
ਚੰਡੀਗੜ੍ਹ, 23 ਜਨਵਰੀ (ਤਰੁਣ ਭਜਨੀ): ਸੈਕਟਰ-27ਡੀ ਦੇ ਮਕਾਨ ਨੰਬਰ 3347 ਦੀ ਪਹਿਲੀ ਮੰਜ਼ਲ 'ਤੇ ਮੰਗਲਵਾਰ ਸਵੇਰੇ ਅੱਗ ਲੱਗ ਗਈ। ਦਸਿਆ ਜਾ ਰਿਹਾ ਹੈ ਕਿ ਅੱਗ ਏ.ਸੀ. ਦਾ ਕੰਪਰੈਸਰ ਫੱਟਣ ਕਾਰਨ ਲੱਗੀ। ਹਾਦਸੇ ਵਿਚ ਘਰ 'ਚ ਮੌਜੂਦ 40 ਸਾਲ ਅਵਿਨਾਸ਼ ਕੁਮਾਰ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਅੱਗ ਲੱਗਣ ਨਾਲ ਧੂਆਂ ਦੂਜੀ ਮੰਜ਼ਲ 'ਤੇ ਵੀ ਪਹੁੰਚ ਗਿਆ। ਜਿਸ ਨਾਲ ਉਥੇ ਰਹਿ ਰਹੀ ਇਕ 80 ਸਾਲਾ ਬਜ਼ੁਰਗ ਔਰਤ ਪ੍ਰਕਾਸ਼ ਰਾਣੀ ਦਾ ਸਾਹ ਲੈਣਾ ਔਖਾ ਹੋ ਗਿਆ। ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਤੁਰਤ ਬਜ਼ੁਰਗ ਔਰਤ ਨੂੰ ਉਥੋਂ ਕਢਿਆ ਅਤੇ ਉਸ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ।
ਜਾਣਕਾਰੀ ਅਨੁਸਾਰ ਅਵਿਨਾਸ਼ ਕੁਮਾਰ ਅਪਣੇ ਪਰਵਾਰ ਨਾਲ ਉਕਤ ਮਕਾਨ ਵਿਚ ਕਿਰਾਏ 'ਤੇ ਰਹਿੰਦਾ ਹੈ। ਮੰਗਲਵਾਰ ਸਵੇਰੇ 11.15 'ਤੇ ਮਕਾਨ ਵਿਚ ਏ.ਸੀ. ਦਾ ਕੰਪਰੈਸਰ ਫਟਣ ਨਾਲ ਅੱਗ ਲੱਗ ਗਈ। ਅੱਗ ਲੱਗਣ ਨਾਲ ਘਰ 'ਚ ਪਿਆ ਸਾਰਾ ਸਮਾਨ ਸੜ ਗਿਆ। ਇਸ ਦੌਰਾਨ ਅਵਿਨਾਸ਼ ਦੇ ਵੀ ਸੱਟ ਲੱਗੀ। ਮੌਕੇ 'ਤੇ ਪਹੁੰਚੀ ਪੀ.ਸੀ.ਆਰ. ਦੀ ਗੱਡੀ ਉਸ ਨੂੰ ਹਸਪਤਾਲ ਲੈ ਗਈ। ਮੌਕੇ 'ਤੇ ਫ਼ਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਪੁੱਜੀਆਂ ਅਤੇ ਕਾਫ਼ੀ ਮੁਸ਼ਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਫ਼ਾਇਰ ਅਧਿਕਾਰੀਆਂ ਨੇ ਦਸਿਆ ਕਿ ਹਾਲੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ। ਇਸ ਮੌਕੇ ਐਸ.ਐਚ.ਓ. ਸੈਕਟਰ 26 ਥਾਣਾ ਅਤੇ ਡੀ ਐਸ ਪੀ ਸਤੀਸ਼ ਕੁਮਾਰ ਵੀ ਮੌਜੂਦ ਸਨ।