
ਮੇਲੀਆਂ ਲਈ ਹੈਲੀਕਾਪਟਰ ਦੀ ਸਵਾਰੀ ਦਾ ਹੋਵੇਗਾ ਵਿਸ਼ੇਸ਼ ਪ੍ਰਬੰਧ
ਚੰਡੀਗੜ੍ਹ, 6 ਫ਼ਰਵਰੀ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਸੈਕਟਰ-16 ਵਿਚ 'ਗੁਲਾਬਾਂ ਦਾ ਮੇਲਾ-2018' 23 ਫ਼ਰਵਰੀ ਤੋਂ 25 ਫ਼ਰਵਰੀ ਤਕ ਲਾਉਣ ਜਾ ਰਹੀ ਹੈ। ਨਗਰ ਨਿਗਮ ਵਲੋਂ ਐਤਕੀ ਫਿਰ ਦੂਜੀ ਵਾਰ ਮੇਲਾ ਵੇਖਣ ਆਏ ਮੇਲੀਆਂ ਦੇ ਮਨੋਰੰਜਨ ਤੇ ਮੇਲੇ ਨੂੰ ਹੋਰ ਰੌਚਕ ਬਣਾਉਣ ਲਈ ਹੈਲੀਕਾਪਟਰ ਰਾਈਡ (ਸਵਾਰੀ) ਦਾ ਵਿਸ਼ੇਸ਼ ਪ੍ਰਬੰਧ ਕਰਨ ਜਾ ਰਹੀ ਹੈ। ਸੂਤਰਾਂ ਅਨੁਸਾਰ ਇਸ ਹੈਲੀਕਾਪਟਰ ਨੂੰ ਨਗਰ ਨਿਗਮ ਨੇ ਕਿਰਾਏ 'ਤੇ ਲੈਣ ਅਤੇ ਸੈਕਟਰ-17 ਦੇ ਪਰੇਡ ਗਰਾਊਂਡ ਤੋਂ ਉਡਾਣਾਂ ਭਰਨ ਲਈ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਅਜੀਤ ਬਾਲਾਜੀ ਜੋਸ਼ੀ ਕੋਲੋਂ ਇਜਾਜ਼ਤ ਮੰਗੀ ਹੈ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਵਲੋਂ ਚੰਡੀਗੜ੍ਹ ਟੂਰਿਜਮ ਵਿਭਾਗ ਨਾਲ ਮਿਲ ਕੇ ਰੋਜ ਪ੍ਰਿੰਸ, ਰੋਜ-ਪ੍ਰਿੰਸਜ਼, ਪਤੰਗਬਾਜ਼ੀ, ਫੁੱਲਾਂ ਦੇ ਪ੍ਰਾਈਵੇਟ ਤੌਰ 'ਤੇ ਮੁਕਾਬਲੇ, ਨਵ ਵਿਆਹੇ ਜੋੜਿਆਂ 'ਚ ਸੁੰਦਰਤਾ ਮੁਕਾਬਲੇ ਕਰਾਉਣ ਲਈ ਪ੍ਰਬੰਧ ਕਰਨੇ ਸ਼ੁਰੂ
ਕਰ ਦਿਤੇ ਹਨ। ਮਿਊਂਸਪਲ ਕਾਰਪੋਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਨਿਗਮ ਨੇ ਰੋਜ਼ ਫ਼ੈਸਟੀਵਲ 2018 ਲਈ 55 ਲੱਖ ਦੇ ਕਰੀਬ ਬਜਟ ਪਹਿਲਾਂ ਹੀ ਪਾਸ ਕਰ ਦਿਤਾ ਸੀ ਜਦਕਿ ਪਿਛਲੇ ਸਾਲ 48 ਲੱਖ ਦੇ ਕਰੀਬ ਬਜਟ ਰਖਿਆ ਗਿਆ ਸੀ। ਇਸ ਮੇਲੇ ਨੂੰ ਦਰਸ਼ਕਾਂ ਲਈ ਵੱਧ ਤੋਂ ਵੱਧ ਖਿੱਚ ਦਾ ਕੇਂਦਰ ਬਣਾਉਣ ਲਈ ਨਿਗਮ ਤੇ ਪ੍ਰਸ਼ਾਸਨ ਦਾ ਟੂਰਿਜਮ ਵਿਭਾਗ ਬਾਲੀਵੁਡ ਫ਼ਿਲਮਾਂ ਦੇ ਕਲਾਕਾਰ ਅਤੇ ਪੰਜਾਬ ਗਾਇਕਾਂ ਨੂੰ ਪ੍ਰੋਗਰਾਮ ਪੇਸ਼ ਕਰਨ ਲਈ ਸੱਦੇਗਾ। ਦੱਸਣਯੋਗ ਹੈ ਕਿ ਪ੍ਰਸ਼ਾਸਨ ਪ੍ਰਸ਼ਾਸਨ ਦੇ ਪਹਿਲੇ ਤੇ ਸਵਰਗੀ ਚੀਫ਼ ਕਮਿਸ਼ਨਰ ਡਾ. ਮਹਿੰਦਰ ਸਿੰਘ ਰੰਧਾਵਾ ਵਲੋਂ ਇਸ ਨੂੰ ਅਪਣੇ ਕਾਰਜ ਕਾਲ 'ਚ ਲਗਭਗ 40 ਏਕੜ ਰਕਬੇ ਵਿਚ ਤਿਆਰ ਕਰਵਾਇਆ ਗਿਆ ਸੀ। ਮਗਰੋਂ ਇਸ ਨੂੰ ਚੰਡੀਗੜ੍ਹ ਨਗਰ ਨਿਗਮ ਨੇ 1996 ਵਿਚ ਅਪਣੇ ਪ੍ਰਬੰਧਾਂ ਹੇਠ ਮੁਕੰਮਲ ਤੌਰ 'ਤੇ ਕਰ ਲਿਆ। ਇਸ ਰੋਜ਼ ਗਾਰਡਨ ਵਿਚ 730 ਦੇ ਕਰੀਬ ਖ਼ੂਬਸੂਰਤ ਗੁਲਾਬਾਂ ਦੀਆਂ ਕਿਸਮਾਂ ਹਨ।