ ਸਾਬਤ ਹੋਈਆਂ ਹਨ। ਆਲਮ ਇਹ ਹੈ ਕਿ ਜਿਥੇ ਪਿਛਲੇ ਸਾਲ ਤਕ ਰੋਜ਼ਾਨਾ ਪੀ.ਜੀ.ਆਈ. ਵਿਚ ਮਰੀਜ਼ਾਂ ਦੀ ਗਿਣਤੀ 9-10 ਹਜ਼ਾਰ ਸੀ, ਉਥੇ ਹੀ ਹੁਣ ਇਹ ਗਿਣਤੀ 11 ਹਜ਼ਾਰ ਤੋਂ ਵੀ ਟੱਪ ਗਈ ਹੈ। ਲਗਾਤਾਰ ਵਧ ਰਹੀ ਮਰੀਜ਼ਾਂ ਦੀ ਗਿਣਤੀ ਨੂੰ ਘਟਾਉਣ ਲਈ ਪੀ.ਜੀ.ਆਈ. ਪ੍ਰਸ਼ਾਸਨ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਕਾਫ਼ੀ ਸਾਬਤ ਹੋਈਆਂ ਹਨ। ਇਕ ਸਾਲ ਦਾ ਕਾਰਜਕਾਲ ਪੂਰਾ ਕਰ ਚੁਕੇ ਪੀ.ਜੀ.ਆਈ. ਦੇ ਡਾਇਰੈਕਟਰ ਡਾ. ਜਗਤ ਰਾਮ ਇਸ ਸਬੰਧ ਵਿਚ ਕੋਈ ਖ਼ਾਸ ਯੋਜਨਾ ਨਹੀਂ ਬਣਾ ਸਕੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਜਗਤ ਰਾਮ ਨੇ ਕਿਹਾ ਕਿ ਸਾਰੰਗਪੁਰ ਵਿਚ 50 ਏਕੜ ਜ਼ਮੀਨ ਵਿਚ ਬਣਨ ਵਾਲੇ ਪੀ.ਜੀ.ਆਈ. ਦੇ ਵਿਸਤਾਰ ਤੋਂ ਬਾਅਦ ਪੀ.ਜੀ.ਆਈ. ਵਿਚ ਭੀੜ ਘਟੇਗੀ। ਉਨ੍ਹਾਂ ਇਸ ਸਬੰਧੀ ਗੁਆਂਢੀ ਰਾਜਾਂ ਨੂੰ ਵੀ ਪੱਤਰ ਲਿਖ ਕੇ ਬਹੁਤੇ ਗੰਭੀਰ ਮਰੀਜ਼ਾਂ ਨੂੰ ਪੀ.ਜੀ.ਆਈ. ਰੈਫ਼ਰ ਨਾ ਕਰਨ ਲਈ ਕਿਹਾ ਹੈ ਪਰ ਆਲਮ ਇਹ ਹੈ ਕਿ ਪੀ.ਜੀ.ਆਈ. ਵਿਚ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।ਪੀ.ਜੀ.ਆਈ. ਤੋਂ ਮਿਲੇ ਅੰਕੜਿਆਂ ਮੁਤਾਬਕ ਇਕੱਲੇ ਪੰਜਾਬ ਤੋਂ ਕਰੀਬ 10 ਲੱਖ ਮਰੀਜ਼ ਹਰ ਸਾਲ ਇਥੇ ਇਲਾਜ ਲਈ ਆਉਂਦੇ ਹਨ ਅਤੇ ਹਰਿਆਣਾ ਦੂਜੇ ਸਥਾਨ 'ਤੇ ਹੈ। ਅਜਿਹੇ ਵਿਚ ਸਹੂਲਤਾਂ ਨੂੰ ਵਧਾਉਣਾ ਲਾਜ਼ਮੀ ਹੈ ਤਾਕਿ ਲੋਕਾਂ ਨੂੰ ਬਿਹਤਰ ਇਲਾਜ ਮਿਲ ਸਕੇ। ਦੂਜੇ ਪਾਸੇ ਕਈ ਵੱਡੇ ਪ੍ਰਾਜੈਕਟ ਲਟਕੇ ਹੋਣ ਕਾਰਨ ਵੀ ਪੀ.ਜੀ.ਆਈ. ਦਾ ਵਿਸਥਾਰ ਨਹੀਂ ਹੋ ਪਾ ਰਿਹਾ। ਇਸ ਸਮੇਂ ਆਲਮ ਇਹ ਹੈ ਕਿ ਪੀ.ਜੀ.ਆਈ. ਵਿਚ ਕਰੀਬ 250 ਵੈਂਟੀਲੇਟਰ ਹਨ ਪਰ ਮਰੀਜ਼ਾਂ ਦੀ ਭੀੜ ਨੂੰ ਵੇਖਦੇ ਹੋਏ ਇਹ ਗਿਣਤੀ ਕਾਫ਼ੀ ਘੱਟ ਹੈ। ਵੈਂਟੀਲੇਟਰ ਨੂੰ ਲੈ ਕੇ ਅਕਸਰ ਮਾਰਾਮਾਰੀ ਵਾਲੀ ਹਾਲਤ ਰਹਿੰਦੀ ਹੈ। ਪੀਜੀਆਈ ਤੇ ਗੁਆਂਢੀ ਰਾਜਾਂ ਦੇ ਮਰੀਜ਼ਾਂ ਦਾ ਭਾਰ ਲਗਾਤਾਰ ਵੱਧ ਰਿਹਾ ਹੈ। ਡਾਇਰੈਕਟਰ ਡਾ. ਜਗਤ ਰਾਮ ਨੇ ਗਿਣਵਾਈਆਂ ਉਪਲਬਧੀਆਂ : ਪੀ.ਜੀ.ਆਈ. 'ਚ ਬਤੌਰ ਡਾਇਰੈਕਟਰ ਅਪਣਾ ਇਕ ਸਾਲ ਦਾ ਕਾਰਜਕਾਲ ਪੂਰਾ ਕਰ ਚੁਕੇ ਡਾ. ਜਗਤਰਾਮ ਨੇ ਪੱਤਰਕਾਰਾਂ ਸਾਹਮਣੇ ਅਪਣੀਆਂ ਉਪਲਬਧੀਆਂ ਗਿਣਵਾਈਆਂ, ਜਿਸ ਵਿਚ ਅੰਗ ਦਾਨ ਵਿਚ ਹੋਏ ਇਜ਼ਾਫ਼ੇ ਨੂੰ ਵੱਡੀ ਉਪਲਬਦੀ ਦਸਿਆ। ਇਸ ਤੋਂ ਇਲਾਵਾ ਪੀ.ਜੀ.ਆਈ. ਵਿਚ ਪਹਿਲੀ ਵਾਰ ਲੰਗ ਅਤੇ ਕਿਡਨੀ ਦਾ ਇਕੋਂ ਸਮੇਂ ਕੀਤਾ ਗਿਆ ਟਰਾਂਸਪਲਾਂਟ ਅਤੇ ਲਿਵਰ ਦੇ ਮਰੀਜ਼ਾਂ ਦੇ ਇਲਾਜ ਲਈ ਕੀਤੀ ਗਈ ਨਵੀਂ ਖੋਜ ਨੂੰ ਵੀ ਉਪਲਬਧੀ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ।